ਰਾਤ ਨੂੰ ਪੇਸ਼ੀ ਤੋਂ ਬਾਅਦ ਤਜਿੰਦਰ ਬੱਗਾ ਨੂੰ ਮਿਲੀ ਰਾਹਤ
ਨਵੀਂ ਦਿੱਲੀ : ਦਿਨ ਭਰ ਦੇ ਹਾਈਵੋਲਟੇਜ ਡਰਾਮੇ ਤੋਂ ਬਾਅਦ ਆਖਰਕਾਰ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਦੇਰ ਰਾਤ ਦਿੱਲੀ ਸਥਿਤ ਆਪਣੇ ਘਰ ਪਹੁੰਚ ਗਏ। ਇਸ ਤੋਂ ਪਹਿਲਾਂ ਰਾਤ ਨੂੰ ਹੀ ਬੱਗਾ ਨੂੰ ਗੁਰੂਗ੍ਰਾਮ ਦੀ ਦਵਾਰਕਾ ਅਦਾਲਤ ਵਿੱਚ ਮੈਜਿਸਟ੍ਰੇਟ ਦੇ ਘਰ ਵਿੱਚ ਪੇਸ਼ ਕੀਤਾ ਗਿਆ ਸੀ। ਮੈਜਿਸਟ੍ਰੇਟ ਤੋਂ ਰਾਹਤ ਮਿਲਣ ਤੇ ਰਿਹਾਅ ਹੋਣ ਤੋਂ ਬਾਅਦ ਬੱਗਾ ਸਮਰਥਕਾਂ ਨਾਲ ਆਪਣੇ ਘਰ ਪੁੱਜੇ। ਇੱਥੇ ਵਰਕਰਾਂ ਨੇ ਉਨ੍ਹਾਂ ਨੂੰ ਮੋਢਿਆਂ 'ਤੇ ਚੁੱਕ ਕੇ ਸਵਾਗਤ ਕੀਤਾ।
ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬੱਗਾ ਨੇ ਕਿਹਾ ਕਿ ਜਿਹੜੇ ਲੋਕ ਮਹਿਸੂਸ ਕਰਦੇ ਹਨ ਕਿ ਉਹ ਪੁਲਿਸ ਦੀ ਮਦਦ ਨਾਲ ਕੁਝ ਵੀ ਕਰ ਸਕਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵਰਕਰ ਕਿਸੇ ਤੋਂ ਡਰਨਗੇ ਨਹੀਂ। ਮੈਂ ਹਰਿਆਣਾ, ਦਿੱਲੀ ਪੁਲਿਸ ਅਤੇ ਭਾਜਪਾ ਦੇ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰ ਹਮਾਇਤ ਕੀਤੀ ਹੈ। ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇਗੀ। ਘਰ ਪਹੁੰਚਣ ਉਤੇ ਬੱਗਾ ਦੇ ਘਰ ਤਿਉਹਾਰ ਦਾ ਮਾਹੌਲ ਹੈ। ਦੇਰ ਰਾਤ ਤੱਕ ਸਮਰਥਕਾਂ ਵਿੱਚ ਮਠਿਆਈਆਂ ਵੰਡੀਆਂ ਗਈਆਂ।BJP leader Tajinder Singh Bagga reaches his residence in Delhi after he was detained by Punjab Police in Delhi, yesterday, May 6th. pic.twitter.com/6JZbWRFlkQ — ANI (@ANI) May 6, 2022
ਬੱਗਾ ਦੀ ਘਰ ਵਾਪਸੀ 'ਤੇ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਇਹ ਸੱਚਾਈ, ਲੋਕਤੰਤਰ ਤੇ ਨਿਆਂ ਦੀ ਜਿੱਤ ਹੈ। ਭਾਜਪਾ ਵਰਕਰ ਇਨਸਾਫ਼ ਲਈ ਲੜਦੇ ਰਹਿਣਗੇ। ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ। ਅਸੀਂ ਬੇਇਨਸਾਫੀ ਖਿਲਾਫ਼ ਸੜਕਾਂ 'ਤੇ ਉਤਰਾਂਗੇ।
ਘਰ ਪਹੁੰਚਣ 'ਤੇ ਬੱਗਾ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਹਿਰਾਸਤ ਸੀ। ਇਸ ਦੀ ਸੂਚਨਾ ਕਿਸੇ ਸਥਾਨਕ ਪੁਲਿਸ ਅਧਿਕਾਰੀ ਨੂੰ ਨਹੀਂ ਦਿੱਤੀ ਗਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਕਰ ਚਾਹੁਣ ਤਾਂ ਮੇਰੇ ਖਿਲਾਫ 100 ਹੋਰ ਕੇਸ ਦਰਜ ਕਰਵਾ ਸਕਦੇ ਹਨ। ਅਸੀਂ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਉਹ ਕਸ਼ਮੀਰੀ ਪੰਡਤਾਂ ਬਾਰੇ ਕਹੀਆਂ ਗੱਲਾਂ ਲਈ ਮੁਆਫੀ ਨਹੀਂ ਮੰਗਦਾ। ਬੇਟੇ ਦੇ ਘਰ ਪਰਤਣ ਉਤੇ ਤਜਿੰਦਰ ਦੇ ਪਿਤਾ ਪੀਐਸ ਬੱਗਾ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਤਜਿੰਦਰ ਦੀ ਖਿੱਚ-ਧੂਹ ਕਰਨ ਲੱਗੇ। ਉਨ੍ਹਾਂ ਨੇ ਉਸ ਨੂੰ ਪੱਗ ਵੀ ਬੰਨ੍ਹਣ ਨਹੀਂ ਦਿੱਤੀ। ਇਹ ਸਾਡੇ ਧਾਰਮਿਕ ਸਿਧਾਂਤਾਂ ਦੇ ਵਿਰੁੱਧ ਹੈ। ਅਸੀਂ ਪੰਜਾਬੀ ਭਰਾਵਾਂ ਨੂੰ ਇਸ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕਿਹਾ ਹੈ। ਆਖਰਕਾਰ ਤਜਿੰਦਰ ਘਰ ਪਰਤਿਆ ਹੈ, ਇਹ ਸੱਚਾਈ ਦੀ ਜਿੱਤ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਪੁਲਿਸ ਉਸ ਨੂੰ ਕੁਰੂਕਸ਼ੇਤਰ ਤੋਂ ਵਾਪਸ ਦਿੱਲੀ ਲੈ ਆਈ ਸੀ। ਬੱਗਾ ਨੂੰ ਜੱਜ ਦੇ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਦੀਨਦਿਆਲ ਉਪਾਧਿਆਏ ਹਸਪਤਾਲ ਵਿੱਚ ਡਾਕਟਰੀ ਜਾਂਚ ਕਰਵਾਈ। ਪੁਲਿਸ ਉਸ ਨੂੰ ਉਥੋਂ ਸਿੱਧਾ ਜਨਕਪੁਰੀ ਥਾਣੇ ਲੈ ਆਈ।
ਦੂਜੇ ਪਾਸੇ ਬੱਗਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭਾਜਪਾ ਵਰਕਰਾਂ ਨੇ ਜਨਕਪੁਰੀ ਥਾਣੇ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਵਰਕਰਾਂ ਨੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਭਾਜਪਾ ਆਗੂ ਤੇਜਿੰਦਰਪਾਲ ਬੱਗਾ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਬੀਤੇ ਦਿਨ ਯਾਨੀ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਵਿੱਚ ਸਾਰੀਆਂ ਧਿਰਾਂ (ਦਿੱਲੀ, ਹਰਿਆਣਾ ਅਤੇ ਪੰਜਾਬ ਪੁਲਿਸ) ਨੇ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕੀਤਾ।
ਇਹ ਵੀ ਪੜ੍ਹੋ : ਝੋਨੇ ਦੀ ਲੁਆਈ ਨੂੰ ਲੈ ਕੇ ਸਰਕਾਰ ਦਾ ਨਵਾਂ ਫਾਰਮੂਲਾ, ਤਿੰਨ ਪੜਾਅ 'ਚ ਹੋਵੇਗੀ ਲੁਆਈ