Tue, May 14, 2024
Whatsapp

ਮੁੱਖ ਮੰਤਰੀ ਚੰਨੀ ਦੀਆਂ ਸਾਰੀਆਂ ਗੈਰ ਕਾਨੁੰਨੀ ਗਤੀਵਿਧੀਆਂ ਦੀ ਜਾਂਚ ਕਰਾਂਗੇ: ਸੁਖਬੀਰ ਸਿੰਘ ਬਾਦਲ

Written by  Jasmeet Singh -- February 01st 2022 07:44 PM -- Updated: February 01st 2022 07:55 PM
ਮੁੱਖ ਮੰਤਰੀ ਚੰਨੀ ਦੀਆਂ ਸਾਰੀਆਂ ਗੈਰ ਕਾਨੁੰਨੀ ਗਤੀਵਿਧੀਆਂ ਦੀ ਜਾਂਚ ਕਰਾਂਗੇ: ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਚੰਨੀ ਦੀਆਂ ਸਾਰੀਆਂ ਗੈਰ ਕਾਨੁੰਨੀ ਗਤੀਵਿਧੀਆਂ ਦੀ ਜਾਂਚ ਕਰਾਂਗੇ: ਸੁਖਬੀਰ ਸਿੰਘ ਬਾਦਲ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਗਠਜੋੜ ਸਰਕਾਰ ਬਣਨ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸਾਰੀਆਂ ਗੈਰ ਕਾਨੁੰਨੀ ਗਤੀਵਿਧੀਆਂ ਖਾਸ ਤੌਰ ’ਤੇ ਉਹਨਾਂ ਦੇ ਸੂਬੇ ਵਿੱਚ ਰੇਤ ਮਾਫੀਆ ਦੇ ਸਰਗਨੇ ਹੋਣ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ 2022: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 310.89 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੀ ਪਾਰਟੀ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵੱਲੋਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਆਯੋਜਿਤ ਕੀਤੀ ਗਈ ਮੀਟਿੰਗ ਵਿੱਚ ਭਾਗ ਲੈਣ ਪਹੁੰਚੇ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਿਨ੍ਹਾਂ ਨੇ ਨਾ ਸਿਰਫ ਗੈਰ ਕਾਨੁੰਨੀ ਮਾਇਨਿੰਗ ਨੂੰ ਉਤਸ਼ਾਹਿਤ ਕੀਤਾ ਬਲਕਿ ਆਪਣੇ ਅਫਸਰਾਂ ਨੂੰ ਟਿੱਬਿਆਂ ਨੂੰ ਪੱਧਰਾ ਕਰ ਕੇ ਮਾਇਨਿੰਗ ਕਰਨ ਦੀ ਇਜਾਜ਼ਤ ਦੇਣ ਦੀਆਂ ਹਦਾਇਤਾਂ ਦੇਣ ਦੀ ਗੱਲ ਕਬੂਲੀ ਹੈ, ਦੇ ਮਾਮਲੇ ਵਿੱਚ ਕਾਨੂੰਨ ਆਪਣਾ ਕੰਮ ਕਰੇਗਾ। ਉਹਨਾਂ ਕਿਹਾ ਕਿ ਅਸੀਂ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦੇਵਾਂਗੇ ਤੇ ਮੁੱਖ ਮੰਤਰੀ ਸਮੇਤ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਇਕੱਠਾ ਕੀਤਾ ਨਜਾਇਜ਼ ਪੈਸਾ ਵਾਪਸ ਕਰਨ ਲਈ ਮਜਬੂਰ ਕਰਾਂਗੇ। ਇਕ ਸਵਾਲ ਦੇ ਜਵਾਬ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਭਦੌੜ ਹਲਕੇ ਤੋਂ ਮੁੱਖ ਮੰਤਰੀ ਦੀ ਕਰਾਰੀ ਹਾਰ ਦੀ ਪੇਸ਼ੀਨਗੋਈ ਕੀਤੀ। ਉਹਨਾਂ ਕਿਹਾ ਕਿ ਚੰਨੀ ਜਾਣਦੇ ਹਨ ਕਿ ਉਹ ਚਮਕੌਰ ਸਾਹਿਬ ਹਲਕੇ ਤੋਂ ਹਾਰ ਰਹੇ ਹਨ, ਇਸੇ ਕਾਰਨ ਉਹਨਾਂ ਨੇ ਭਦੌੜ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਚੰਨੀ ਭਦੌੜ ਸੀਟ ਤੋਂ ਹਾਰ ਦਾ ਸਾਹਮਣਾ ਕਰਨਗੇ। ਉਹਨਾਂ ਕਿਹਾ ਕਿ 10 ਮਾਰਚ ਨੂੰ ਦੋਹਾਂ ਸੀਟਾਂ ਹਾਰਨ ਤੋਂ ਬਾਅਦ ਉਹਨਾਂ ਦੀ ਅਹਿਮੀਅਤ ਖਤਮ ਹੋ ਜਾਵੇਗੀ। ਇਕ ਹੋਰ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਮੁੱਖੀ ਨੇ ਕਿਹਾ ਕਿ ਬਠਿੰਡਾ ਦੇ ਲੋਕ ਜਾਣਦੇ ਹਨ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਏ ਹਨ। ਭਾਵੇਂ ਉਹ ਥਰਮਲ ਪਲਾਂਟ ਸੁਰਜੀਤ ਕਰਨ ਦਾ ਵਾਅਦਾ ਹੋਵੇ ਜਾਂ ਫਿਰ ਹਲਕੇ ਵਿੱਚ ਸਨੱਅਤ ਲਿਆਉਣ ਦਾ ਉਹਨਾਂ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਮਨਪ੍ਰੀਤ ਸਿੰਘ ਬਾਦਲ ਬਾਰੇ ਅਕਾਲੀ ਲੀਡਰਸ਼ਿਪ ਵੱਲੋਂ ਨਰਮ ਰੁੱਖ ਅਪਣਾਉਣ ਬਾਰੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹਨਾਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਬਣਾਉਣ ਲਈ ਸਾਡੇ ਲਈ ਹਰ ਸੀਟ ਅਹਿਮ ਹੈ। ਉਹਨਾਂ ਕਿਹਾ ਕਿ ਆਪਣੇ ਸਿਆਸੀ ਵਿਰੋਧੀਆਂ ਨਾਲ ਅਜਿਹੇ ਅਨੈਤਿਕ ਸਮਝੌਤੇ ਕਰਨ ਨਾਲੋਂ ਮੈਂ ਸਿਆਸਤ ਛੱਡ ਦਿਆਂਗਾ। ਬਠਿੰਡਾ ਦੇ ਵੋਟਰਾਂ ਨੂੰ ਸਰੂਪ ਚੰਦ ਸਿੰਗਲਾ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਐਲਾਨ ਕੀਤਾ ਕਿ ਉਹ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਵਿੱਚ ਆਬਕਾਰੀ ਤੇ ਕਰ ਮੰਤਰੀ ਹੋਣਗੇ। ਉਹਨਾਂ ਨੇ ਸਨੱਅਤਕਾਰੀਆਂ ਤੇ ਵਪਾਰੀਆਂ ਦੀ ਭਲਾਈ ਵਾਸਤੇ ਆਪਣੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਇਕ ਸਥਿਰ ਸਰਕਾਰ ਦੇਣ ਲਈ ਅਮਨ ਕਾਨੂੰਨ ਵਿਵਸਥਾ, ਸਿੱਖਿਆ ਤੇ ਸਿਹਤ ਉਹਨਾਂ ਦੀਆਂ ਉਚ ਤਰਜੀਹਾਂ ਹੋਣਗੀਆਂ। ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਨੂੰ ਇਕ ਸੋਲਿਡ ਵੇਸਟ ਮੈਨੇਜਮੈਂਟ ਕੰਪਨੀ ਕਰਾਰ ਦਿੰਦਿਆਂ ਕਿਹਾ ਕਿ ਝਾੜੂ ਪਾਰਟੀ ਨੇ ਹੁਣ ਉਹ ਉਮੀਦਵਾਰ ਖੜ੍ਹੇ ਕੀਤੇ ਹਨ ਜਿਹਨਾਂ ਨੂੰ ਹੋਰ ਪਾਰਟੀਆਂ ਨੇ ਠੁਕਰਾ ਦਿੱਤਾ ਹੈ। ਜਿਵੇਂ ਕਿ ਉਸਨੇ ਬਠਿੰਡਾ ਦਿਹਾਤੀ ਹਲਕੇ ਤੋਂ ਉਸ ਉਮੀਦਵਾਰ ਨੂੰ ਟਿੱਕਟ ਦਿੱਤੀ ਹੈ ਜਿਸਨੂੰ ਅਕਾਲੀ ਦਲ ਨੇ ਮਾਸੂਮ ਲੋਕਾਂ ਨੁੰ ਲੁੱਟਣ ਦੇ ਦੋਸ਼ਾ ਵਿੱਚ ਪਾਰਟੀ 'ਚੋਂ ਕੱਢਿਆ ਸੀ। ਸੁਖਬੀਰ ਸਿੰਘ ਬਾਦਲ ਨੇ ਆਪ ਵੱਲੋਂ ਭਗਵੰਤ ਮਾਨ ਨੂੰ ਡੰਮੀ ਚਿਹਰਾ ਬਣਾਉਣ ਦਾ ਭਾਂਡਾ ਭੰਨਦਿਆਂ ਕਿਹਾ ਕਿ ਆਪ ਦਾ ਅਸਲ ਮਨੋਰਥ ਕੇਜਰੀਵਾਲ ਨੂੰ ਮੁੱਖ ਮੰਤਰੀ ਚਿਹਰਾ ਬਣਾਉਣਾ ਹੈ ਤੇ ਪੰਜਾਬੀ ਇਸ ਖੇਡ ਨੂੰ ਸਮਝਦੇ ਹਨ ਤੇ ਉਹ ਆਪ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ। ਪ੍ਰੋਗਰਾਮ ਦੌਰਾਨ ਦਰਜਨ ਦੇ ਕਰੀਬ ਯੂਨੀਅਨਾ ਤੇ ਐਸੋਸੀਏਸ਼ਨਾਂ ਨੇ ਆਪਣੇ ਮੰਗ ਪੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੇ ਤੇ ਉਹਨਾਂ ਨੇ ਭਰੋਸਾ ਦੁਆਇਆ ਕਿ ਸੂਬੇ ਵਿੱਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਆਉਣ ’ਤੇ ਉਹ ਜੋ ਸੰਭਵ ਹੋ ਸਕੇਗਾ ਉਹਨਾਂ ਵਾਸਤੇ ਕਰਨਗੇ। ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਦੇ ਪੋਸਟਰ ਪਾੜਨ 'ਤੇ ਭੜਕੇ ਟਰੱਕ ਚਾਲਕ, ਵਿਰੋਧੀਆਂ ਨੂੰ ਦਿੱਤਾ ਮੂੰਹ ਤੋੜ ਜਵਾਬ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਿਤ ਗੁਪਤਾ, ਅਮਿਤ ਕਪੂਰ ਤੇ ਬਲਕਾਰ ਬਰਾੜ ਵੀ ਹਾਜ਼ਰ ਸਨ। -PTC News


Top News view more...

Latest News view more...