ਮੁੱਖ ਖਬਰਾਂ

ਬੀਐਸਐਫ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਦਾ 7 ਜ਼ਿਲ੍ਹਿਆਂ ਵਿੱਚ ਸਰਚ ਆਪਰੇਸ਼ਨ

By Jasmeet Singh -- August 05, 2022 10:43 am -- Updated:August 05, 2022 10:49 am

ਚੰਡੀਗੜ੍ਹ, 5 ਅਗਸਤ: ਸੁਤੰਤਰਤਾ ਦਿਵਸ ਤੋਂ ਠੀਕ ਪਹਿਲਾਂ ਗੁਆਂਢੀ ਮੁਲਕ ਪਾਕਿਸਤਾਨ ਦੀ ਕਿਸੇ ਵੀ ਨਾਪਾਕ ਹਰਕਤ ਨੂੰ ਨਾਕਾਮ ਕਰਨ ਲਈ ਬੀਐਸਐਫ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਵੱਲੋਂ ਵੀਰਵਾਰ ਰਾਤ ਨੂੰ ਪੰਜਾਬ ਦੇ 550 ਕਿਲੋਮੀਟਰ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ।

ਏਡੀਜੀਪੀ ਲਾਅ ਐਂਡ ਆਰਡਰ ਨਰੇਸ਼ ਕੁਮਾਰ ਦੀ ਦੇਖ-ਰੇਖ ਹੇਠ ਇਹ ਸਰਚ ਆਪਰੇਸ਼ਨ 7 ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ, ਜਿਸ ਵਿੱਚ 2500 ਪੁਲਿਸ ਮੁਲਾਜ਼ਮਾਂ ਨੇ 100 ਨਾਕੇ ਲਾਏ। ਪਠਾਨਕੋਟ, ਗੁਰਦਸਪੁਰ, ਬਟਾਲਾ, ਅੰਮ੍ਰਿਤਸਰ (ਦਿਹਾਤੀ), ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਚ ਇਹ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤਲਾਸ਼ੀ ਅਤੇ ਨਾਕਾਬੰਦੀ ਦਾ ਮਕਸਦ ਪਾਕਿਸਤਾਨ ਸਰਹੱਦ 'ਤੇ ਡਰੋਨਾਂ ਰਾਹੀਂ ਆਉਣ ਵਾਲੇ ਹਥਿਆਰਾਂ ਅਤੇ ਨਸ਼ਿਆਂ ਨੂੰ ਪੰਜਾਬ 'ਚ ਦਾਖਲ ਹੋਣ ਤੋਂ ਰੋਕਣਾ ਹੈ, ਤਾਂ ਜੋ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ।

ਭਾਰਤ ਇਸ ਸਾਲ 15 ਅਗਸਤ ਨੂੰ ਅੰਮ੍ਰਿਤ ਮਹੋਤਸਵ ਵਜੋਂ ਮਨਾ ਰਿਹਾ ਹੈ। ਅਜਿਹੇ ਵਿੱਚ ਪਾਕਿਸਤਾਨ ਵੱਲੋਂ ਡਰੋਨ ਦੀ ਆਵਾਜਾਈ ਵਿੱਚ ਵਾਧਾ ਸੁਰੱਖਿਆ ਲਈ ਖ਼ਤਰਾ ਹੈ। ਜੁਲਾਈ-ਅਗਸਤ 2021 ਦੀ ਗੱਲ ਕਰੀਏ ਤਾਂ ਪਾਕਿਸਤਾਨ ਤੋਂ ਡਰੋਨ ਦੀ ਆਵਾਜਾਈ ਕਾਫੀ ਵਧ ਗਈ ਸੀ। ਪਿਛਲੇ ਕੁਝ ਸਮੇਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਭੇਜੀ ਜਾ ਰਹੀ ਹੈ।

ਏਡੀਜੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਨਾਕੇ ਹੁਣ ਰੋਜ਼ਾਨਾ ਲਗਾਏ ਜਾਣਗੇ ਤਾਂ ਜੋ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜਾਈ ਅਤੇ ਸਰਹੱਦ 'ਤੇ ਹਰਕਤ 'ਤੇ ਨਜ਼ਰ ਰੱਖੀ ਜਾ ਸਕੇ। 7 ਜ਼ਿਲ੍ਹਿਆਂ ਵਿੱਚ 7 ​​ਆਈਜੀ ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਨੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਰਾਤ ਸਮੇਂ ਨਾਕਿਆਂ ਦੀ ਨਿਗਰਾਨੀ ਕੀਤੀ।

ਏਡੀਜੀਪੀ ਨਰੇਸ਼ ਕੁਮਾਰ ਦੇ ਨਾਲ ਆਈਜੀ ਬਾਰਡਰ ਰੇਂਜ ਮੋਨੀਸ਼ ਚਾਵਲਾ ਅਤੇ ਐਸਐਸਪੀ ਦਿਹਾਤੀ ਸਵਪਨਾ ਸ਼ਰਮਾ ਨੇ ਰਾਤ ਸਮੇਂ ਅੰਮ੍ਰਿਤਸਰ ਦੇ ਬਲਾਕਾਂ ਦੀ ਚੈਕਿੰਗ ਕੀਤੀ। ਏਡੀਜੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਨਾਕੇ ਰੋਜ਼ਾਨਾ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਲੋਕੇਸ਼ਨ ਬਦਲੀ ਜਾਵੇਗੀ।


-PTC News

  • Share