ਜੈ ਜਵਾਨ ਕਲੋਨੀ ’ਚ ਘਰ ਦੀ ਪਹਿਲੀ ਮੰਜ਼ਿਲ ’ਤੇ ਦੋ ਰਾਊਂਡ ਕੀਤੇ ਫਾਇਰ , ਇਲਾਕੇ ’ਚ ਦਹਿਸ਼ਤ
ਪਟਿਆਲਾ: ਜੈ ਜਵਾਨ ਕਲੋਨੀ ਇਲਾਕੇ ਵਿੱਚ ਬੀਤੀ ਰਾਤ ਕਰੀਬ 9:20 ਵਜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਘਰ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੇ ਪਰਿਵਾਰ ਦੇ ਕਮਰੇ ਵਿੱਚ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਲਗਾਤਾਰ ਦੋ ਰਾਊਂਡ ਫਾਇਰਿੰਗ ਹੋਣ ਦੀ ਆਵਾਜ਼ ਸੁਣ ਕੇ ਆਸ-ਪਾਸ ਰਹਿੰਦੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।
ਘਰ ਵਿੱਚ ਰਹਿੰਦੇ ਤ੍ਰਿਲੋਚਨ ਗਿੱਲ ਨੇ ਦੱਸਿਆ ਕਿ ਉਹ ਆਪਣੇ ਬੈੱਡਰੂਮ ਵਿੱਚ ਬੈਠ ਕੇ ਖਾਣਾ ਖਾ ਰਹੇ ਸਨ। ਇਸੇ ਦੌਰਾਨ ਅਲਮਾਰੀ ਦੇ ਉੱਪਰ ਕੰਧ ਵਾਲੇ ਪਾਸੇ ਕੁਝ ਟਕਰਾਉਣ ਵਰਗੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਲਾਈਟ ਜਗਾ ਕੇ ਆਲੇ-ਦੁਆਲੇ ਦੇਖਿਆ ਤਾਂ ਬੈੱਡ ’ਤੇ ਖਾਲੀ ਰਾਊਂਡ ਮਿਲਿਆ। ਇਸ ਤੋਂ ਬਾਅਦ ਪਰਿਵਾਰ ਵਿੱਚ ਡਰ ਦਾ ਮਾਹੌਲ ਬਣ ਗਿਆ ਅਤੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।
ਸੂਚਨਾ ਮਿਲਦੇ ਹੀ ਮਾਡਲ ਟਾਊਨ ਤੋਂ ਡਿਊਟੀ ਅਫਸਰ ਸੁਰੇਸ਼ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਚੌਕੀ ਇੰਚਾਰਜ ਬਲਜੀਤ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕਰਕੇ ਜ਼ਰੂਰੀ ਸਬੂਤ ਇਕੱਠੇ ਕੀਤੇ।
ਫਿਲਹਾਲ ਪੁਲਿਸ ਵੱਲੋਂ ਫਾਇਰਿੰਗ ਦੇ ਕਾਰਨਾਂ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਤਫਤੀਸ਼ ਅੱਗੇ ਵਧਾਈ ਜਾ ਰਹੀ ਹੈ।
ਉੱਥੇ ਹੀ ਆਸ-ਪਾਸ ਦੇ ਇਲਾਕਾ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ ਛੇ ਮਹੀਨੇ ਪਹਿਲਾਂ ਇਸ ਪਰਿਵਾਰ ਦੇ ਇੱਕ ਬੱਚੇ ਦੀ ਬਡੂੰਗਰੀ ਇਲਾਕੇ ਵਿੱਚ ਕੁਝ ਲੋਕਾਂ ਨਾਲ ਕਹਾ-ਸੁਣੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਇੰਨਾ ਵਧ ਗਿਆ ਸੀ ਕਿ ਕੁਝ ਲੋਕਾਂ ਵੱਲੋਂ ਘਰ ਆ ਕੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਜਿਸ ਤੋਂ ਬਾਅਦ ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਵਾਇਆ ਸੀ।
ਫਿਲਹਾਲ ਪੁਲਿਸ ਵੱਲੋਂ ਪੁਰਾਣੀ ਰੰਜਿਸ਼ ਸਮੇਤ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।
- PTC NEWS