Sat, Apr 27, 2024
Whatsapp

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਊ ਦੀ ਵੰਡ ’ਤੇ ਲਗਾਈ ਰੋਕ

Written by  Ms Harneep Kaur Bhullar -- March 27th 2017 10:56 AM
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਊ ਦੀ ਵੰਡ ’ਤੇ ਲਗਾਈ ਰੋਕ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਊ ਦੀ ਵੰਡ ’ਤੇ ਲਗਾਈ ਰੋਕ

ਨਵੀਂ ਦਿੱਲੀ: ਸਰਦਾਰ-ਉਲ-ਕੌਮ ਅਤੇ ਨਿਹੰਗ ਫੌਜ਼ ਬੁੱਢਾ ਦਲ ਦੇ ਚੌਥੇ ਮੁੱਖੀ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਨੂੰ ਸਮਰਪਿਤ 234ਵਾਂ ਦਿੱਲੀ ਫਤਹਿ ਦਿਵਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾਈ ਜਾਹੋਜਲਾਲ ਨਾਲ ਲਾਲ ਕਿਲਾ ਮੈਦਾਨ ਵਿਖੇ ਮਨਾਇਆ ਜਾ ਰਿਹਾ ਹੈ। 2 ਦਿਨੀਂ ਚੱਲਣ ਵਾਲੇ ਸਮਾਗਮ ਦੇ ਪਹਿਲੇ ਦਿਨ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਅਤੇ ਕਥਾਵਾਚਕਾਂ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪਹਿਲੀ ਵਾਰ ਕਮੇਟੀ ਨੇ ਨਿਵੇਕਲੀ ਪਹਿਲ ਕਰਦੇ ਹੋਏ ਸਿਰੋਪਾਊ ਦੀ ਵੰਡ ’ਤੇ ਰੋਕ ਲਗਾ ਦਿੱਤੀ ਹੈ। ਜਿਸਦਾ ਅਸਰ ਇਨ੍ਹਾਂ ਸਮਾਗਮਾਂ ਵਿਚ ਵੀ ਦੇਖਣ ਨੂੰ ਮਿਲਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਣੇ ਆਏ ਹੋਏ ਸਾਰੇ ਪਤਵੰਤੇ ਸਜਣਾ ਅਤੇ ਪ੍ਰਚਾਰਕਾਂ ਨੂੰ ਸਿਰੋਪਾਊ ਦੀ ਥਾਂ ਤੇ ਯਾਦਗਾਰੀ ਚਿੰਨ੍ਹ ਅਤੇ ਕਿਤਾਬਾਂ ਦਾ ਸੈਟ ਭੇਂਟ ਕੀਤਾ ਗਿਆ। ਦਰਅਸਲ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਬੀਤੇ ਦਿਨੀਂ ਫਤਹਿ ਦਿਵਸ ਦੀ ਤਿਆਰੀਆਂ ਸੰਬੰਧੀ ਬੁਲਾਈ ਗਈ ਬੈਠਕ ’ਚ ਇਸ ਗੱਲ ’ਤੇ ਸਖਤੀ ਨਾਲ ਅਮਲ ਕਰਨ ਦੇ ਕਮੇਟੀ ਮੁਲਾਜਮਾ ਨੂੰ ਆਦੇਸ਼ ਦਿੱਤੇ ਗਏ ਸਨ। ਇੱਕ ਅਨੁਮਾਨ ਅਨੁਸਾਰ ਦਿੱਲੀ ਕਮੇਟੀ ਵੱਲੋਂ 1 ਸਾਲ ਵਿਚ ਲਗਭਗ 50 ਲੱਖ ਰੁਪਏ ਦੇ ਸਿਰੋਪਾਊ ਵੰਡੇ ਜਾਂਦੇ ਸਨ। ਜੀ.ਕੇ. ਦਾ ਮੰਨਣਾ ਹੈ ਕਿ ਸਿਰੋਪਾਊ ਗੁਰੂ ਦੀ ਬਖਸ਼ੀਸ਼ ਦਾ ਪ੍ਰਤੀਕ ਹੈ ਇਸ ਕਰਕੇ ਇਸ ਨੂੰ ਜਣੇ-ਖਣੇ ਨੂੰ ਲੰਗਰ ਵਾਂਗ ਵਰਤਾਉਣ ਕਰਕੇ ਸਿਰੋਪਾਊ ਦੇ ਵਕਾਰ ਨੂੰ ਠੇਸ ਪਹੁੰਚਦੀ ਹੈ। ਇਸ ਕਰਕੇ ਸਿਰੋਪਾਊ ਦੀ ਪਰੰਪਰਾ ਨੂੰ ਸੱਚੇ-ਸੁੱਚੇ ਅਰਥਾਂ ਵਿਚ ਬਚਾਉਣ ਲਈ ਕ੍ਰਾਂਤੀਕਾਰੀ ਬਦਲਾਵ ਤਹਿਤ ਇਹ ਫੈਸਲਾ ਲਿਆ ਗਿਆ ਹੈ। ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਗਿਆਨੀ ਗੁਰਬਚਨ ਸਿੰਘ ਨੇ ਕਮੇਟੀ ਵੱਲੋਂ ਜਥੇਦਾਰ ਆਹਲੂਵਾਲੀਆ ਦੀ ਸ਼ਤਾਬਦੀ ਸਣੇ ਕੀਤੇ ਜਾ ਰਹੇ ਸਮੂਹ ਇਤਿਹਾਸਕ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਗਤਾਂ ਨੂੰ ਆਪਣੇ ਮਨਾਂ ’ਤੇ ਫਤਹਿ ਕਰਨ ਦੀ ਸਲਾਹ ਦਿੰਦੇ ਹੋਏ ਗੁਰਮਤਿ ਵਿਰੋਧੀ ਵਿਚਾਰਾਂ ਦੇ ਪ੍ਰਭਾਵ ਨੂੰ ਆਪਣੇ ਸ਼ਰੀਰ ’ਚੋ ਬਾਹਰ ਕਢਣ ਦੀ ਅਪੀਲ ਕੀਤੀ।ਸਮੂਹ ਸੰਗਤਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਤੇ ਸੰਦੇਸ਼ ’ਤੇ ਪਹਿਰਾ ਦੇਣ ਲਈ ਵੀ ਜਥੇਦਾਰ ਜੀ ਨੇ ਪ੍ਰੇਰਿਆ। ਜੀ.ਕੇ. ਨੇ ਦਿੱਲੀ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪੰਥਕ ਕਾਰਜ ਕਰਨ ਵਾਲੀ ਇਸ ਕਮੇਟੀ ਨੂੰ ਮੁੜ ਤੋਂ ਭਾਰੀ ਬਹੁਮੱਤ ਨਾਲ ਜਿਤਾ ਕੇ ਦਿੱਲੀ ਕਮੇਟੀ ਦਾ ਪ੍ਰਬੰਧ ਸੋਂਪਿਆ ਹੈ। ਜੀ.ਕੇ. ਨੇ 2018 ਵਿੱਚ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਗੁਰਪੁਰਬ ਅਤੇ ਜਥੇਦਾਰ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਨੂੰ ਵੱਡੇ ਪੱਧਰ ’ਤੇ ਮਨਾਉਣ ਵਾਸਤੇ ਦਿੱਲੀ ਕਮੇਟੀ ਵੱਲੋਂ ਕੀਤੀਆ ਗਈਆਂ ਤਿਆਰੀਆਂ ਬਾਰੇ ਸੰਗਤਾਂ ਨੂੰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦਿੱਲੀ ਕਮੇਟੀ ਹਮੇਸ਼ਾਂ ਪੰਥਕ ਕਾਰਜਾਂ ਲਈ ਤੱਤਪਰ ਰਹੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਇਨ੍ਹਾਂ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਇਆ ਜਾਵੇਗਾ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਨੇ ਸਮੇਂ-ਸਮੇਂ ਦੇ ਜੋ ਇਤਿਹਾਸਕ ਕਾਰਜ ਕੀਤੇ ਹਨ, ਉਨ੍ਹਾਂ ਦੇ ਸਮੁੱਚੇ ਸੰਸਾਰ ਦੀਆਂ ਸੰਗਤਾਂ ਭਲੀਭਾਂਤ ਜਾਣੂੰ ਹਨ। ਸਿਰਸਾ ਨੇ ਜਿਥੇ ਪਿਛਲੇ ਚਾਰ ਸਾਲਾਂ ਤੋਂ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਸੰਗਤਾਂ ਨੂੰ ਦੱਸਿਆ ਉਥੇ ਨਾਲ ਹੀ ਸਿੱਖ ਨੌਜੁਆਨਾਂ ਨੂੰ ਅੱਜ ਦੀ ਫੈਸ਼ਨ ਪ੍ਰਸਤੀ ਦੇ ਵਿਖਾਵੇ ਤੋਂ ਬੱਚਕੇ ਆਪਣੇ ਆਪ ਨੂੰ ਸਿੱਖੀ ਦੇ ਧੁਰੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਤਾਂ ਜੋ ਅਸੀਂ ਆਪਣੇ ਇਸ ਵੱਡਮੁੱਲੇ ਸਿੱਖ ਵਿਰਸੇ ਨੂੰ ਆਉਣ ਵਾਲੀ ਪਨੀਰੀ ਤੱਕ ਪਹੁੰਚਾ ਸਕੀਏ। ਇਸ ਮੌਕੇ ਜਥੇਦਾਰ ਸਾਹਿਬਾਨ ਦੇ ਨਾਲ ਹੀ ਬਾਬਾ ਜ਼ੋਰਾ ਸਿੰਘ ਬੱਧਨੀ ਕਲਾਂ, ਸੰਤ ਅੰਮ੍ਰਿਤਪਾਲ ਸਿੰਘ ਟਿਕਾਣਾ ਸਾਹਿਬ, ਮਾਸਟਰ ਮਹਿੰਦਰ ਸਿੰਘ ਜੀ ਯੂ.ਐਸ.ਏ., ਹਰਪਾਲ ਸਿੰਘ, ਹਰੀ ਸਿੰਘ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀਆਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸਟੇਟ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਤੇ ਕੁਲਮੋਹਨ ਸਿੰਘ ਨੇ ਬਾਖੂਬੀ ਨਿਭਾਈ। ਕਮੇਟੀ ਦੇ ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਪਰਮਜੀਤ ਸਿੰਘ ਚੰਢੋਕ, ਗੁਰਮੀਤ ਸਿੰਘ ਮੀਤਾ, ਜਤਿੰਦਰਪਾਲ ਸਿੰਘ ਗੋਲਡੀ, ਨਿਸ਼ਾਨ ਸਿੰਘ ਮਾਨ, ਕੁਲਵੰਤ ਸਿੰਘ ਬਾਠ, ਉਂਕਾਰ ਸਿੰਘ ਰਾਜਾ, ਅਮਰਜੀਤ ਸਿੰਘ ਪਿੰਕੀ, ਜਸਮੀਨ ਸਿੰਘ ਨੋਨੀ, ਜਗਦੀਪ ਸਿੰਘ ਕਾਹਲੋਂ, ਵਿਕਰਮ ਸਿੰਘ ਰੋਹਿਣੀ, ਹਰਜੀਤ ਸਿੰਘ ਪੱਪਾ, ਜਸਬੀਰ ਸਿੰਘ ਜੱਸੀ, ਮਨਜੀਤ ਸਿੰਘ ਅੋਲਖ, ਸਰਵਜੀਤ ਸਿੰਘ ਵਿਰਕ ਤੋਂ ਇਲਾਵਾ ਪਟਿਆਲਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਤੋਂ ਇਲਾਵਾ ਹੋਰ ਮੈਂਬਰ ਸਾਹਿਬਾਨ ਤੇ ਪੱਤਵੰਤੇ ਸੱਜਣ ਇਸ ਮੌਕੇ ਮੌਜ਼ੂਦ ਸਨ।


  • Tags

Top News view more...

Latest News view more...