ਜ਼ਿਲ੍ਹਾ ਬਰਨਾਲਾ ਵਿੱਚ ਬੀਜ ਘੁਟਾਲੇ ਦਾ ਮਾਮਲਾ ਆਇਆ ਸਾਹਮਣੇ, ਖੇਤੀਬਾੜੀ ਵਿਭਾਗ ਨੇ ਬੀਜ ਦੁਕਾਨ ਦਾ ਲਾਇਸੈਂਸ ਕੀਤਾ ਰੱਦ

By Shanker Badra - May 30, 2020 9:05 pm

ਜ਼ਿਲ੍ਹਾ ਬਰਨਾਲਾ ਵਿੱਚ ਬੀਜ ਘੁਟਾਲੇ ਦਾ ਮਾਮਲਾ ਆਇਆ ਸਾਹਮਣੇ, ਖੇਤੀਬਾੜੀ ਵਿਭਾਗ ਨੇ ਬੀਜ ਦੁਕਾਨ ਦਾ ਲਾਇਸੈਂਸ ਕੀਤਾ ਰੱਦ:ਬਰਨਾਲਾ : ਪੰਜਾਬ ਵਿੱਚ ਜਦੋਂ ਬੀਜ ਘੁਟਾਲੇ ਦਾ ਮਾਮਲਾ ਉਭਰਿਆ ਹੋਇਆ ਹੈ। ਉਸ ਸਮੇਂ ਖੇਤੀਬਾੜੀ ਵਿਭਾਗ ਨੇ ਬਰਨਾਲਾ ਵਿੱਚ ਵੀ ਇੱਕ ਬੀਜ ਵਾਲੀ ਦੁਕਾਨ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਅਤੇ ਬੀਜ ਵੇਚਣ ਵਾਲੇ  ਦੀ ਫੈਕਟਰੀ ਦਾ ਲਾਇਸੈਂਸ ਰੱਦ ਕਰਨ ਸਬੰਧੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਗਈ ਹੈ। ਬੀਜ ਵਿਕਰੇਤਾ ਨੇ ਪੰਜਾਬ ਐਗਰੀਕਲਚਰ ਯੂਨੀਵਰਸਟੀ ਦੇ ਮੈਂਬਰ ਇੱਕ ਕਿਸਾਨ ਤੋਂ 2 ਕਿਲੋਗ੍ਰਾਮ ਪੀਆਰ 129 ਝੋਨੇ ਦੀ ਕਿਸਮ ਦਾ ਬੀਜ ਲੈ ਕੇ ਵੱਡੀ ਮਾਤਰਾ ਵਿੱਚ ਬੀਜ ਤਿਆਰ ਕੀਤਾ ਸੀ। ਉਸ ਵਿੱਚੋਂ 4 ਕੁਇੰਟਲ 80 ਕਿੱਲੋਗ੍ਰਾਮ ਬੀਜ ਜਗਰਾਉਂ ਦੇ ਕਿਸੇ ਬੀਜ ਵਿਕਰੇਤਾ ਨੂੰ ਵੇਚਿਆ ਸੀ, ਜਿਸ ਨੂੰ ਲੁਧਿਆਣਾ ਦੇ ਖੇਤੀਬਾੜੀ ਵਿਭਾਗ ਵੱਲੋਂ ਜ਼ਬਤ ਕੀਤਾ ਗਿਆ ਹੈ।

ਇਸ ਮਾਮਲੇ ਸਬੰਧੀ ਬਰਨਾਲਾ ਦੇ ਚੀਫ ਐਗਰੀਕਲਚਰ ਅਫਸਰ ਡਾ.ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਇੱਕ ਬੀਜ ਵੇਚਣ ਵਾਲੇ, ਜਿਸਦੀ ਇਕ ਬੀਜ ਫੈਕਟਰੀ ਵੀ ਹੈ, ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੈਂਬਰ ਇੱਕ ਕਿਸਾਨ ਤੋਂ ਝੋਨੇ ਦੀ ਪੀਆਰ 129 ਕਿਸਮ ਦਾ ਬੀਜ 2 ਕਿਲੋ ਗ੍ਰਾਮ ਲੈ ਕੇ ਵੱਡੀ ਮਾਤਰਾ ਵਿੱਚ ਬੀਜ ਤਿਆਰ ਕੀਤਾ ਸੀ। ਤਿਆਰ ਕੀਤਾ ਗਿਆ ਇਹ ਬੀਜ 4 ਕੁਇੰਟਲ 80 ਕਿਲੋਗਰਾਮ ਜਗਰਾਉਂ ਦੇ ਕਿਸੇ ਹੋਰ ਦੁਕਾਨਦਾਰ ਨੂੰ ਵੇਚਿਆ ਸੀ।

ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਦੁਕਾਨਦਾਰ ਨੇ ਦੱਸਿਆ ਹੈ ਕਿ ਕਰਫਿਊ ਕਾਰਨ ਜਿਸ ਕਿਸਾਨ ਤੋਂ ਬੀਜ ਵਿਕਰੇਤਾ ਨੇ ਬੀਜ ਲਿਆ ਸੀ, ਉਨ੍ਹਾਂ ਨੇ ਉਸੇ ਕਿਸਾਨ ਨੂੰ ਇਹ ਬੀਜ ਦੇਣਾ ਸੀ, ਪਰ ਉਸੇ ਸਮੇਂ ਲੁਧਿਆਣਾ ਦੀ ਇਨਫੋਰਸਮੈਂਟ ਟੀਮ ਨੇ ਇਹ ਬੀਜ ਉਸ ਦੁਕਾਨਦਾਰ ਤੋਂ ਬਰਾਮਦ ਕਰ ਲਿਆ। ਜਿਸਦੇ ਬਾਅਦ ਬਰਨਾਲਾ ਵਿੱਚ ਉਨ੍ਹਾਂ ਨੇ ਬੀਜ ਵੇਚਣ ਵਾਲੇ ਦੀ ਦੁਕਾਨ ਦਾ ਰਿਕਾਰਡ ਚੈੱਕ ਕੀਤਾ ਪਰ ਬਰਨਾਲਾ ਦੇ ਬੀਜ ਵਿਕਰੇਤਾ ਨੇ ਜਗਰਾਉਂ ਦੇ ਬੀਜ ਵਿਕਰੇਤਾ ਨੂੰ ਵੇਚੇ ਹੋਏ ਬੀਜ ਦਾ ਕੋਈ ਵੀ ਬਿੱਲ ਨਹੀਂ ਕੱਟਿਆ ਸੀ ਅਤੇ ਨਾ ਹੀ ਸਟਾਕ ਰਜਿਸਟਰ ਬਣਾਇਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਬੀਜ ਵਿਕਰੇਤਾ ਦੀ ਦੁਕਾਨ ਤੋਂ ਬੀਜਾਂ ਦੇ ਸੈਂਪਲ ਵੀ ਲਏ ਗਏ ਹਨ। ਬੀਜ ਵੇਚਣ ਵਾਲੇ ਦੁਕਾਨਦਾਰ ਦਾ ਲਾਇਸੈਂਸ ਬਰਨਾਲਾ ਖੇਤੀਬਾੜੀ ਵਿਭਾਗ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਅਤੇ ਬੀਜ ਵਿਕਰੇਤਾ ਦੀ ਫੈਕਟਰੀ ਦਾ ਵੀ ਲਾਇਸੈਂਸ ਰੱਦ ਕਰਨ ਸਬੰਧੀ ਵਿਭਾਗ ਦੇ ਚੰਡੀਗੜ੍ਹ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਕਿਸੇ ਹੋਰ ਬੀਜ ਵਿਕਰੇਤਾ ਨੇ ਝੋਨੇ ਦਾ ਪੀਆਰ 128, 129 ਬੀਜ ਨਹੀਂ ਵੇਚਿਆ ਹੈ। ਬਰਨਾਲਾ ਜ਼ਿਲ੍ਹੇ ਵਿੱਚ ਬੀਜ ਵੇਚਣ ਵਾਲਿਆਂ ਦੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਗਈ ਹੈ ਅਤੇ 87 ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ।

ਇਸ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਨੇ ਭਾਵੇਂ ਬੀਜ ਵੇਚਣ ਵਾਲੇ ਦੀ ਦੁਕਾਨ ਦਾ ਲਾਇਸੰਸ ਰੱਦ ਕਰ ਦਿੱਤਾ ਹੈ ਅਤੇ ਬੀਜ ਫੈਕਟਰੀ ਦਾ ਲਾਇਸੰਸ ਰੱਦ ਕਰਨ ਸੰਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੈ ਪਰ ਇਸ ਮਾਮਲੇ ਵਿੱਚ ਪੁਲੀਸ ਅਤੇ ਪੰਜਾਬ ਸਰਕਾਰ ਕੀ ਕਾਰਵਾਈ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੈ।
-PTCNews

adv-img
adv-img