ਮੁੱਖ ਖਬਰਾਂ

ਦਸਵੇਂ ਪਾਤਸ਼ਾਹ ਦੀ ਐਨੀਮੇਟਿਡ ਵੀਡੀਓ ਬਣਾਉਣ ਲਈ ਵਿਵੇਕ ਬਿੰਦਰਾ ਨੇ ਕੌਮ ਤੋਂ ਮੰਗੀ ਮੁਆਫ਼ੀ

By Jasmeet Singh -- August 05, 2022 1:17 pm -- Updated:August 05, 2022 1:29 pm

ਸ੍ਰੀ ਅੰਮ੍ਰਿਤਸਰ ਸਾਹਿਬ, 5 ਅਗਸਤ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ. ਵਿਵੇਕ ਬਿੰਦਰਾ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦਾ ਫਿਲਮਾਂਕਣ ਕਰਨ ਅਤੇ ਸਿੱਖ ਇਤਿਹਾਸ ਨੂੰ ਗਲਤ ਰੂਪ ਵਿਚ ਪੇਸ਼ ਕਰਨ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਬਿੰਦਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਜਿਸਤੋਂ ਬਾਅਦ ਬਿੰਦਰਾ ਨੇ ਸਿੱਖ ਪੰਥ ਤੋਂ ਮੁਆਫ਼ੀ ਮੰਗੀ ਹੈ।


ਇਸ ਸਬੰਧੀ ਵਿਵੇਕ ਬਿੰਦਰਾ ਨੇ ਕੰਪਨੀ ਦੇ ਲੈਟਰਹੈੱਡ 'ਤੇ ਮੁਆਫ਼ੀਨਾਮਾ ਲਿੱਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਹੈ | ਦੱਸ ਦੇਈਏ ਕਿ ਵਿਵੇਕ ਬਿੰਦਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸ ਨਾਲ ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਨੇ ਵਿਵੇਕ ਬਿੰਦਰਾ ਦੀ ਇਸ ਵੀਡੀਓ 'ਤੇ ਇਤਰਾਜ਼ ਜ਼ਾਹਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤਾਂ ਭੇਜੀਆਂ ਸਨ। ਤੁਰੰਤ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਵਿਵੇਕ ਬਿੰਦਰਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੁਆਫੀ ਮੰਗਣ ਅਤੇ ਵੀਡੀਓ ਹਟਾਉਣ ਦੀ ਹਦਾਇਤ ਦਿੱਤੀ ਸੀ।

ਇਸਤੇ ਸ਼੍ਰੋਮਣੀ ਕਮੇਟੀ ਵੱਲੋਂ ਡਾ. ਵਿਵੇਕ ਬਿੰਦਰਾ ਵਿਰੁੱਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਵਾਉਣ ਲਈ ਵੀ ਕਾਰਵਾਈ ਕੀਤੀ ਗਈ। ਦਰਜ ਕੀਤੀਆਂ ਸ਼ਿਕਾਇਤਾਂ ਵਿੱਚ ਕਿਹਾ ਗਿਆ ਕਿ ਵਿਵੇਕ ਬਿੰਦਰਾ ਵੱਲੋਂ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਸਬੰਧੀ ਗਲਤ ਤੱਥ ਪੇਸ਼ ਕੀਤਾ ਗਿਆ ਤੇ ਪਾਤਸ਼ਾਹ ਦਾ ਕਾਰਟੂਨ ਵੀ ਅਪਲੋਡ ਕੀਤਾ ਗਿਆ।

ਹੁਣ ਵਿਵੇਕ ਬਿੰਦਰਾ ਨੇ ਆਪਣੀ ਕੰਪਨੀ ਦੇ ਲੈਟਰਹੈੱਡ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਮੁਆਫ਼ੀ ਪੱਤਰ ਭੇਜਿਆ ਹੈ। ਬਿੰਦਰਾ ਨੇ ਕਿਹਾ ਕਿ ਸਾਨੂੰ ਤੁਹਾਡੀ ਮੇਲ/ਸੰਚਾਰ ਦੀ ਪ੍ਰਾਪਤੀ ਹੋਈ ਹੈ, ਜਿਸ ਵਿੱਚ ਇੱਕ ਵੀਡੀਓ ਦੇ ਇੱਕ ਹਿੱਸੇ ਦੀ ਗਲਤ ਵਿਆਖਿਆ ਕੀਤੀ ਗਈ ਹੈ ਅਤੇ ਹੋ ਸਕਦਾ ਹੈ ਕਿ ਇਸ ਵੀਡੀਓ ਨੇ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕੀਤਾ ਹੋਵੇ, ਮੁੱਖ ਤੌਰ 'ਤੇ ਸਿੱਖ ਭਾਈਚਾਰੇ ਨੂੰ।

ਬਿੰਦਰਾ ਨੇ ਕਿਹਾ ਕਿ ਸਾਡਾ ਇਰਾਦਾ ਕਦੇ ਕਿਸੇ ਨੂੰ ਦੁਖੀ ਕਰਨਾ ਨਹੀਂ ਸੀ। ਅਸੀਂ ਸਿੱਖ ਪੰਥ, 10 ਗੁਰੂਆਂ ਜਾਂ ਸਾਹਿਬਜ਼ਾਦਿਆਂ ਨੂੰ ਠੇਸ ਪਹੁੰਚਾਉਣ ਦਾ ਸੁਪਨਾ ਵੀ ਨਹੀਂ ਦੇਖ ਸਕਦੇ। ਸਾਡਾ ਇਰਾਦਾ ਕਿਸੇ ਦਾ ਵੀ ਨਿਰਾਦਰ ਕਰਨਾ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਸ ਲਈ ਅਸੀਂ 10 ਗੁਰੂਆਂ ਜਾਂ ਸਾਹਿਬਜ਼ਾਦਿਆਂ ਦੀ ਜਾਣਕਾਰੀ 'ਚ ਸੋਧ ਦੀ ਮੰਗ ਕਰਦੇ ਹਾਂ ਅਤੇ ਪਹਿਲਾਂ ਹੀ ਪ੍ਰਭਾਵੀ ਕਦਮ ਚੁੱਕੇ ਹਨ ਅਤੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਕਿਸੇ ਦੀਆਂ ਭਾਵਨਾਵਾਂ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਵੀਡੀਓ ਦੇ ਹਿੱਸੇ ਨੂੰ ਵਾਪਸ ਲੈ ਲਿਆ ਹੈ। ਨਾਲ ਹੀ ਅਗਲੀ ਵੀਡੀਓ ਵਿੱਚ ਅਸੀਂ ਵਿਸ਼ਾਲ, ਅਮੀਰ ਅਤੇ ਗੌਰਵਸ਼ਾਲੀ ਸਿੱਖ ਇਤਿਹਾਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਗੁਰੂ ਸਾਹਿਬ ਅਤੇ ਸਿੱਖ ਪੰਥ ਨੂੰ ਆਪਣਾ ਸਤਿਕਾਰ ਭੇਟ ਕਰਾਂਗੇ।


-PTC News

  • Share