Coronavirus Vaccine update- ਕੋਵਿਡ-19 ਦੀ ਸਟੀਕ ਦਵਾਈ ਸੰਭਵ ਨਹੀਂ- ਵਿਸ਼ਵ ਸਿਹਤ ਸੰਗਠਨ

By Kaveri Joshi - August 04, 2020 2:08 pm

ਜਨੇਵਾ-Coronavirus Vaccine update-ਕੋਵਿਡ-19 ਦੀ ਸਟੀਕ ਦਵਾਈ ਸੰਭਵ ਨਹੀਂ- ਵਿਸ਼ਵ ਸਿਹਤ ਸੰਗਠਨ : ਕੋਰੋਨਾ ਵਾਇਰਸ ਤੋਂ ਬਚਾਅ ਵਾਸਤੇ ਦਵਾਈ ਤਿਆਰ ਕਰਨ ਲਈ ਬੇਸ਼ਕ ਭਾਰਤ ਅਤੇ ਹੋਰਨਾਂ ਦੇਸ਼ਾਂ 'ਚ ਖੋਜਾਂ ਅਤੇ ਤਿਆਰ ਕੀਤੀਆਂ ਦਵਾਈਆਂ ਦੇ ਟ੍ਰਾਇਲ ਜਾਰੀ ਹਨ , ਪਰ ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਵੈਕਸੀਨ ਦੇ ਆਉਣ ਦੀ ਪੱਕੀ ਉਮੀਦ ਦੇ ਬਾਵਜੂਦ ਵੀ , ਇਹ ਕਦੀ ਸੰਭਵ ਨਹੀਂ ਹੋ ਸਕਦਾ ਕਿ ਕੋਰੋਨਾ ਦੀ ਕੋਈ ਸਟੀਕ ਦਵਾਈ ਆ ਸਕੇ। ਵਿਸ਼ਵ ਸਿਹਤ ਸੰਗਠਨ ਨੇ ਖ਼ਬਰਦਾਰ ਕਰਦੇ ਹੋਏ ਇਹ ਵੀ ਆਖਿਆ ਕਿ ਕੋਰੋਨਾ ਤੋਂ ਉਭਰਨ ਅਤੇ ਹਾਲਾਤ ਆਮ ਹੋਣ 'ਚ ਬਹੁਤ ਲੰਬਾ ਸਮਾਂ ਲੱਗ ਸਕਦਾ ਹੈ ।

ਜਨੇਵਾ ਸਥਿਤ ਹੈੱਡ ਕੁਆਰਟਰ ਤੋਂ ਇਕ ਵਰਚੁਅਲ ਬ੍ਰੀਫਿੰਗ ਦੌਰਾਨ Who ਦੇ ਡਾਇਰੈਕਟਰ ਟੇਡ੍ਰੋਸ ਅਦਨੋਮ ਘੇਬਰੇਸਸ ( Tedros Adhanom) ਨੇ ਕਿਹਾ ਕਿ ਸਰਕਾਰਾਂ ਅਤੇ ਲੋਕਾਂ ਲਈ ਇਹ ਸੁਨੇਹਾ ਹੈ ਕਿ ਆਪਣੇ ਬਚਾਅ ਲਈ ਜੋ ਵੀ ਕੁਝ ਹੋ ਸਕਦਾ ਹੈ ਉਹ ਸਭ ਕਰੋ ।ਵਿਸ਼ਵ ਭਰ 'ਚ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਸੁਰੱਖਿਆ ਮਾਸਕ ( face mask ) ਲਾਜ਼ਮੀ ਹੈ । ਸੰਯੁਕਤ ਰਾਸ਼ਟਰ ਦੀ ਸਿਹਤ ਸੰਸਥਾ ਨੇ ਕਿਹਾ ਕਿ ਜਿਹੜੇ ਵੈਕਸੀਨ ਦੇ ਟਰਾਇਲ ਦੇਸ਼ਾਂ 'ਚ ਹੋ ਰਹੇ ਹਨ , ਉਹਨਾਂ ਬਾਰੇ ਉਮੀਦ ਲਗਾਈ ਜਾ ਰਹੀ ਹੈ ਕਿ ਇਹਨਾਂ ਸਾਰਿਆਂ 'ਚੋਂ ਕੋਈ ਨਾ ਕੋਈ ਵੈਕਸੀਨ ਅਸਰਦਾਰ ਸਾਬਿਤ ਹੋਵੇਗੀ , ਜਿਸ ਨਾਲ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਇੱਕ ਕਾਰਗਰ ਹਥਿਆਰ ਮਿਲੇਗਾ ।

ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅਜਿਹੀ ਕੋਈ ਅਚੂਕ ਦਵਾਈ ਨਹੀਂ ਹੈ ਤੇ ਸੰਭਵ ਹੈ ਕਿ ਅਜਿਹੀ ਦਵਾਈ ਕਦੇ ਬਣ ਵੀ ਨਾ ਸਕੇ , ਸੋ ਉਹਨਾਂ ਨੇ ਸਾਰਿਆਂ ਨੂੰ ਇੱਕ ਦੂਜੇ ਤੋਂ ਸਰੀਰਕ ਦੂਰੀ , ਸੁਰੱਖਿਆ ਕਵਚ (ਫੇਸ ਮਾਸਕ ) , ਸਮੇਂ-ਸਮੇਂ 'ਤੇ ਹੱਥ ਧੋਣਾ Hand Sanitizers ਜਿਹੇ ਬਚਾਅ ਹਿੱਤ ਉਪਾਅ ਅਪਨਾਉਣ ਦੀ ਅਪੀਲ ਕੀਤੀ ਹੈ ।

ਗ਼ੌਰਤਲਬ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ WHO ਨੇ ਕੋਰੋਨਾਵਾਇਰਸ ਵੈਕਸੀਨ ਦੇ ਸੰਦਰਭ 'ਚ ਉਤਸੁਕਤਾ ਨੂੰ ਖ਼ਤਮ ਕਰਨ ਲਈ ਕੋਸ਼ਿਸ਼ ਕੀਤੀ ਹੈ ।ਪਹਿਲਾਂ ਵੀ ਕਈ ਵਾਰ ਵਿਸ਼ਵ ਸਿਹਤ ਸੰਗਠਨ ਨੇ ਲੋਕਾਂ ਨੂੰ ਵੈਕਸੀਨ ਦੀ ਤਿਆਰੀ ਦੇ ਸਬੰਧ 'ਚ ਅਨਿਸ਼ਚਿਤਤਾਵਾਂ ਬਾਰੇ ਯਾਦ ਦਿਵਾਇਆ ਹੈ, ਅਤੇ ਇੱਥੋਂ ਤੱਕ ਕਿ ਇਹ ਵੀ ਕਿਹਾ ਹੈ ਕਿ ਕੋਰਨਾਵਾਇਰਸ ਵੈਕਸੀਨ ਦੀ ਭਾਲ ਅਸਫ਼ਲ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਦੱਸ ਦੇਈਏ ਕਿ ਵਿਸ਼ਵ 'ਚ ਕੋਰੋਨਾ ਕੇਸਾਂ ਦੀ ਗਿਣਤੀ 18,456,665 ਦਰਜ ਕੀਤੀ ਗਈ ਹੈ ਅਤੇ ਕੁੱਲ ਮਿਲਾ ਕੇ 697,700 ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ ਹੈ । ਕੋਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਚਲਦੇ ਵੈਕਸੀਨ 'ਤੇ ਵੀ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਪਰ ਵਿਸ਼ਵ ਸਿਹਤ ਸੰਗਠਨ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਲੋਕਾਂ ਦੀ ਆਸ ਨੂੰ ਦੁਚਿੱਤੀ 'ਚ ਪਾ ਦਿੱਤਾ ਹੈ । ਫਿਲਹਾਲ ਦੇਖਦੇ ਹਾਂ ਅੱਗੇ ਜਾ ਕਿ ਤਿਆਰ ਕੀਤੀਆਂ ਜਾ ਰਹੀਆਂ ਵੈਕਸੀਨਜ਼ ਕਿੰਨੀਆਂ ਕਾਰਗਰ ਸਾਬਿਤ ਹੁੰਦੀਆਂ ਹਨ ।

adv-img
adv-img