ਲੁਧਿਆਣਾ 'ਚ ਯੂਥ ਕਾਂਗਰਸ ਦਾ ਬੀਜੇਪੀ ਖ਼ਿਲਾਫ਼ ਹੱਲਾ ਬੋਲ ਪ੍ਰਦਰਸ਼ਨ
ਲੁਧਿਆਣਾ: ਦਿਨੋਂ ਦਿਨ ਵੱਧ ਰਹੀ ਮਹਿੰਗਾਈ ਦੇ ਖਿਲਾਫ਼ ਯੂਥ ਕਾਂਗਰਸ ਵੱਲੋਂ ਲੁਧਿਆਣਾ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਖਿਲਾਫ਼ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਲੁਧਿਆਣਾ ਵਿਚ ਵੀ ਹੱਲਾ ਬੋਲਿਆ ਗਿਆ। ਇਸ ਪ੍ਰਦਰਸ਼ਨ ਦੌਰਾਨ ਬੈਰੀਕੇਡ ਤੇ ਪੁਲੀਸ ਨਾਲ ਧੱਕਾ ਮੁੱਕੀ ਹੋਈ। ਦੱਸ ਦੇਈਏ ਕਿ ਯੂਥ ਕਾਂਗਰਸ ਬੀਜੇਪੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਦਾ ਵਿਰੋਧ ਕਰਨ ਆਈ ਸੀ। ਇਹ ਤਸਵੀਰਾਂ ਲੁਧਿਆਣਾ ਦੇ ਸਮਰਾਲਾ ਚੌਕ ਦੀਆਂ ਨੇ ਜਿੱਥੇ ਬੀਜੇਪੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਵਲੋਂ ਚੰਡੀਗੜ੍ਹ ਰੋਡ ਸਥਿਤ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਾ ਸੀ।
ਇਸ ਦੌਰਾਨ ਵਰਕਰਾਂ ਨਾਲ ਵੀ ਬੈਠਕ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਦੀ ਅਗਵਾਈ ਹੇਠ ਵਰਕਰਾਂ ਨੇ ਜੇ ਪੀ ਨੱਡਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਥ ਕਾਂਗਰਸ ਵਰਕਰ ਪੁਲੀਸ ਦੇ ਨਾਲ ਵੀ ਉਲਝਦੇ ਹੋਏ ਨਜ਼ਰ ਆਏ ਪੁਲੀਸ ਨੇ ਯੂਥ ਕਾਂਗਰਸ ਦੇ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ।
ਇਸ ਦੌਰਾਨ ਪੰਜਾਬ ਯੂਥ ਕਾਂਗਰਸ ਬਰਿੰਦਰ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਵਿਰੋਧ ਜਤਾਉਣ ਲਈ ਪਹੁੰਚੇ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਜਾਣਾ ਸੀ ਪਰ ਉਨ੍ਹਾਂ ਨੂੰ ਪਿੱਛੇ ਰੋਕ ਲਿਆ ਗਿਆ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਧਰਨਾ ਚੁੱਕਵਾ ਦਿੱਤਾ ਗਿਆ।
ਧਰਨਾ ਚੁੱਕੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਲੁਧਿਆਣਾ ਦੇ ਗਲਾਡਾ ਗਰਾਊਂਡ ਵਿਚ ਵਰਕਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਪਹਿਲੀ ਵਾਰ ਭਾਜਪਾ ਨੇ 73 ਸੀਟਾਂ ’ਤੇ ਵਿਧਾਨ ਸਭਾ ਚੋਣ ਲੜੀ, ਜਿਸ ਵਿਚ ਪਾਰਟੀ ਨੂੰ ਭਰਪੂਰ ਸਮਰਥਨ ਮਿਲਿਆ ਹੈ ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅੰਦਰ ਕਮਲ ਦਾ ਫੁੱਲ ਹਰ ਹਾਲਤ ਵਿਚ ਖਿੜੇਗਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਲੋਕ ਕਾਂਗਰਸ ਨੂੰ ਨਕਾਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਨੂੰ ਹਰਾ ਕੇ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਦੇਸ਼ ਦੇ ਲੋਕਾਂ ਦੀ ਭਲਾਈ ਲਈ ਹਰ ਉਪਰਾਲਾ ਕੀਤਾ ਗਿਆ ਹੈ।
-PTC News