ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਸੁੱਕੇ ਦਾਣੇ ਕਰਕੇ ਘਟੀ ਕੀਮਤ ਦੀ ਭਰਪਾਈ ਸਟੇਟ ਆਫ਼ਤ ਰਾਹਤ ਫੰਡ ਵਿਚੋਂ ਕਰਨ ਲਈ ਆਖਿਆ

By Shanker Badra - May 02, 2020 6:05 pm

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਸੁੱਕੇ ਦਾਣੇ ਕਰਕੇ ਘਟੀ ਕੀਮਤ ਦੀ ਭਰਪਾਈ ਸਟੇਟ ਆਫ਼ਤ ਰਾਹਤ ਫੰਡ ਵਿਚੋਂ ਕਰਨ ਲਈ ਆਖਿਆ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਕਣਕ ਦੇ ਸੁੱਕੇ ਦਾਣੇ ਕਰਕੇ ਘਟੀ ਕੀਮਤ ਦੀ ਭਰਪਾਈ ਸਟੇਟ ਆਫ਼ਤ ਰਾਹਤ ਫੰਡ ਵਿਚੋਂ ਕਰਨ। ਪਾਰਟੀ ਨੇ ਸਰਕਾਰ ਕੋਲੋਂ ਬੇਮੌਸਮੀ ਮੀਂਹਾਂ ਕਰਕੇ ਘਟੇ ਝਾੜ ਵਾਸਤੇ ਪਟਿਆਲਾ, ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਵੀ ਕਿਹਾ ਹੈ ਕਿ ਬੇਮੌਸਮੀ ਬਰਸਾਤਾਂ ਕਰਕੇ ਚਾਰ ਜ਼ਿਲ੍ਹਿਆਂ ਵਿਚ ਹੋਏ ਕਿਸਾਨਾਂ ਦੇ ਨੁਕਸਾਨ ਨੂੰ ਧਿਆਨ ਵਿਚ ਰੱਖਦਿਆਂ ਸੁੱਕੇ ਦਾਣੇ ਕਰਕੇ ਕਣਕ ਦੀ ਕੀਮਤ ਵਿਚ ਕੀਤੀ ਕਟੌਤੀ ਬਾਰੇ ਨਜ਼ਰਸਾਨੀ ਕੀਤੀ ਜਾਵੇ।

ਇੱਕ ਪ੍ਰੈਸ ਬਿਆਨ ਰਾਹੀਂ ਇਸ ਦਾ ਖੁਲਾਸਾ ਕਰਦਿਆਂ ਸਾਬਕਾ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਹ ਕੀਮਤ ਵਿਚ ਕੀਤੀ ਗਈ ਕਟੌਤੀ ਨੂੰ ਹਟਾਉਣ ਲਈ ਕੇਂਦਰ ਕੋਲ ਇਸ ਮਾਮਲੇ ਨੂੰ ਉਠਾਏ ਅਤੇ ਇਸ ਦੌਰਾਨ ਕਿਸਾਨਾਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰੇ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਦੂਹਰੀ ਮਸੀਬਤ ਦਾ ਸਾਹਮਣਾ ਕਰਨਾ ਪੈ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਜ਼ਿਲ੍ਹਿਆਂ ਵਿਚ ਬਹੁਤ ਸਾਰੀਆਂ ਥਾਵਾਂ ਉੱਤੇ ਮਾਰਚ ਅਤੇ ਅਪ੍ਰੈਲ ਵਿਚ ਪਏ ਮੀਂਹ ਸਦਕਾ ਕਣਕ ਦਾ ਝਾੜ 20 ਤੋਂ 22 ਕੁਇੰਟਲ ਪ੍ਰਤੀ ਏਕੜ ਦੀ ਬਜਾਇ ਸਿਰਫ 5 ਤੋਂ 6 ਕੁਇੰਟਲ ਪ੍ਰਤੀ ਏਕੜ ਹੀ ਨਿਕਲਿਆ ਹੈ। ਉਹਨਾਂ ਕਿਹਾ ਕਿ ਇਸ ਖਰਾਬ ਮੌਸਮ ਕਰਕੇ ਇਹਨਾਂ ਥਾਂਵਾਂ ਉੱਤੇ ਕਣਕ ਦਾ ਦਾਣਾ ਸੁੱਕ ਗਿਆ ਹੈ। ਉਹਨਾਂ ਕਿਹਾ ਕਿ ਭਾਵੇਂਕਿ ਇਸ ਕਣਕ ਨੂੰ ਖਰੀਦਿਆ ਜਾ ਰਿਹਾ ਹੈ, ਪਰ 16 ਫੀਸਦੀ ਸੁੱਕੇ ਹੋਏ ਦਾਣੇ ਲਈ ਕਿਸਾਨਾਂ ਨੂੰ 24 ਰੁਪਏ ਪ੍ਰਤੀ ਕੁਇੰਟਲ ਕੀਮਤ 'ਚ ਕਟੌਤੀ ਸਵੀਕਾਰ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਸਾਬਕਾ ਸਾਂਸਦ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ ਅਤੇ ਸਟੇਟ ਆਫ਼ਤ ਰਾਹਤ ਫੰਡ ਵਿਚੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਮਨਜ਼ੂਰੀ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਫੰਡ ਤਹਿਤ 6 ਹਜ਼ਾਰ ਕਰੋੜ ਰੁਪਏ ਇਕੱਤਰ ਹੋ ਚੁੱਕੇ ਹਨ। ਕਿਉਂਕਿ ਕਿਸਾਨਾਂ ਨੂੰ ਇੱਕ ਕੁਦਰਤੀ ਆਫਤ ਕਰਕੇ ਨੁਕਸਾਨ ਉਠਾਉਣਾ ਪੈ ਰਿਹਾ ਹੈ, ਇਸ ਲਈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਇਹਨਾਂ ਚਾਰੇ ਜ਼ਿਲ੍ਹਿਆਂ ਵਿਚ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦੇ ਕੇ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਹਨਾਂ ਚਾਰਾਂ ਜ਼ਿਲ੍ਹਿਆਂ ਦੀ ਅਰਥ ਵਿਵਸਥਾ ਜੋ ਕਿ ਪੂਰੀ ਤਰ੍ਹਾਂ ਖੇਤੀਬਾੜੀ ਉੱਤੇ ਨਿਰਭਰ ਹੈ, ਡਗਮਗਾ ਜਾਵੇਗੀ।
-PTCNews

adv-img
adv-img