ਮੋਹਾਲੀ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਹੁਣ ਤੱਕ 14 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ

By Shanker Badra - April 21, 2020 8:04 pm

ਮੋਹਾਲੀ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਹੁਣ ਤੱਕ 14 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ:ਮੋਹਾਲੀ : ਪੰਜਾਬ ‘ਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਓਥੇ ਹੀ ਕੋਰੋਨਾ ਖੌਫ਼ ਵਿਚਾਲੇ ਅੱਜ ਮੋਹਾਲੀ ਤੋਂ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਮੋਹਾਲੀ 'ਚ ਜਿਸ ਤੇਜ਼ੀ ਨਾਲ 'ਕੋਰੋਨਾ ਵਾਇਰਸ' ਦੀ ਲਾਗ ਦੇ ਕੇਸ ਵਧੇ ਸਨ, ਉਸੇ ਤੇਜ਼ੀ ਨਾਲ ਮਰੀਜ਼ ਠੀਕ ਵੀ ਹੋ ਰਹੇ ਹਨ।

ਜਾਣਕਾਰੀ ਅਨੁਸਾਰ ਇਸ ਮਹਾਂਮਾਰੀ ਤੋਂ 6 ਹੋਰ ਮਰੀਜ਼ ਮੰਗਲਵਾਰ ਨੂੰ ਬਿਲਕੁਲ ਠੀਕ ਹੋ ਗਏ ਹਨ ,ਜਿਸ ਨਾਲ ਜ਼ਿਲ੍ਹੇ 'ਚ ਹੁਣ ਤੱਕ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ। ਇਸ ਦੌਰਾਨ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਨੇ ਦਸਿਆ ਕਿ ਠੀਕ ਹੋਣ ਵਾਲੇ 6 ਮਰੀਜ਼ਾਂ 'ਚੋਂ ਪੰਜ ਮਰੀਜ਼ ਪਿੰਡ ਜਵਾਹਰ ਪੁਰ ਨਾਲ ਸਬੰਧਿਤ ਹਨ,ਜਿੱਥੇ ਜ਼ਿਲ੍ਹੇ 'ਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ।

ਉਨ੍ਹਾਂ ਦੱਸਿਆ ਕਿ ਠੀਕ ਹੋਣ ਵਾਲੇ ਮਰੀਜ਼ਾਂ 'ਚ ਕਮਲਜੀਤ ਕੌਰ (ਉਮਰ 39 ਸਾਲ), ਹਰਵਿੰਦਰ ਸਿੰਘ (43), ਬਲਵਿੰਦਰ ਕੌਰ (61), ਗੁਰਵਿੰਦਰ ਸਿੰਘ (42) ਅਰਸ਼ਦੀਪ ਸਿੰਘ (12) ਅਤੇ ਅਬਦੁਲ ਰਜ਼ਾਕ (42) ਸ਼ਾਮਲ ਹਨ, ਜਿਨਾਂ 'ਚੋਂ ਪਹਿਲੇ ਪੰਜ ਮਰੀਜ਼ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ, ਜਦੋਂ ਕਿ ਅਬਦੁਲ ਰਜ਼ਾਕ ਪਿੰਡ ਮੌਲੀ ਬੈਦਵਾਨ ਨਾਲ ਸਬੰਧਤ ਹੈ।

ਡਾ. ਰੇਨੂੰ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰੇ ਮਰੀਜ਼ਾਂ ਦਾ ਗਿਆਨ ਸਾਗਰ ਹਸਪਤਾਲ, ਬਨੂੜ ਵਿਖੇ ਇਲਾਜ ਚੱਲ ਰਿਹਾ ਸੀ ਅਤੇ ਫ਼ਿਲਹਾਲ ਇਨ੍ਹਾਂ ਨੂੰ ਘਰ ਨਹੀਂ ਭੇਜਿਆ ਜਾਵੇਗਾ। ਇਨ੍ਹਾਂ ਸਾਰਿਆਂ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ -70 'ਚ ਬਣਾਏ ਗਏ ਜ਼ਿਲਾ ਪੱਧਰੀ 'ਇਕਾਂਤਵਾਸ ਕੇਂਦਰ' 'ਚ ਰੱਖਿਆ ਜਾਵੇਗਾ। ਜਿਸ ਤੋਂ ਬਾਅਦ ਹੀ ਇਨ੍ਹਾਂ ਨੂੰ ਘਰ ਭੇਜਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਜਵਾਹਰਪੁਰ ਨਾਲ ਸਬੰਧਤ ਠੀਕ ਹੋਣ ਵਾਲੇ ਇਹ ਪਹਿਲੇ ਪੰਜ ਮਰੀਜ਼ ਹਨ, ਜਦੋਂ ਕਿ ਬਾਕੀ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਸਿਹਤਯਾਬ ਹੋਏ ਮਰੀਜ਼ਾਂ ਨੇ ਗਿਆਨ ਸਾਗਰ ਹਸਪਤਾਲੋਂ ਛੁੱਟੀ ਮਿਲਣ 'ਤੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਚੰਗਾ ਤੇ ਮਿਆਰੀ ਇਲਾਜ ਮਿਲਿਆ ਹੈ।

ਦੱਸ ਦੇਈਏ ਕਿ ਇਨ੍ਹਾਂ ਸਾਰੇ ਵਿਅਕਤੀਆਂ ਦੀ ਕੋਰੋਨਾ ਰਿਪੋਰਟ 6 ਅਪ੍ਰੈਲ ਨੂੰ ਪਾਜ਼ੀਟਿਵ ਆਈ ਸੀ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਸੀ। ਹੁਣ ਇਨ੍ਹਾਂ ਸਾਰਿਆਂ ਦੇ 2 ਟੈਸਟਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ, ਜਿਸ ਮਗਰੋਂ ਇਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ।
-PTCNews

adv-img
adv-img