ਸਿੱਖ ਇਤਿਹਾਸ :ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ
ਸਿੱਖ ਇਤਿਹਾਸ :ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ:ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦਾ ਨਾਮ ਮੁਕਤਸਰ ਕਿਉਂ ਪਿਆ ਇਸ ਗੱਲ ਨੂੰ ਬਿਆਨ ਕਰਦਾ ਹੈ ਉਹ ਸਮਾਂ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੁਗਲ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ।ਉਸ ਸਮੇਂ 10 ਲੱਖ ਤੋਂ ਵੱਧ ਫੌਜ ਨੇ 8 ਮਹੀਨੇ ਤੋਂ ਵੀ ਜਿਆਦਾ ਸਮਾਂ ਅਨੰਦਪੁਰ ਸਾਹਿਬ ਨੂੰ ਘੇਰਿਆ ਹੋਇਆ ਸੀ।ਉਸ ਸਮੇਂ ਗੁਰੂ ਜੀ ਦੇ 100 ਕੁ ਸਿੰਘ ਸਮੇਂ ਦੇ ਹਲਾਤਾਂ ਤੋਂ ਤੰਗ ਆ ਕੇ ਕਿਲ੍ਹਾ ਛੱਡਣ ਲਈ ਤਿਆਰ ਹੋ ਗਏ।ਉਹਨਾਂ ਸਿੰਘਾਂ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਅਸੀਂ ਕਿਲ੍ਹਾ ਛੱਡਕੇ ਆਪਣੇ ਘਰ ਜਾਣਾ ਚਾਹੁੰਦੇ ਹਾਂ।ਇਸ ਗੱਲ ਨੂੰ ਸੁਣਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਉਹ ਇੱਕ ਬਦਾਵਾ ਲਿੱਖਣ ਤੇ ਉਸ ਉੱਤੇ ਦਸਖ਼ਤ ਕਰਕੇ ਦੇਣ,ਜਿਸ ਵਿੱਚ ਇਹ ਲਿਖਿਆ ਹੋਵੇ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਮੇਰੇ ਗੁਰੂ ਨਹੀਂ।ਇਹਨਾਂ ਸਿੰਘਾਂ ਦੇ ਵਿੱਚੋਂ ਕੁੱਝ ਸਿੰਘਾਂ ਨੇ ਇਸ ਬਦਾਵੇ 'ਤੇ ਦਸਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮਾਝੇ ਇਲਾਕੇ ਦੇ 40 ਸਿੰਘਾਂ ਨੇ ਸਿੰਘਾਂ ਦੇ ਮੁਖੀ ਮਹਾਂਸਿੰਘ ਸਮੇਤ ਬਦਾਵੇ 'ਤੇ ਹਸਤਾਖ਼ਸ਼ਰ ਕਰ ਦਿੱਤੇ ਤੇ ਗੁਰੂ ਸਾਹਿਬ ਨੇ ਸਿੰਘਾਂ ਦਾ ਬਦਾਵਾ ਪਰਵਾਨ ਕਰਕੇ ਆਪਣੇ ਕੋਲ ਰੱਖ ਲਿਆ।
'ਰਹਿਤ ਪਿਆਰੀ ਮੁਝ ਕਉ,ਸਿਖ ਪਿਆਰਾ ਨਾਹਿ'
'ਰਹਿਣੀ ਰਹੈ ਸੋਈ ਸਿਖ ਮੇਰਾ,ਓਹੁ ਸਾਹਿਬ ਮੈ ਉਸ ਕਾ ਚੇਰਾ'
ਉਸ ਤੋਂ ਬਾਅਦ 40 ਸਿੰਘ ਕਿਲ੍ਹਾ ਛੱਡ ਕੇ ਆਪਣੇ ਘਰ ਵੱਲ ਨੂੰ ਇਹ ਸੋਚ ਕੇ ਤੁਰ ਪਏ ਕਿ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਜਿਉਂਦੇ ਵਾਪਿਸ ਦੇਖ ਕੇ ਸਵਾਗਤ ਕਰਨਗੇ ਤੇ ਖੁਸ਼ ਹੋਣਗੇ ਪਰ ਜਦੋਂ ਇਹ 40 ਸਿੰਘ ਆਪਣੇ ਘਰ ਅੰਮ੍ਰਿਤਸਰ ਦੇ ਪਿੰਡ ਚਬਾਲ ਪੁੱਜੇ ਤਾਂ ਉਹਨਾਂ ਦੀਆਂ ਪਤਨੀਆਂ ਹੈਰਾਨ ਸਨ ਕਿ ਇਹ ਆਪਣੇ ਗੁਰੂ ਨੂੰ ਛੱਡਕੇ ਜਿਉਂਦੇ ਘਰ ਆ ਗਏ ਹਨ,ਜਦ ਕਿ ਉਹ ਪਹਿਲਾਂ ਹੀ ਆਪਣੇ ਆਪ ਨੂੰ ਸਿੱਖ ਕੌਮ ਦੀ ਖਾਤਿਰ ਸ਼ਹੀਦਾਂ ਦੀਆਂ ਵਿਧਵਾ ਮੰਨ ਚੁਕੀਆਂ ਹਨ।ਉਨ੍ਹਾਂ ਦੀਆਂ ਪਤਨੀਆਂ ਨੇ ਗੁਰੂ ਤੋਂ ਬੇਮੁੱਖ ਹੋਏ ਸਿੰਘਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਜਿਹੜੇ ਗੁਰੂ ਨੂੰ ਛੱਡ ਸਕਦੇ ਹਨ ਉਹ ਆਪਣੇ ਘਰਦਿਆਂ ਦੇ ਵੀ ਨਹੀਂ ਬਣ ਸਕਦੇ।ਮਾਝੇ ਦੇ ਸਿੰਘਾਂ ਦੀ ਇਸ ਗੱਲ ਬਾਰੇ ਪਤਾ ਲੱਗਣ 'ਤੇ ਬੀਬੀ ਭਾਗ ਕੌਰ ਜੋ ਕਿ ਗੁਰੂ ਘਰ ਦੀ ਸਿੱਖਣੀ ਸੀ,ਉਸਦਾ ਖੁਨ ਖੌਲ੍ਹ ਉੱਠਿਆ।
ਬੀਬੀ ਭਾਗ ਕੌਰ ਨੇ ਸਿੰਘਾਂ ਦਾ ਬਾਣਾ ਪਾ ਕੇ ਹੱਥ ਵਿੱਚ ਕਿਰਪਾਨ ਫੜ ਲਈ 'ਤੇ 40 ਬੇ-ਮੁੱਖ ਸਿੰਘਾਂ ਨੂੰ ਫਟਕਾਰਦੇ ਹੋਏ ਕਿਹਾ ਕਿ ਤੁਸੀਂ ਹੱਥਾਂ 'ਚ ਚੂੜੀਆਂ ਪਾ ਲਵੋ ਤੇ ਬੁਜਦਿਲਾਂ ਵਾਂਗ ਘਰ ਬੈਠ ਜਾਓ ਕਿਉਂਕਿ ਤਸੀਂ ਲੋਕ ਸਿੱਖ ਕੌਮ ਤੇ ਆਪਣੇ ਗੁਰੂ ਦੇ ਸਕੇ ਨਹੀਂ ਹੋ ਸਕੇ।ਬੀਬੀ ਭਾਗ ਕੌਰ ਦੇ ਇਹਨਾਂ ਸ਼ਬਦਾਂ ਨੂੰ ਸੁਣਕੇ ਇਹਨਾਂ 40 ਸਿੰਘਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਦੁਬਾਰਾ ਗੁਰੂ ਦੇ ਲੜ ਲੱਗਣ ਲਈ ਤੇ ਸਿੱਖ ਕੌਮ ਲਈ ਸ਼ਹੀਦ ਹੋਣ ਲਈ ਤਿਆਰ ਹੋ ਗਏ।
ਬੀਬੀ ਭਾਗ ਕੌਰ ਤੇ 40 ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਮੁਆਫੀ ਮੰਗਣ ਲਈ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਢਾਬ ਦੇ ਕੋਲ ਮੁਗਲਾਂ ਨੇ ਇਹਨਾਂ 40 ਸਿੰਘਾਂ ਤੇ ਹਮਲਾ ਕਰ ਦਿੱਤਾ।ਉੱਧਰ ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਿੱਖ ਕੌਮ ਦੀ ਖਾਤਿਰ ਸ਼ਹਾਦਤ ਦਾ ਜਾਮ ਪੀ ਚੁੱਕੇ ਸੀ।ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਅਲਗ-ਅਲਗ ਇਲਾਕਿਆਂ 'ਚ ਆਪਣੇ ਚਰਨ ਪਾਉਂਦੇ ਹੋਏ ਉਸ ਜਗ੍ਹਾ ਪਹੁੰਚ ਗਏ ਜਿਸ ਜਗ੍ਹਾ ਤੇ ਬੀਬੀ ਭਾਗ ਕੌਰ ਤੇ ਉਹ 40 ਸਿੰਘ ਯੁੱਧ ਲੜ ਰਹੇ ਸਨ ਜਿੰਨਾਂ ਨੇ ਗੁਰੂ ਸਾਹਿਬ ਨੂੰ ਬਦਾਵਾ ਲਿੱਖ ਕੇ ਦਿੱਤਾ ਸੀ।ਸਾਰੇ ਸਿੰਘ ਉਸ ਢਾਬ 'ਤੇ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਇਸ ਯੁੱਧ ਨੂੰ ਵੇਖ ਰਹੇ ਸੀ।
ਗੁਰੂ ਸਾਹਿਬ ਜਖ਼ਮੀ ਹੋਏ ਭਾਈ ਮਹਾਂਸਿੰਘ ਕੋਲ ਗਏ ਤੇ ਜੋ ਕਿ ਆਪਣੇ ਆਖ਼ਰੀ ਸਵਾਸ ਲੈ ਰਿਹਾ ਸੀ।ਗੁਰੂ ਸਾਹਿਬ ਨੇ ਭਾਈ ਮਹਾਂਸਿੰਘ ਦਾ ਸਿਰ ਆਪਣੇ ਹੱਥਾਂ ਵੱਚ ਲੈ ਲਿਆ ਤੇ ਭਾਈ ਮਹਾਂਸਿੰਘ ਨੇ ਗੁਰੂ ਸਾਹਿਬ ਨੂੰ ਵੇਖ ਕੇ ਹੱਥ ਜੋੜੇ ਤੇ ਮੁਆਫੀ ਮੰਗੀ,ਕਿਹਾ ਕਿ ਗੁਰੂ ਜੀ ਅਸੀਂ ਤਹਾਡੇ ਸਿੱਖ ਹਾਂ ਤੇ ਤੁਸੀਂ ਸਾਡੇ ਗੁਰੂ ਹੋ।ਮਹਾਂਸਿੰਘ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਸਾਡਾ ਦਿੱਤਾ ਹੋਇਆ ਬਦਾਵਾ ਪਾੜ ਦਿਓ ਤਾਂ ਜੋ ਸਾਨੂੰ ਮੁਕਤੀ ਮਿਲ ਸਕੇ।
ਗੁਰੂ ਸਾਹਿਬ ਨੇ ਆਪਣੇ ਕਮਰ ਕੱਸੇ ਤੋਂ ਬਦਾਵਾ ਕੱਢਿਆ ਤੇ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਦਿੱਤਾ।ਇਸ ਨਾਲ ਹੀ ਭਾਈ ਮਹਾਂਸਿੰਘ ਜੈਕਾਰਾ ਲਗਾਉਂਦੇ ਹੋਏ ਸ਼ਹੀਦ ਹੋ ਗਏ।ਜਿਸ ਢਾਬ 'ਤੇ ਇਹਨਾਂ 40 ਸਿੰਘਾਂ ਨੂੰ ਗੁਰੂ ਸਾਹਿਬ ਨੇ ਬਦਾਵਾ ਪਾੜ ਕੇ ਮੁਕਤ ਕੀਤਾ ਅੱਜ ਕੱਲ ਇਸ ਅਸਥਾਨ 'ਤੇ 40 ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਸਥਿਤ ਹੈ।