Sun, Jan 29, 2023
Whatsapp

ਦਿੱਲੀ MCD ਚੋਣਾਂ 'ਚ ਭਾਜਪਾ ਤੋਂ ਕਿਉਂ ਟੁੱਟੇ ਸਿੱਖ? ਭਾਜਪਾ ਲਈ ਵੱਡਾ ਸੰਕੇਤ

Written by  Jasmeet Singh -- December 09th 2022 06:23 PM -- Updated: December 09th 2022 07:48 PM
ਦਿੱਲੀ MCD ਚੋਣਾਂ 'ਚ ਭਾਜਪਾ ਤੋਂ ਕਿਉਂ ਟੁੱਟੇ ਸਿੱਖ? ਭਾਜਪਾ ਲਈ ਵੱਡਾ ਸੰਕੇਤ

ਦਿੱਲੀ MCD ਚੋਣਾਂ 'ਚ ਭਾਜਪਾ ਤੋਂ ਕਿਉਂ ਟੁੱਟੇ ਸਿੱਖ? ਭਾਜਪਾ ਲਈ ਵੱਡਾ ਸੰਕੇਤ

ਸੰਪਾਦਕ ਹਰਪ੍ਰੀਤ ਸਿੰਘ ਸਾਹਨੀ ਦੀ ਕਲਮ ਤੋਂ... 

ਦਿੱਲੀ ਕਾਰਪੋਰੇਸ਼ਨ ਚੋਣਾਂ 'ਚ 15 ਸਾਲਾਂ ਬਾਅਦ ਭਾਜਪਾ ਦੀ ਹੋਈ ਕਰਾਰੀ ਹਾਰ ਦੇ ਕਈ ਕਾਰਨ ਹੋ ਸਕਦੇ ਨੇ। ਪਿੱਛਲੇ ਕੁਝ ਸਾਲਾਂ ਤੋਂ ਜੇ ਗੱਲ ਦਿੱਲੀ ਦੇ ਸਿੱਖ ਭਾਈਚਾਰੇ ਦੀ ਕਰੀਏ ਤਾਂ ਘੱਟੋ-ਘੱਟ ਕਾਰਪੋਰੇਸ਼ਨ ਚੋਣਾਂ 'ਚ ਉਹ ਭਾਜਪਾ ਦੇ ਹੱਕ ਵਿੱਚ ਭੁਗਤਦੇ ਰਹੇ ਹਨ, ਪਰ ਇਸ ਵਾਰ ਦੇ ਚੋਣ ਨਤੀਜਿਆਂ ਨੇ ਇਕ ਗੱਲ ਜ਼ਰੂਰ ਸਾਫ਼ ਕਰ ਦਿੱਤੀ ਹੈ ਕਿ ਦਿੱਲੀ ਦੇ ਸਿੱਖ ਭਾਜਪਾ ਤੋਂ ਦੂਰ ਹੁੰਦੇ ਜਾ ਰਹੇ ਹਨ। ਦਿੱਲੀ ਦੇ ਸਿੱਖਾਂ ਦੀ ਬਹੁ ਗਿਣਤੀ ਵਾਲੇ ਇਲਾਕੇ ਦੇਵ ਨਗਰ, ਪੱਛਮੀਂ ਪਟੇਲ ਨਗਰ, ਪੂਰਬੀ ਪਟੇਲ ਨਗਰ, ਮੋਤੀ ਨਗਰ, ਰਮੇਸ਼ ਨਗਰ, ਪੰਜਾਬੀ ਬਾਗ, ਵਿਸ਼ਨੂੰ ਗਾਰਡਨ, ਚੋਖੰਡੀ, ਸੁਭਾਸ਼ ਨਗਰ, ਖਿਆਲਾ, ਹਰੀ ਨਗਰ, ਫਤਿਹ ਨਗਰ, ਤਿਲਕ ਨਗਰ, ਵਿਕਾਸ ਪੁਰੀ, ਜਨਕਪੁਰੀ, ਕਰਨ ਪੁਰਾ, ਰਣਜੀਤ ਨਗਰ, ਬਲਜੀਤ ਨਗਰ ਆਦਿ ਤੋਂ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਨੇ ਸਿੱਖ ਇਲਾਕਿਆਂ ਵਿੱਚ ਹਾਲਾਂਕਿ ਸਿੱਖ ਉਮੀਦਵਾਰ ਵੀ ਉਤਾਰੇ ਪਰ ਸਿਰਫ਼ ਦੋ ਸਿੱਖ ਉਮੀਦਵਾਰਾਂ ਨੂੰ ਛੱਡਕੇ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ। ਇਹਨਾਂ ਚੋਣਾਂ ਵਿੱਚ ਲਗਭਗ 27 ਲੱਖ 75 ਹਜ਼ਾਰ ਵੋਟ ਭਾਜਪਾ ਨੂੰ ਪਈ ਤੇ ਲਗਭਗ 30 ਲੱਖ 17 ਹਜ਼ਾਰ ਵੋਟ 'ਆਪ' ਨੂੰ ਪਈ ਹੈ। ਜਿੱਤ ਦਾ ਫਰਕ ਲਗਭਗ 2 ਲੱਖ 42 ਹਜ਼ਾਰ ਵੋਟਾਂ ਦਾ ਰਿਹਾ ਤੇ ਜੇਕਰ ਪਹਿਲਾਂ ਜਿੰਨੀ ਸਿੱਖ ਵੋਟ ਭਾਜਪਾ ਨੂੰ ਪੈ ਜਾਂਦੀ ਤਾਂ ਨਤੀਜੇ ਕੁਝ ਹੋਰ ਹੀ ਹੋਣੇ ਸਨ।

ਜੇਕਰ ਸਿੱਖਾਂ ਦਾ ਭਾਜਪਾ ਵੱਲੋਂ ਮੋਹ ਭੰਗ ਹੋਣ ਦਾ ਕਾਰਨ ਸਮਝੀਏ ਤਾਂ ਇਸ 'ਚ ਸਭ ਤੋਂ ਵੱਡਾ ਕਾਰਨ ਭਾਜਪਾ ਤੇ ਅਕਾਲੀ ਦਲ ਦੇ ਗਠਜੋੜ ਦਾ ਟੁੱਟਣਾ ਨਜ਼ਰ ਆਉਂਦਾ ਹੈ। ਪਿੱਛਲੇ ਲੰਮੇ ਸਮੇਂ ਤੋਂ ਦਿੱਲੀ ਕਾਰਪੋਰੇਸ਼ਨ ਚੋਣਾਂ 'ਚ ਪੰਜਾਬੀ ਤੇ ਸਿੱਖ ਇਲਾਕਿਆਂ 'ਚ ਪ੍ਰਚਾਰ ਦੀ ਕਮਾਨ ਅਕਾਲੀ ਆਗੂਆਂ ਨੂੰ ਸੌਂਪੀ ਜਾਂਦੀ ਸੀ ਤੇ ਜ਼ਿਆਦਾਤਰ ਸਿੱਖ ਇਲਾਕਿਆਂ 'ਚ ਉਮੀਦਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੁੰਦੇ ਸਨ। ਦੂਜਾ ਵੱਡਾ ਕਾਰਨ ਡੀਐਸਜੀਐਮਸੀ ਦੇ ਆਗੂਆਂ ਵੱਲੋਂ ਖੁੱਲ੍ਹਕੇ ਚੋਣ ਮੈਦਾਨ ਵਿੱਚ ਆਉਣਾ ਵੀ ਮੰਨਿਆ ਜਾ ਰਿਹਾ ਹੈ। ਆਮ ਤੌਰ ‘ਤੇ ਸਿੱਖ ਹਲਕਿਆਂ 'ਚ ਇਹ ਚਰਚਾ ਹੈ ਕਿ ਡੀਐਸਜੀਐਮਸੀ ‘ਤੇ ਭਾਜਪਾ ਦਾ ਕਬਜ਼ਾ ਹੈ ਤੇ ਦਿੱਲੀ ਕਮੇਟੀ ਅਸਿੱਧੇ ਤਰੀਕੇ ਨਾਲ ਭਾਜਪਾ ਚਲਾ ਰਹੀ ਹੈ। ਇਸਦਾ ਪ੍ਰਮਾਣ ਕਾਰਪੋਰੇਸ਼ਨ ਚੋਣਾਂ 'ਚ ਖੁੱਲ੍ਹਕੇ ਦਿਖਾਈ ਦਿੱਤਾ। ਜਿਸਦਾ ਅਸਰ ਸਕਾਰਾਤਮਕ ਅਸਰ ਹੋਣ ਦੀ ਬਜਾਏ ਨਾਕਰਾਤਮਕ ਦਿਖਾਈ ਦਿੱਤਾ। ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਮੁੱਦੇ ‘ਤੇ ਵੀ ਦਿੱਲੀ ਦੇ ਸਿੱਖਾਂ ਦਾ ਰੋਸ ਇਨ੍ਹਾਂ ਚੋਣਾ 'ਚ ਨਜ਼ਰ ਆਇਆ ਤੇ ਦਿੱਲੀ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ 'ਚ ਭਾਜਪਾ ਦਾ ਸੁਪੜਾ ਸਾਫ਼ ਹੋ ਗਿਆ। ਦਿੱਲੀ ਦੀ ਸਿੱਖ ਸੰਗਤ ਨੇ ਹਾਲ ਹੀ 'ਚ ਹੋਈ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ 'ਚ ਭਾਜਪਾ ਦੀ ਸਿੱਧੀ ਦਖਲਅੰਦਾਜ਼ੀ ਨੂੰ ਵੀ ਧਿਆਨ 'ਚ ਰੱਖਦਿਆਂ ਵੋਟ ਪਾਈ ਲੱਗਦੀ ਹੈ, ਜੋ ਇੱਕ ਵੱਡਾ ਇਸ਼ਾਰਾ ਹੈ ਭਾਜਪਾ ਦੀ ਲਿਡਰਸ਼ਿਪ ਲਈ। ਬੰਦੀ ਸਿੱਖਾਂ ਦਾ ਵੀ ਮੁੱਦਾ ਕਿਤੇ ਨਾ ਕਿਤੇ ਸਿਖਾਂ ਦੇ ਮਨ 'ਚ ਹੈ ਕਿਉਂਕਿ ਕੇਂਦਰ ਦੀ ਸਰਕਾਰ ਬੰਦੀ ਕੈਦੀਆਂ ਨੂੰ ਛੱਡਣ ਦਾ ਵਾਅਦਾ ਕਰਕੇ ਮੁੱਕਰ ਗਈ ਜਿਸਦਾ ਗੁੱਸਾ ਸਿੱਖ ਹਲਕਿਆਂ ਵਿਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ।


ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਮੁਤਾਬਿਕ ਭਾਜਪਾ ਦੀ ਬੇੜੀ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਕਾਲਕਾ ਨੇ ਡੋਬੀ ਹੈ ਕਿਉਂਕਿ ਸਿੱਖ ਹਲਕਿਆਂ 'ਚ ਇਹਨਾਂ ਦੋਵੇਂ ਆਗੂਆਂ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ। ਜੀ.ਕੇ. ਨੇ ਤੱਥ ਪੇਸ਼ ਕਰਦਿਆਂ ਦੱਸਿਆ ਕੀ ਭਾਜਪਾ ਦੇ ਉਹ ਦੋ ਸਿੱਖ ਉਮੀਦਵਾਰ ਜਿੱਤੇ ਨੇ ਜਿਨ੍ਹਾਂ ਦਾ ਪ੍ਰਚਾਰ ਕਰਨ ਲਈ ਮਨਜਿੰਦਰ ਸਿਰਸਾ ਨਹੀਂ ਗਿਆ। ਕਿਸਾਨੀ ਅੰਦੋਲਨ ਦੌਰਾਨ ਸਿੱਖ ਹਲਕਿਆਂ 'ਚ ਆਪਣੀ ਚੰਗੀ ਪਹਿਚਾਣ ਬਣਾਉਣ ਵਾਲੇ ਮਨਜਿੰਦਰ ਸਿਰਸਾ ਜਦੋਂ ਭਾਜਪਾ 'ਚ ਸ਼ਾਮਿਲ ਹੋ ਗਏ ਤਾਂ ਇਸਦਾ ਸਖ਼ਤ ਇਤਰਾਜ਼ ਦੇਖਣ ਨੂੰ ਮਿਲਿਆ ਸੀ ਤੇ ਸ਼ਾਇਦ ਉਸੇ ਦਾ ਹੀ ਖਮਿਆਜ਼ਾ ਹੁਣ ਭਾਜਪਾ ਨੂੰ ਭੁਗਤਣਾ ਪਿਆ।

 ਸੋ ਪੰਜਾਬ 'ਚ ਸਰਕਾਰ ਬਣਾਉਣ ਬਾਰੇ ਸੋਚਣ ਵਾਲੀ ਭਾਜਪਾ ਸਿੱਖ ਮਸਲਿਆਂ 'ਚ ਸਿੱਧੀ ਦਖਲਅੰਦਾਜ਼ੀ ਕਰਕੇ ਸਿੱਖਾਂ ਨੂੰ ਲਗਾਤਾਰ ਆਪਣੇ ਤੋਂ ਦੂਰ ਕਰ ਰਹੀ ਹੈ, ਕੁਲ ਮਿਲਾ ਕੇ ਭਾਜਪਾ ਨੂੰ ਸਿੱਖਾਂ ਦੀ ਨਰਾਜ਼ਗੀ ਸੰਬੰਧੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

- PTC NEWS

adv-img

Top News view more...

Latest News view more...