ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਚੋਣ ਕਮਿਸ਼ਨ ਨੂੰ ਮਿਉਂਸਪਲ ਚੋਣਾਂ ਲਈ ਪੈਰਾ ਮਿਲਟਰੀ ਫੋਰਸ ਲਾਉਣ ਦੀ ਕੀਤੀ ਅਪੀਲ
ਚੰਡੀਗੜ੍ਹ, 2 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾ ਚੋਣ ਕਮਿਸ਼ਨ ਨੁੰ ਕਿਹਾ ਕਿ ਉਹ ਸੂਬੇ ਵਿਚ ਆਜ਼ਾਦ ਤੇ ਨਿਰਪੱਖ ਮਿਉਂਸਪਲ ਚੋਣਾਂ ਯਕੀਨੀ ਬਣਾਉਣ ਲਈ ਤੁਰੰਤ ਪੈਰਾ ਮਿਲਟਰੀ ਫੋਰਸ ਤਲਬ ਕਰਨ ਤੇ ਤਾਇਨਾਤ ਕਰੇ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੁੰ ਅੱਜ ਜਲਾਲਾਬਾਦ ਵਿਚ ਕਾਂਗਰਸੀ ਗੁੰਡਿਆਂ ਵੱਲੋਂ ਅਕਾਲੀ ਵਰਕਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਕੀਤੇ ਹਮਲੇ ਤੋਂ ਵੀ ਜਾਣੂ ਕਰਵਾਇਆ। ਇਸ ਹਮਲੇ ਨੂੰ ਲੋਕਤੰਤਰ ਲਈ ਮਾੜਾ ਦਿਨ ਕਰਾਰ ਦਿੰਦਿਆਂ ਵਫਦ ਨੇ ਸੂਬਾ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰਵਾਏ ਅਤੇ ਕਾਂਗਰਸੀ ਗੁੰਡਿਆਂ ਜਿਹਨਾਂ ਨੇ ਹਿੰਸਾ ਕੀਤੀ ਤੇ ਪੁਲਿਸ ਅਫਸਰ ਜਿਹਨਾਂ ਦੀ ਸ਼ਹਿ ’ਤੇ ਇਹ ਹੋਇਆ, ਦੇ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕਰਨ।
ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਸਰਬ ਪਾਰਟੀ ਮੀਟਿੰਗ ਵਿਚ ਵੀ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਜਿਸ ਵੇਲੇ ਕੇਂਦਰ ਸਰਕਾਰ ਵੱਲੋਂ ਲੋਕਤੰਤਰੀ ਨੇਮ ਭੰਗ ਕਰਨ ’ਤੇ ਚਰਚਾ ਹੋ ਰਹੀਹ ੈ, ਉਸ ਵੇਲੇ ਪੰਜਾਬ ਵਿਚ ਹੇਠਲੇ ਪੱਧਰ ’ਤੇ ਘਿਨੌਣੇ ਅਪਰਾਧ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਡੀ ਸ਼ਿਕਾਇਤ ਦਾ ਨੋਟਿਸ ਲਿਆ ਹੈ ਤੇ ਸਾਨੁੰ ਇਸ ਨੁੰ ਘੋਖਣ ਦਾ ਭਰੋਸਾ ਦੁਆਇਆ ਹੈ ਪਰ ਅਸੀਂ ਹਾਲੇ ਤੱਕ ਮਾਮਲੇ ਵਿਚ ਠੋਸ ਕਾਰਵਾਈ ਦੀ ਉਡੀਕ ਕਰ ਰਹੇ ਹਾਂ।