Fri, Apr 26, 2024
Whatsapp

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਝੋਨੇ ਦੀ ਲੁਆਈ ਨਿਯਤ ਸਮੇਂ ਕਰਨ ਦੀ ਅਪੀਲ

Written by  Shanker Badra -- June 14th 2018 04:49 PM
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਝੋਨੇ ਦੀ ਲੁਆਈ ਨਿਯਤ ਸਮੇਂ ਕਰਨ ਦੀ ਅਪੀਲ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਝੋਨੇ ਦੀ ਲੁਆਈ ਨਿਯਤ ਸਮੇਂ ਕਰਨ ਦੀ ਅਪੀਲ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਝੋਨੇ ਦੀ ਲੁਆਈ ਨਿਯਤ ਸਮੇਂ ਕਰਨ ਦੀ ਅਪੀਲ:ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਦੇ ਕਿਸਾਨਾਂ ਨੂੰ ਝੋਨਾ ਨਿਯਤ ਸਮੇਂ ਤੇ ਲਾਉਣ ਲਈ ਅਪੀਲ ਕੀਤੀ ਹੈ।ਪੰਜਾਬ ਵਿੱਚ ਝੋਨੇ ਦੀ ਖੇਤੀ ਲਈ ਇੱਕ ਪਾਸੇ ਵਾਤਾਵਰਣ ਅਨੁਕੂਲ ਨਹੀਂ ਹੈ ਦੂਜੇ ਪਾਸੇ ਨੈਸ਼ਨਲ ਫੂਡ ਪਾਲਿਸੀ ਤਹਿਤ ਇਸ ਦੀ ਬਿਜਾਈ ਲਗਾਤਾਰ ਕਈ ਦਹਾਕਿਆਂ ਤੋਂ ਹੋ ਰਹੀ ਹੈ।ਘੱਟੋ ਘੱਟ ਸਹਿਯੋਗੀ ਕੀਮਤ ਦੀ ਹੋਂਦ ਅਤੇ ਮੁਨਾਫ਼ੇ ਦੀ ਇੱਛਾ ਨੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਵੱਲ ਖਿੱਚਿਆ ਹੈ ਪਰ ਇਸ ਸਥਿਤੀ ਵਿੱਚ ਕੁਦਰਤੀ ਸੋਮਿਆਂ ਖਾਸ ਕਰਕੇ ਪਾਣੀ ਦੀ ਖਪਤ ਬਹੁਤ ਵੱਡੀ ਪੱਧਰ ਤੇ ਹੋਈ ਹੈ।ਜ਼ਮੀਨ ਹੇਠਲਾ ਪਾਣੀ ਝੋਨੇ ਦੀ ਸਿੰਚਾਈ ਲਈ ਵਰਤਿਆ ਜਾਂਦਾ ਰਿਹਾ ਹੈ।ਇਹ ਸਥਿਤੀ ਹੁਣ ਬਹੁਤ ਨਾਜ਼ੁਕ ਮੋੜ ਤੇ ਆ ਗਈ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਹਾਲਤ ਵਿੱਚ ਪਹੁੰਚ ਚੁੱਕਾ ਹੈ। ਇਸ ਸੰਬੰਧੀ ਗੱਲ ਕਰਦਿਆਂ ਵਾਈਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਮੌਜੂਦਾ ਪਾਲਿਸੀ ਦਾਇਰੇ ਵਿੱਚ ਰਹਿੰਦੇ ਹੋਏ ਇਸ ਸਮੱਸਿਆ ਦਾ ਤਕਨੀਕੀ ਹੱਲ ਯੂਨੀਵਰਸਿਟੀ ਵੱਲੋਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੇ ਰੂਪ ਵਿੱਚ ਦਿੱਤਾ ਗਿਆ ਹੈ।ਇਹਨਾਂ ਕਿਸਮਾਂ ਦੀ ਬਦੌਲਤ ਝੋਨੇ ਦੀ ਲੁਆਈ ਦੇ ਸਮੇਂ ਨੂੰ ਮਾਨਸੂਨ ਦੀ ਪੰਜਾਬ ਵਿੱਚ ਆਮਦ ਦੇ ਨੇੜੇ ਲਿਜਾਇਆ ਜਾ ਸਕਦਾ ਹੈ।ਮਾਨਸੂਨ ਜੂਨ ਦੇ ਆਖਿਰ ਵਿੱਚ ਆਮ ਤੌਰ ਤੇ ਪੰਜਾਬ ਪੁੱਜ ਜਾਂਦੀ ਹੈ।ਉਸ ਸਮੇਂ ਝੋਨੇ ਦੀ ਪਾਣੀ ਦੀ ਜ਼ਰੂਰਤ ਬਰਸਾਤੀ ਪਾਣੀ ਰਾਹੀਂ ਪੂਰੀ ਕੀਤੀ ਜਾ ਸਕਦੀ ਹੈ।ਪਾਣੀ ਦੀ ਬੱਚਤ ਲਈ ਪੰਜਾਬ ਵਿੱਚ ਝੋਨੇ ਦੀ ਲੁਆਈ ਦਾ ਸਮਾਂ ਨਿਰਧਾਰਿਤ ਕਰਨ ਲਈ 2008 ਵਿੱਚ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ ਸੀ ਜਿਸ ਅਨੁਸਾਰ 10 ਜੂਨ ਤੋਂ ਪਹਿਲਾਂ ਝੋਨੇ ਦੀ ਲੁਆਈ ਨਹੀਂ ਕੀਤੀ ਜਾਵੇਗੀ। ਇਸੇ ਗੱਲ ਨੂੰ ਅੱਗੇ ਲਿਜਾਂਦੇ ਹੋਏ 2014 ਵਿੱਚ ਝੋਨੇ ਦੀ ਬਿਜਾਈ ਦੀ ਤਰੀਕ 10 ਦੀ ਥਾਂ 15 ਜੂਨ ਕਰ ਦਿੱਤੀ ਗਈ।ਪੰਜਾਬ ਦੇ ਕਿਸਾਨਾਂ ਵੱਲੋਂ ਇਸ ਸੰਬੰਧ ਵਿੱਚ ਵੀ ਮੁਕੰਮਲ ਸਹਿਯੋਗ ਮਿਲਿਆ।ਇਹਨਾਂ ਕੋਸ਼ਿਸ਼ਾਂ ਦਾ ਸਦਕਾ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦੀ ਗਿਰਾਵਟ ਨੂੰ ਕੁਝ ਹੱਦ ਤੱਕ ਠੱਲ ਪਈ ਹੈ ਪਰ ਮੌਜੂਦਾ ਅੰਕੜੇ ਦੱਸਦੇ ਹਨ ਕਿ ਇਹ ਯਤਨ ਕਾਫ਼ੀ ਨਹੀਂ ਹਨ।ਅੱਜ ਵੀ ਪੰਜਾਬ ਦੇ ਬਹੁਤੇ ਜ਼ਿਲਿ•ਆਂ ਵਿੱਚ ਪਾਣੀ ਦੇ ਪੱਧਰ ਦੇ ਹੇਠ ਜਾਣ ਦੀ ਸਲਾਨਾ ਦਰ 2 ਤੋਂ 3 ਫੁੱਟ ਹੈ,ਜੋ ਕਿ ਬਹੁਤ ਚਿੰਤਾਜਨਕ ਹੈ।ਕਿਸਾਨਾਂ ਨੂੰ ਸਮਰਸੀਬਲ ਪੰਪ ਡੂੰਘੇ ਕਰਨੇ ਪੈ ਰਹੇ ਹਨ ਜਿਸ ਦੇ ਨਤੀਜੇ ਵਜੋਂ ਵਾਧੂ ਆਰਥਿਕ ਬੋਝ ਪੰਜਾਬ ਦੀ ਕਿਸਾਨੀ ਤੇ ਪਿਆ ਹੈ। ਇਹਨਾਂ ਸਥਿਤੀਆਂ ਦੇ ਮੱਦੇਨਜ਼ਰ ਇਸ ਸਾਲ ਪੀਏਯੂ ਦੀ ਸਿਫ਼ਾਰਸ਼ ਤੇ ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ ਦਾ ਸਮਾਂ 20 ਜੂਨ ਤੋਂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।ਇਸ ਮਿਆਦ ਵਿੱਚ ਪੀਏਯੂ ਵੱਲੋਂ ਪ੍ਰਮਾਣਿਤ ਕਿਸਮਾਂ ਪੀਆਰ-121, ਪੀਆਰ-122, ਪੀਆਰ-124, ਪੀਆਰ 126, ਪੀਆਰ-127 ਬਿਜਾਈ ਲਈ ਢੁੱਕਵੀਆਂ ਹਨ।ਇਹ ਕਿਸਮਾਂ ਪਨੀਰੀ ਖੇਤ ਵਿੱਚ ਲਾਏ ਜਾਣ ਤੋਂ 93 ਤੋਂ 110 ਦਿਨਾਂ ਦਰਮਿਆਨ ਪੱਕ ਕੇ ਤਿਆਰ ਹੁੰਦੀਆਂ ਹਨ ਅਤੇ ਪਿਛਲੇ ਕੁਝ ਸਾਲਾਂ ਵਿੱਚ ਇਹ ਕਿਸਮਾਂ ਕਿਸਾਨਾਂ ਵਿੱਚ ਪ੍ਰਵਾਨੀਆਂ ਵੀ ਗਈਆਂ ਹਨ।ਇਹ ਕਿਸਮਾਂ ਸਮੇਂ ਸਿਰ ਪੱਕ ਜਾਂਦੀਆਂ ਹਨ ਅਤੇ ਮੰਡੀਕਰਨ ਸਮੇਂ ਨਮੀ ਦੀ ਕੋਈ ਵੀ ਸਮੱਸਿਆ ਨਹੀਂ ਆਉਂਦੀ।ਪੀਏਯੂ ਨੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਝੋਨਾ ਲਾਉਣਾ 20 ਜੂਨ ਤੋਂ ਹੀ ਸ਼ੁਰੂ ਕੀਤਾ ਜਾਵੇ ਅਤੇ ਪ੍ਰਮਾਣਿਤ ਕਿਸਮਾਂ ਦੀ ਪਨੀਰੀ ਹੀ ਲਾਈ ਜਾਵੇ।ਇਸ ਮਿਆਦ ਵਿੱਚ ਝੋਨਾ ਲਾਉਣ ਨਾਲ ਨਾ ਸਿਰਫ਼ ਪਾਣੀ ਦੀ ਬੱਚਤ ਹੁੰਦੀ ਹੈ ਸਗੋਂ ਕੀਟ-ਨਾਸ਼ਕਾਂ ਦੀ ਲੋੜ ਵੀ ਘੱਟ ਜਾਂਦੀ ਹੈ। -PTCNews


Top News view more...

Latest News view more...