PM ਮੋਦੀ ਦਾ 3 ਦਿਨਾਂ ਵਿਦੇਸ਼ੀ ਦੌਰਾ: ਮੋਦੀ ਪਹੁੰਚੇ ਜਰਮਨੀ ਦੀ ਰਾਜਧਾਨੀ ਬਰਲਿਨ
ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚ ਗਏ ਹਨ। ਥੋੜ੍ਹੀ ਦੇਰ ਬਾਅਦ, ਉਹ 6ਵੇਂ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ (IGC) ਲਈ ਜਰਮਨ ਚਾਂਸਲਰ ਓਲਾਫ ਸਕੋਲਜ਼ ਨਾਲ ਸ਼ਾਮਿਲ ਹੋਣਗੇ। ਫਿਰ ਸ਼ਾਮ ਨੂੰ ਉਹ ਬਰਲਿਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ।
ਇਸ ਤੋਂ ਬਾਅਦ ਉਹ 3 ਮਈ ਨੂੰ ਇੰਡੋ-ਨੋਰਡਿਕ ਸੰਮੇਲਨ 'ਚ ਹਿੱਸਾ ਲੈਣਗੇ, ਫਿਰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ 'ਚ ਭਾਰਤੀਆਂ ਨੂੰ ਸੰਬੋਧਨ ਵੀ ਕਰਨਗੇ। ਅੰਤ ਵਿੱਚ ਪੀਐਮ ਮੋਦੀ ਪੈਰਿਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕਰਨਗੇ। ਇਸ ਸਾਲ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। 2 ਤੋਂ 4 ਮਈ ਤੱਕ ਆਪਣੇ ਦੌਰੇ ਵਿੱਚ ਉਹ ਤਿੰਨ ਯੂਰਪੀ ਦੇਸ਼ ਜਰਮਨੀ, ਡੈਨਮਾਰਕ ਅਤੇ ਫਰਾਂਸ ਦਾ ਦੌਰਾ ਕਰਨਗੇ।
ਪੀਐਮਓ ਤੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਪ੍ਰਧਾਨ ਮੰਤਰੀ ਦੀ ਇਸ ਫੇਰੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ-ਜਰਮਨੀ ਦੇ ਕੂਟਨੀਤਕ ਸਬੰਧਾਂ ਨੂੰ 2021 ਵਿੱਚ 70 ਸਾਲ ਪੂਰੇ ਹੋਏ ਹਨ ਅਤੇ ਅਸੀਂ ਸਾਲ 2000 ਤੋਂ ਇੱਕ ਰਣਨੀਤਕ ਭਾਈਵਾਲ ਵੀ ਹਾਂ। ਮੈਂ ਚਾਂਸਲਰ ਸਕੋਲਜ਼ ਨਾਲ ਰਣਨੀਤਕ, ਖੇਤਰੀ ਅਤੇ ਗਲੋਬਲ ਵਿਕਾਸ ਬਾਰੇ ਚਰਚਾ ਕਰਾਂਗਾ।
ਜਰਮਨ ਚਾਂਸਲਰ ਅਤੇ ਮੈਂ ਸਾਡੇ ਉਦਯੋਗ ਸਹਿਯੋਗ ਲਈ ਇੱਕ ਵਪਾਰਕ ਗੋਲਮੇਜ਼ ਮੀਟਿੰਗ ਨੂੰ ਵੀ ਸੰਬੋਧਨ ਕਰਾਂਗੇ।