ਪਤੀ-ਪਤਨੀ ਵਿਚਾਲੇ ਹੋਏ ਝਗੜੇ ਦੌਰਾਨ ਚੱਲੀ ਗੋਲੀ, ਪਤਨੀ ਤੇ ਭਤੀਜੀ ਜ਼ਖ਼ਮੀ
ਅੰਮ੍ਰਿਤਸਰ: ਅੰਮ੍ਰਿਤਸਰ ਦੀ ਨਹਿਰੂ ਕਾਲੋਨੀ 'ਚ ਪਤੀ-ਪਤਨੀ ਵਿਚਾਲੇ ਹੋਏ ਝਗੜੇ ਦੌਰਾਨ ਪਤੀ ਵੱਲੋਂ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਇਕ ਗੋਲੀ ਉਸ ਦੀ ਭਤੀਜੀ ਨੂੰ ਲੱਗੀ ਤੇ ਇਕ ਗੋਲੀ ਉਸ ਦੀ ਪਤਨੀ ਨੂੰ ਲੱਗੀ ਹੈ। ਇਨ੍ਹਾਂ ਦੋਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦਲਜੀਤ ਸਿੰਘ 'ਤੇ ਵੀ ਇਹੀ ਗੋਲੀ ਚੱਲੀ ਜਿਸ ਤੋਂ ਬਾਅਦ , ਉਹ ਹਵਾ 'ਚ ਫਾਇਰਿੰਗ ਕਰਦੇ ਹੋਏ ਉਥੋਂ ਫਰਾਰ ਹੋ ਗਿਆ।
ਦੱਸਣਯੋਗ ਹੈ ਕਿ ਇਹ ਮਾਮਲਾ ਅੰਮ੍ਰਿਤਸਰ ਦੀ ਨਹਿਰੂ ਕਲੋਨੀ ਦਾ ਹੈ, ਜਿੱਥੇ ਪਤੀ-ਪਤਨੀ 'ਚ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਪਿਛਲੇ 1 ਮਹੀਨੇ ਤੋਂ ਝਗੜੇ ਦੇ ਚੱਲਦੇ ਪਤਨੀ ਆਪਣੇ ਪੇਕੇ ਘਰ 'ਚ ਰਹਿ ਰਹੀ ਸੀ। ਪਤਨੀ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਦੇ ਪੇਕੇ ਘਰੋਂ 15 ਲੱਖ ਰੁਪਏ ਲਿਆਉਣ ਦੀ ਮੰਗ ਕਰ ਰਿਹਾ ਸੀ, ਜਿਸ ਨੂੰ ਉਹ ਪੂਰਾ ਨਹੀਂ ਕਰ ਰਹੀ ਸੀ, ਜਿਸ ਕਾਰਨ ਉਸ ਦਾ ਪਿਛਲੇ ਕਾਫੀ ਸਮੇਂ ਤੋਂ ਉਸ ਨਾਲ ਝਗੜਾ ਚੱਲ ਰਿਹਾ ਸੀ ਅਤੇ 1 ਮਹੀਨੇ ਤੋਂ ਉਹ ਆਪਣੇ ਪੇਕੇ ਘਰ ਜਾ ਰਹਿ ਰਹੀ ਸੀ।
ਇਸ ਦੌਰਾਨ ਜਦੋ ਉਸਦਾ ਪਤੀ ਪੇਕੇ ਘਰ ਆਇਆ ਤੇ ਆ ਕੇ ਉਸ ਨਾਲ ਬਹਿਸ ਕਰਨ 'ਤੇ ਉਸ ਨੇ ਗੁੱਸੇ 'ਚ ਆ ਕੇ ਆਪਣਾ ਰਿਵਾਲਵਰ ਕੱਢ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਮਾਂ ਬਣਨ ਦੇ 1 ਮਹੀਨੇ ਬਾਅਦ ਭਾਰਤੀ ਸਿੰਘ ਨੇ ਕੀਤੀ ਦੂਜੇ ਬੱਚੇ ਦੀ ਪਲਾਨਿੰਗ!
ਪਹਿਲੀ ਗੋਲੀ ਨੇੜੇ ਖੜ੍ਹੀ ਉਸ ਦੀ ਭਤੀਜੀ ਨੂੰ ਲੱਗੀ ਅਤੇ ਦੂਜੀ ਗੋਲੀ ਪਤਨੀ ਨੂੰ ਲੱਗੀ, ਇਸ ਤੋਂ ਬਾਅਦ ਦਲਜੀਤ ਹਵਾ 'ਚ ਫਾਇਰ ਕਰਦਾ ਹੋਇਆ ਭੱਜ ਗਿਆ। ਹੁਣ ਦੋਨਾਂ ਨੂੰ ਹਸਪਤਾਲ ਦਾਖ਼ਿਲ ਕਰਵਾਇਆ ਗਿਆ ਹੈ।
ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗੋਲੀ ਚਲਾਉਣ ਵਾਲਾ ਦਲਜੀਤ ਸਿੰਘ ਅਜੇ ਫਰਾਰ ਹੈ, ਜਿਸ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ।
(ਮਨਿੰਦਰ ਸਿੰਘ ਮੋਗਾ)
-PTC News