ਨਾ ਪੀਣ ਨੂੰ ਪਾਣੀ ਨਾ ਕੋਈ ਸਫ਼ਾਈ; ਮੋਗਾ ਦੇ ਸਰਕਾਰੀ ਹਸਪਤਾਲ ਦੀ ਹਾਲਤ ਤਰਸਯੋਗ
ਮੋਗਾ: ਜਿੱਥੇ ਇੱਕ ਪਾਸੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ ਉੱਥੇ ਜੇ ਗੱਲ ਕਰੀਏ ਮੋਗਾ ਦੇ ਸਰਕਾਰੀ ਹਸਪਤਾਲ ਦੀਆਂ ਤਾਂ ਉੱਥੇ ਸਫਾਈ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਅਤੇ ਨਾ ਹੀ ਪੀਣ ਨੂੰ ਪਾਣੀ ਹੈ ਕਿਉਂਕਿ ਹਸਪਤਾਲ ਪ੍ਰਸ਼ਾਸਨ ਦਾ ਪਾਈਪਾਂ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਹੈ।
ਉਥੇ ਹੀ ਜੇ ਗੱਲ ਕਰੀਏ ਲੈਬਾਰਟਰੀ ਦੀ ਤਾਂ ਉੱਥੇ ਵੀ ਪਾਣੀ ਭਰਿਆ ਹੋਇਆ ਹੈ ਅਤੇ ਉੱਥੇ ਹੀ ਮੁਲਾਜ਼ਮ ਕੰਮ ਕਰ ਰਹੇ ਹਨ। ਜਿੱਥੇ ਪੰਜਾਬ ਸਰਕਾਰ ਪਾਣੀ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਫਿਰ ਆਪਣੇ ਹੀ ਹਸਪਤਾਲ 'ਚ ਪਾਣੀ ਦੀ ਦੁਰਵਰਤੋਂ ਨੂੰ ਅਣਗੌਲਿਆਂ ਕਿਉਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Election 2022 : ਸੰਭਾਵੀ ਮੁੱਖ ਮੰਤਰੀ ਲਈ 10 ਕਿਲੋ ਦਾ ਲੱਡੂ ਕੀਤਾ ਤਿਆਰ
ਦੱਸ ਦੇਈਏ ਕਿ ਹਸਪਤਾਲ ਪ੍ਰਬੰਧਕਾਂ ਵੱਲੋਂ ਖਰਾਬ ਹੋਈ ਵਾਟਰ ਸਪਲਾਈ ਪਾਈਪ ਦੀ ਮੁਰੰਮਤ ਕਰਵਾਉਣ ਦੀ ਖੇਚਲ ਨਹੀਂ ਕੀਤੀ ਜਾ ਰਹੀ। ਹਰ ਰੋਜ਼ ਸੱਤ ਸੋ ਤੋਂ ਅੱਠ ਸੌ ਲੋਕ ਇਸ ਹਸਪਤਾਲ ਵਿੱਚ ਓਪੀਡੀ ਵਿੱਚ ਵੱਖ-ਵੱਖ ਡਾਕਟਰਾਂ ਤੋਂ ਇਲਾਜ ਕਰਵਾਉਣ ਲਈ ਆਉਂਦੇ ਹਨ। ਪਿਛਲੇ ਦਿਨੀਂ ਗਾਇਨੀ ਵਾਰਡ ਸਮੇਤ ਹੋਰਨਾਂ ਬਲਾਕਾਂ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਮਰੀਜ਼ਾਂ ਨੂੰ ਜੂਝਣਾ ਪਿਆ ਸੀ ਪਰ ਹੁਣ ਪਾਣੀ ਦੀ ਭਾਰੀ ਬਰਬਾਦੀ ਵੀ ਹੋ ਰਹੀ ਹੈ।
ਇਸ ਨੂੰ ਰੋਕਣ ਲਈ ਹਸਪਤਾਲ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਅਸਫਲ ਸਾਬਿਤ ਹੁੰਦੇ ਨਜਰ ਆ ਰਹੇ ਹਨ। ਜਿੱਥੇ ਲੋਕਾਂ ਨੂੰ ਪਿਆਸ ਬੁਝਾਉਣ ਲਈ ਬੋਤਲ ਬੰਦ ਪਾਣੀ ਖਰੀਦ ਕੇ ਪੀਣਾ ਪੈ ਰਿਹਾ, ਹਸਪਤਾਲ ਦੀ ਚਾਰਦੀਵਾਰੀ ਵਿੱਚ ਵਾਟਰ ਸਪਲਾਈ ਦੀ ਪਾਈਪ ਫਟਣ ਕਾਰਨ ਪਿਛਲੇ ਵੀਹ ਦਿਨਾਂ ਤੋਂ ਪੀਣ ਵਾਲਾ ਸਾਫ਼ ਪਾਣੀ ਸੜਕ ਅਤੇ ਸੀਵੇਰੇਜ ਵਿੱਚ ਵਹਿ ਰਿਹਾ ਹੈ।
ਗੱਲ ਬਾਤ ਕਰਦਿਆਂ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਹਸਪਤਾਲ ਦੀਆਂ ਵਾਟਰ ਸਪਲਾਈ ਦੀਆਂ ਪਾਈਪਾਂ ਬਹੁਤ ਪੁਰਾਣੀਆਂ ਹਨ, ਜਿਸ ਕਾਰਨ ਲੀਕੇਜ ਦੀ ਸਮੱਸਿਆ ਬਣੀ ਹੋਈ ਹੈ। ਇਸ ਸਬੰਧੀ ਸਬੰਧਤ ਠੇਕੇਦਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਲਦੀ ਹੀ ਪਾਈਪ ਦੀ ਮੁਰੰਮਤ ਕਰਵਾ ਕੇ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾਵੇਗਾ। ਪਾਈਪ 'ਚ ਲੀਕੇਜ ਹੋਣ ਕਾਰਨ ਸੜਕ 'ਤੇ ਖੜ੍ਹ ਰਿਹਾ ਪਾਣੀ ਅਤੇ ਸਫਾਈ ਵਿਵਸਥਾ ਦਾ ਵੀ ਹੱਲ ਕੀਤਾ ਜਾਵੇਗਾ।
ਹਸਪਤਾਲ ਵਿਚ ਇਲਾਜ ਲਈ ਆਏ ਲੋਕਾਂ ਦਾ ਕਹਿਣਾ ਹੈ ਕਿ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਆਪਣੀ ਪਿਆਸ ਬੁਝਾਉਣ ਲਈ ਕੰਟੀਨ ਵਿਚੋਂ ਬੋਤਲਬੰਦ ਪਾਣੀ ਖਰੀਦ ਰਹੇ ਹਨ, ਜਦਕਿ ਸੜਕ 'ਤੇ ਪਾਣੀ ਦੀ ਬਰਬਾਦੀ ਹੋ ਰਹੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਹਸਪਤਾਲ ਪ੍ਰਸ਼ਾਸਨ ਜਾਂ ਸਬੰਧਤ ਸਰਕਾਰੀ ਵਿਭਾਗ ਪਾਣੀ ਦੀ ਬਰਬਾਦੀ ਨੂੰ ਨਹੀਂ ਰੋਕ ਸਕਦਾ ਤਾਂ ਪਾਣੀ ਦੀ ਸੰਭਾਲ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਹਨ। ਇਹ ਸਮੱਸਿਆ ਕਿਸੇ ਗੰਭੀਰ ਹਾਦਸੇ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਅੰਦਰ ਪਾਣੀ ਲੀਕੇਜ ਇਹ ਨਹੀਂ ਦੱਸੇਗਾ ਕਿ ਜ਼ਮੀਨ ਅੰਦਰੋਂ ਕਿੰਨੀ ਖੋਖਲੀ ਹੋ ਗਈ ਹੈ।
ਇਹ ਵੀ ਪੜ੍ਹੋ: ਵੋਟਾਂ ਦੀ ਗਿਣਤੀ ਤੋਂ ਬਾਅਦ ਜਿੱਤ ਦੇ ਜਲੂਸਾਂ 'ਤੇ ਲੱਗੀ ਪਾਬੰਦੀ
ਜਿੱਥੇ ਹਸਪਤਾਲ ਦੇ ਪਖਾਨਿਆਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਉੱਥੇ ਹੀ ਐਮਰਜੈਂਸੀ ਵਿਭਾਗ ਦੇ ਕਈ ਕਮਰਿਆਂ ਦੀਆਂ ਲਾਈਟਾਂ ਦੀ ਫਿਟਿੰਗ ਵੀ ਠੀਕ ਨਹੀਂ ਹੈ, ਇਸ ਤੋਂ ਇਲਾਵਾ ਕੰਮ ਕਰ ਰਹੇ ਠੇਕੇਦਾਰ ਦੀ ਅਣਗਹਿਲੀ ਕਾਰਨ ਹਸਪਤਾਲ 'ਚ ਹੋਰ ਵੀ ਕਈ ਸਮੱਸਿਆਵਾਂ ਵਿਕਸਤ ਹੋ ਰਹੀਆਂ ਹਨ।
- ਰਿਪੋਰਟਰ ਸਰਬਜੀਤ ਰੌਲੀ ਦੇ ਸਹਿਯੋਗ ਨਾਲ
-PTC News