ਯੂ. ਕੇ. ਦੀਆਂ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਢੱਡਰੀਆਂ ਵਾਲਾ ਤੇ ਸਾਥੀ ਖ਼ਿਲਾਫ਼ ਮੰਗੀ ਕਾਰਵਾਈ

Asr

ਯੂ. ਕੇ. ਦੀਆਂ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਢੱਡਰੀਆਂ ਵਾਲਾ ਤੇ ਸਾਥੀ ਖ਼ਿਲਾਫ਼ ਮੰਗੀ ਕਾਰਵਾਈ

ਤਿੰਨ ਮੈਂਬਰੀ ਵਫ਼ਦ ਨੇ ਸੈਂਕੜੇ ਦਸਤਖਤਾਂ ਵਾਲਾ ਮੰਗ ਪੱਤਰ ਅਤੇ ਪਾਸ ਕੀਤੇ ਮਤੇ ਸੌਂਪੇ

ਦੇਸ਼ ਵਿਦੇਸ਼ ‘ਚ ਢੱਡਰੀਆਂ ਵਾਲਾ ਖ਼ਿਲਾਫ਼ ਸ਼ਰਧਾਵਾਨ ਸਿੱਖਾਂ ‘ਚ ਵੱਧ ਰਿਹਾ ਰੋਸ : ਪ੍ਰੋ: ਸਰਚਾਂਦ ਸਿੰਘ

ਸ੍ਰੀ ਅੰਮ੍ਰਿਤਸਰ ਸਾਹਿਬ: ਯੂ. ਕੇ. ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੇ ਵਫ਼ਦ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ‘ਚ ਪੁੱਜ ਕੇ ਵਿਵਾਦਿਤ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਹਰਿੰਦਰ ਸਿੰਘ ਖ਼ਿਲਾਫ਼ ਪੰਥਕ ਰਵਾਇਤਾਂ ਮੁਤਾਬਿਕ ਕਾਰਵਾਈ ਲਈ ਅਪੀਲ ਕੀਤੀ ਗਈ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਹਾਇਕ ਜਸਪਾਲ ਸਿੰਘ ਨੂੰ ਤਿੰਨ ਮੈਂਬਰੀ ਵਫ਼ਦ ਜਿਨ੍ਹਾਂ ‘ਚ ਮਹਿੰਦਰ ਸਿੰਘ ਬਰਮਿੰਘਮ, ਜਸਵਿੰਦਰ ਸਿੰਘ ਯੂ. ਕੇ. ਅਤੇ ਗੁਰਵਾਕ ਸਿੰਘ ਸ਼ਾਮਿਲ ਹਨ ਵੱਲੋਂ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਜਥੇਦਾਰ ਦੇ ਸਹਾਇਕ ਜਸਪਾਲ ਸਿੰਘ ਨੇ ਦਸਿਆ ਕਿ ਭਾਈ ਢੱਡਰੀਆਂ ਵਾਲਾ ਅਤੇ ਹਰਿੰਦਰ ਸਿੰਘ ਖ਼ਿਲਾਫ਼ ਯੂ. ਕੇ. ਦੀਆਂ ਸਿੱਖ ਜਥੇਬੰਦੀਆਂ ਵੱਲੋਂ ਦਿਤਾ ਗਿਆ ਮੰਗ ਪੱਤਰ ਅਤੇ ਪਾਸ ਕੀਤੇ ਗਏ ਮਤੇ ਜਥੇਦਾਰ ਸਾਹਿਬ ਦੇ ਵਿਚਾਰ ਲਈ ਪੇਸ਼ ਕੀਤਾ ਜਾਵੇਗਾ, ਉਨ੍ਹਾਂ ਦੱਸਿਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਢੱਡਰੀਆਂ ਵਾਲਾ ਦੇ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਸੰਬੰਧੀ ਬਣਾਈ ਗਈ ਪੰਜ ਮੈਂਬਰੀ ਜਾਂਚ ਕਮੇਟੀ ਆਪਣਾ ਕੰਮ ਕਰ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਜਥੇਦਾਰ ਵੱਲੋਂ ਸਿੰਘ ਸਾਹਿਬਾਨ ਨਾਲ ਵਿਚਾਰ ਕਰਦਿਆਂ ਆਪਣਾ ਫ਼ੈਸਲਾ ਸੁਣਾਇਆ ਜਾਵੇਗਾ।

ਹੋਰ ਪੜ੍ਹੋ: ਜੂਨ 1984 ਦੇ ਹਮਲੇ ਸਮੇਂ ਪ੍ਰਭਾਵਿਤ ਹੋਈ ਡਿਓੜੀ ਦੀ ਸਾਂਭ ਸੰਭਾਲ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਆਰੰਭ

ਵਫ਼ਦ ਦੀ ਤਰਫ਼ੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਯੂ. ਕੇ ਦੀ ਸੰਗਤ ਦੇ ਫ਼ੈਸਲੇ ਦਾ ਪੁਰਜ਼ੋਰ ਸਵਾਗਤ ਕੀਤਾ ਅਤੇ ਦਸਿਆ ਕਿ ਗੁਰਮਤਿ ਦੇ ਉਲਟ ਪ੍ਰਚਾਰ ਨੂੰ ਲੈ ਕੇ ਢੱਡਰੀਆਂ ਵਾਲਾ ਖ਼ਿਲਾਫ਼ ਸ਼ਰਧਾਵਾਨ ਸਿੱਖਾਂ ‘ਚ ਰੋਸ ਵੱਧ ਰਿਹਾ ਹੈ। ਦੇਸ਼ ਵਿਦੇਸ਼ ‘ਚ ਥਾਂ ਥਾਂ ਇਨ੍ਹਾਂ ਸੰਬੰਧੀ ਬਾਈਕਾਟ ਦਾ ਸਿਲਸਿਲਾ ਤੇਜ ਹੋ ਰਿਹਾ ਹੈ।

ਉਨ੍ਹਾਂ ਦਸਿਆ ਕਿ ਸਿੱਖ ਕੌਂਸਲ ਯੂ. ਕੇ. ਦੇ ਸਕੱਤਰ ਜਨਰਲ ਜਤਿੰਦਰ ਸਿੰਘ ਅਤੇ ਬੁਲਾਰੇ ਸੁਖਜੀਤ ਸਿੰਘ ਵੱਲੋਂ ਭੇਜੇ ਗਏ ਪੱਤਰ ਜਿਸ ਵਿਚ ਸੈਂਕੜੇ ਸ਼ਖ਼ਸੀਅਤਾਂ ਵੱਲੋਂ ਦਸਤਖ਼ਤ ਕੀਤੇ ਗਏ ਹਨ, ਵਿਚ ਕਿਹਾ ਗਿਆ ਕਿ ਸਿੱਖ ਕੌਂਸਲ ਵੱਲੋਂ 21 ਦਸੰਬਰ ਨੂੰ ਗੁਰਦੁਆਰਾ ਹਰਿ ਰਾਏ ਸਾਹਿਬ ਬਰਮਿੰਘਮ ਵਿਖੇ ਬੁਲਾਈ ਗਈ ਪੰਥਕ ਇਕੱਤਰਤਾ ਦੌਰਾਨ ਦੀਰਘ ਵਿਚਾਰਾਂ ਉਪਰੰਤ ਇਕ ਰਾਏ ਨਾਲ ਮਤੇ ਪਾਸ ਕਰਦਿਆਂ ਹਰਿੰਦਰ ਸਿੰਘ ਜਥਾ ਨਿਰਵੈਰ ਖ਼ਾਲਸਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਸੰਬੰਧੀ ਇਤਰਾਜ਼ਯੋਗ ਟਿੱਪਣੀਆਂ ਅਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਵੱਲੋਂ ਪੰਥ ‘ਚ ਫੁੱਟ ਅਤੇ ਸ਼ੰਕਾ ਪਾਊ ਪ੍ਰਚਾਰ ਖ਼ਿਲਾਫ਼ ਸਮੂਹ ਸੰਗਤ, ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਦਾ ਇਜ਼ਹਾਰ ਕਰਦਿਆਂ ਇਨ੍ਹਾਂ ਖ਼ਿਲਾਫ਼ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ।

ਯੂ ਕੇ ਦੀਆਂ ਸਿਖ ਸੰਗਠਨਾਂ ਦੇ ਇਕੱਠ ਨੇ ਉਕਤ ਵਿਵਾਦਿਤ ਪ੍ਰਚਾਰਕਾਂ ਪ੍ਰਤੀ ਯੂ. ਕੇ. ਵਿਚ ਕਿਸੇ ਵੀ ਜਗਾ ਪ੍ਰਚਾਰ ਕਰਨ ‘ਤੇ ਮੁਕੰਮਲ ਪਾਬੰਦੀ ਲਾਉਂਦਿਆਂ ਅਤੇ ਸੰਸਾਰ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਉਕਤ ਦੋਹਾਂ ਦਾ ਮੁਕੰਮਲ ਬਾਈਕਾਟ ਕਰਨ, ਪ੍ਰਚਾਰ ਲਈ ਬੁੱਕ ਨਾ ਕਰਨ ਤੋਂ ਇਲਾਵਾ ਮੀਡੀਆ ਨੂੰ ਵੀ ਇਨ੍ਹਾਂ ਨੂੰ ਬੇਲੋੜੀ ਅਹਿਮੀਅਤ ਨਾ ਦੇਣ ਦੀ ਅਪੀਲ ਕੀਤੀ ਗਈ। ਮਤੇ ‘ਚ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਕਤ ਦੋਹਾਂ ਵਿਰੁੱਧ ਪੰਥਕ ਰਵਾਇਤਾਂ ਮੁਤਾਬਿਕ ਢੁਕਵੀਂ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ।

ਇਹ ਵੀ ਮਤਾ ਪਕਾਇਆ ਗਿਆ ਕਿ ਉਕਤ ਦੋਹਾਂ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦ ਤਕ ਕੋਈ ਫ਼ੈਸਲਾ ਨਹੀਂ ਆਉਂਦਾ ਕੋਈ ਵੀ ਨਿੱਜੀ ਜਾਂ ਜਥੇਬੰਦਕ ਤੌਰ ‘ਤੇ ਕੋਈ ਸਾਂਝ ਨਾ ਰੱਖਦਿਆਂ ਸਮਾਜਕ ਬਾਈਕਾਟ ਕੀਤਾ ਜਾਵੇ। ਯੂ ਕੇ ਸਿੱਖ ਕੌਂਸਲ ਨੇ ਉਕਤ ਪ੍ਰਚਾਰਕਾਂ ਵੱਲੋਂ ਸਿਖੀ ਸਿਧਾਂਤਾਂ ਦੇ ਉਲਟ ਕੀਤੀਆਂ ਗਈਆਂ ਟਿੱਪਣੀਆਂ ਨੂੰ ਮੂਲੋ ਰੱਦ ਕੀਤਾ ਅਤੇ ਮੰਗ ਕੀਤੀ ਕਿ ਕੌਮ ਨੂੰ ਫੁੱਟ ਤੋਂ ਬਚਾਇਆ ਜਾਵੇ ਅਤੇ ਅਧਿਆਤਮਕ ਪ੍ਰੈਕਟਿਸ ਦੇ ਨਾਲ ਨਾਲ ਸਿਖੀ ਅਸੂਲਾਂ ਵਿਚ ਭਰੋਸਾ ਮਜ਼ਬੂਤ ਕੀਤਾ ਜਾਵੇ।

ਉਨ੍ਹਾਂ ਪ੍ਰਚਾਰਕਾਂ ਤੋਂ ਮਰਿਆਦਾ ਵਿਚ ਰਹਿ ਕੇ ਪ੍ਰਚਾਰ ਕਰਨ ਅਤੇ ਵਿਵਾਦ ਪੂਰਨ ਮੁੱਦਿਆਂ ਤੋਂ ਬਚਣ ਦੀ ਲੋਚਾ ਕੀਤੀ। ਮੰਗ ਪੱਤਰ ਵਿਚ ਇਹ ਵੀ ਵਿਚਾਰ ਦਿਤਾ ਕਿ ਇਕ ਅਜਿਹਾ ਪੈਨਲ ਦਾ ਗਠਨ ਕੀਤਾ ਜਾਵੇ ਜਿਹੜਾ ਪ੍ਰਚਾਰਕਾਂ ਨਾਲ ਸੰਬੰਧਿਤ ਮੁੱਦਿਆਂ ਪ੍ਰਤੀ ਪ੍ਰਵਾਨਿਤ ਸਿਧਾਂਤਾਂ ਦੇ ਅਧਾਰ ‘ਤੇ ਨਿਰਪੱਖ ਅਤੇ ਬਰਾਬਰੀ ਦੀ ਭਾਵਨਾ ਨਾਲ ਨਜਿੱਠਿਆ ਜਾ ਸਕੇ।

ਅਖੀਰ ‘ਚ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦ ਤਕ ਫ਼ੈਸਲਾ ਨਹੀਂ ਆਉਂਦਾ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਹਰਿੰਦਰ ਸਿੰਘ ਨੂੰ ਕੋਈ ਵੀ ਪ੍ਰੋਗਰਾਮ ਇੰਗਲੈਂਡ ‘ਚ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਸਵੈਜੀਤ ਸਿੰਘ ਸਿਆਲਕਾ, ਇਕਬਾਲ ਸਿੰਘ ਜੰਡਿਆਲਾ ਗੁਰੂ ਅਤੇ ਸ੍ਰੀ ਰੋਹਿਤ ਸ਼ਰਮਾ ਵੀ ਮੌਜੂਦ ਸਨ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ Subscribe ਕਰੋ:

-PTC News