Thu, Jul 23, 2026
Whatsapp

UK To India ਵਾਪਸੀ ਦੇ ਇੱਛੁਕ ਨੌਜਵਾਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਹਾਲਾਤ ਬਾਰੇ ਜਾਣੂ ਕਰਵਾਇਆ

Jathedar Kuldeep Singh Gargaj UK Visit : ਨੌਜਵਾਨ ਬੀਬੀਆਂ ਅਤੇ ਮੁੰਡਿਆਂ ਨੇ ਦੱਸਿਆ ਕਿ ਭਾਰਤ ਵਿੱਚ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਯੂਕੇ ਭੇਜ ਦਿੱਤਾ, ਜਿਸ ਨਾਲ ਉਨ੍ਹਾਂ ਦੇ ਮਾਪਿਆਂ ਦੀ ਮਿਹਨਤ ਦੀ ਕਮਾਈ ਵਿਅਰਥ ਤਾਂ ਗਈ ਹੀ ਹੈ ਪਰੰਤੂ ਉਨ੍ਹਾਂ ਦਾ ਭਵਿੱਖ ਵੀ ਦਾਅ ਉੱਤੇ ਲੱਗਾ ਹੈ।

Reported by:  PTC News Desk  Edited by:  KRISHAN KUMAR SHARMA -- July 23rd 2026 07:04 PM -- Updated: July 23rd 2026 07:07 PM
UK To India ਵਾਪਸੀ ਦੇ ਇੱਛੁਕ ਨੌਜਵਾਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਹਾਲਾਤ ਬਾਰੇ ਜਾਣੂ ਕਰਵਾਇਆ

UK To India ਵਾਪਸੀ ਦੇ ਇੱਛੁਕ ਨੌਜਵਾਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਹਾਲਾਤ ਬਾਰੇ ਜਾਣੂ ਕਰਵਾਇਆ

Jathedar Kuldeep Singh Gargaj UK Visit : ਯੂਨਾਈਟਡ ਕਿੰਗਡਮ (UK) ਤੋਂ ਭਾਰਤ ਵਾਪਸ ਆਉਣ ਦੇ ਇੱਛੁਕ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਕਈ ਨੌਜਵਾਨਾਂ ਨੇ ਯੂਨਾਈਟਡ ਸਿੱਖਸ ਸੰਸਥਾ ਦੇ ਉੱਦਮ ਸਦਕਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸਾਊਥਾਲ ਵਿਖੇ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਹ ਮੁਲਾਕਾਤ ਯੂਨਾਈਟਡ ਸਿੱਖ ਸੰਸਥਾ (United Sikh Organization) ਵੱਲੋਂ ਬੀਬੀ ਨਰਪਿੰਦਰ ਕੌਰ ਬੀ.ਈ.ਐੱਮ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਪਾਰਕ ਐਵਨਿਊ ਵਿਖੇ ਕਰਵਾਈ ਗਈ, ਜਿਸ ਦੌਰਾਨ ਦੇਸ਼ ਵਾਪਸ ਪਰਤਣ ਦੇ ਇੱਛੁਕ ਨੌਜਵਾਨਾਂ ਨੇ ਆਪਣੇ ਯੂਕੇ ਵਿੱਚ ਹਾਲਾਤ ਬਾਰੇ ਸਿੰਘ ਸਾਹਿਬ ਨੂੰ  ਜਾਣੂ ਕਰਵਾਇਆ। 



ਨੌਜਵਾਨ ਬੀਬੀਆਂ ਅਤੇ ਮੁੰਡਿਆਂ ਨੇ ਦੱਸਿਆ ਕਿ ਭਾਰਤ ਵਿੱਚ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਯੂਕੇ ਭੇਜ ਦਿੱਤਾ, ਜਿਸ ਨਾਲ ਉਨ੍ਹਾਂ ਦੇ ਮਾਪਿਆਂ ਦੀ ਮਿਹਨਤ ਦੀ ਕਮਾਈ ਵਿਅਰਥ ਤਾਂ ਗਈ ਹੀ ਹੈ ਪਰੰਤੂ ਉਨ੍ਹਾਂ ਦਾ ਭਵਿੱਖ ਵੀ ਦਾਅ ਉੱਤੇ ਲੱਗਾ ਹੈ। ਨੌਜਵਾਨਾਂ ਨੇ ਦੱਸਿਆ ਕਿ ਸਹੀ ਦਸਤਾਵੇਜ਼ ਤੇ ਵੀਜ਼ਾ ਨਾ ਹੋਣ ਕਰਕੇ ਹੁਣ ਯੂਕੇ ਦੀ ਸਰਕਾਰ ਉਨ੍ਹਾਂ ਨੂੰ ਇੱਥੇ ਨਹੀਂ ਰਹਿਣ ਦੇ ਰਹੀ, ਜਿਸ ਨਾਲ ਉਨ੍ਹਾਂ ਨੂੰ ਕੰਮਕਾਜ ਵੀ ਨਹੀਂ ਮਿਲਦਾ ਤੇ ਰੁਜ਼ਗਾਰ ਨਾ ਹੋਣ ਕਰਕੇ ਉੱਥੇ ਜੀਣਾ ਬਹੁਤ ਮੁਸ਼ਕਲ ਹੋ ਗਿਆ ਹੈ। 

ਬੀਬੀ ਨਰਪਿੰਦਰ ਕੌਰ ਨੇ ਜਥੇਦਾਰ ਗੜਗੱਜ ਨੂੰ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਯੂਨਾਈਟਡ ਸਿੱਖਸ ਵੱਲੋਂ ਹਫ਼ਤੇ ਵਿੱਚ ਇੱਕ ਦਿਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ (ਪਾਰਕ ਐਵਨਿਊ) ਵਿਖੇ ਇਮੀਗ੍ਰੇਸ਼ਨ ਤੇ ਹੋਰ ਕਈ ਅਹਿਮ ਮਾਮਲਿਆਂ ਵਿੱਚ ਮਦਦ ਕਰਨ ਲਈ ਵਿਸ਼ੇਸ਼ ਕਾਊਂਟਰ ਸਥਾਪਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਊਂਟਰ ਉੱਤੇ ਅਜਿਹੇ ਬਹੁਤ ਮਾਮਲੇ ਆਉਂਦੇ ਹਨ ਜੋ ਆਪਣੇ ਆਪ ਯੂਕੇ ਤੋਂ ਭਾਰਤ ਵਾਪਸ ਜਾਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਯੂਕੇ ਅਤੇ ਭਾਰਤ ਸਰਕਾਰ ਨਾਲ ਤਾਲਮੇਲ ਕਰਕੇ ਸਰਕਾਰੀ ਖ਼ਰਚੇ ਉੱਤੇ ਵਾਪਸ ਭੇਜਿਆ ਜਾਂਦਾ ਹੈ। 


ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨੌਜਵਾਨਾਂ ਵੱਲੋਂ ਸੁਣਾਈਆਂ ਸਮੱਸਿਆਵਾਂ ਨੂੰ ਗੌਰ ਨਾਲ ਸੁਣਿਆ ਅਤੇ ਬੀਬੀ ਨਰਪਿੰਦਰ ਕੌਰ ਤੇ ਯੂਨਾਈਟਡ ਸਿੱਖਸ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ (ਪਾਰਕ ਐਵਨਿਊ) ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਨ੍ਹਾਂ ਯਤਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨੌਜਵਾਨਾਂ ਨੂੰ ਸਨੇਹਾ ਦਿੱਤਾ ਕਿ ਉਹ ਜਦੋਂ ਵੀ ਵਿਦੇਸ਼ ਜਾਣ ਤਾਂ ਬਹੁਤ ਹੀ ਸਿਆਣਪ ਵਰਤਣ ਅਤੇ ਇਹ ਚੰਗੀ ਤਰ੍ਹਾਂ ਘੋਖਣ ਕਿ ਕਿਤੇ ਏਜੰਟ ਉਨ੍ਹਾਂ ਨਾਲ ਧੋਖਾ ਤਾਂ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਤੇ ਨੌਜਵਾਨ ਲੱਖਾਂ ਰੁਪਏ ਖਰਚ ਕੇ ਵੀ ਵਿਦੇਸ਼ਾਂ ਵਿੱਚ ਬਹੁਤ ਕਸ਼ਟ ਵਾਲੀ ਜ਼ਿੰਦਗੀ ਬਤੀਤ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਆਪਣਾ ਹੌਂਸਲਾ ਕਾਇਮ ਰੱਖਣ ਤੇ ਗੁਰਬਾਣੀ ਨਾਲ ਜੁੜ ਕੇ ਚੜ੍ਹਦੀ ਕਲਾ ਵਿੱਚ ਰਹਿਣ ਨੂੰ ਕਿਹਾ। 

ਇਹ ਵੀ ਪੜ੍ਹੋ... ਔਰਤਾਂ ਨੂੰ ਹੁਣ ਨਹੀਂ ਮਿਲਣਗੇ 3000-4500 ਰੁਪਏ ?

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨੌਜਵਾਨਾਂ ਨੂੰ ਆਖਿਆ ਕਿ ਉਹ ਕਦੇ ਵੀ ਪੰਜਾਬ ਜਾਂ ਦੇਸ਼ ਅੰਦਰ ਮੌਜੂਦ ਆਪਣੀ ਜ਼ਮੀਨ ਨਾ ਵੇਚਣ ਬਲਕਿ ਵਾਪਸ ਪਰਤ ਕੇ ਹੋਰ ਵੀ ਮਿਹਨਤ ਕਰਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ। ਉਨ੍ਹਾਂ ਸਰਕਾਰਾਂ ਨੂੰ ਵੀ ਨੌਜਵਾਨਾਂ ਲਈ ਦੇਸ਼ ਅੰਦਰ ਹੀ ਰੁਜ਼ਗਾਰ ਦੇ ਸਾਰਥਕ ਸਾਧਨ ਤੇ ਮੌਕੇ ਮੁਹੱਈਆ ਕਰਵਾਉਣ ਦੀ ਗੱਲ ਵੀ ਆਖੀ।


ਬੈਠਕ ਉਪਰੰਤ ਗੁਰਦੁਆਰਾ ਪ੍ਰਬੰਧਕਾਂ ਤੇ ਯੂਨਾਈਟਡ ਸਿੱਖਸ ਦੇ ਨੁਮਾਇੰਦਿਆਂ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਨਮਾਨ ਵੀ ਕੀਤਾ ਗਿਆ। 

ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ, ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਸ. ਸ਼ਰਨਬੀਰ ਸਿੰਘ ਸੰਘਾ, ਨਿੱਜੀ ਸਹਾਇਕ ਗਿਆਨੀ ਬਲਦੇਵ ਸਿੰਘ, ਮੀਡੀਆ ਸਲਾਹਕਾਰ ਜਸਕਰਨ ਸਿੰਘ, ਬਲਜੀਤ ਸਿੰਘ ਮੱਲ੍ਹੀ, ਪਰਮਜੀਤ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ... 56 ਲੱਖ ਕਿਸਾਨਾਂ ਲਈ ਵੱਡੀ ਰਾਹਤ, ₹2 ਲੱਖ ਤੱਕ ਦੇ ਕਰਜ਼ੇ ਕੀਤੇ ਜਾਣਗੇ ਮੁਆਫ਼ ; ਪਹਿਲੀ ਸੂਚੀ ਜਾਰੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK