ਲਾਰਡ ਦਲਜੀਤ ਰਾਣਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

0
840
Lord Diljit Rana

ਖੇਡਾਂ ਅਤੇ ਸਿੱਖਿਆ ਚ ਨਿਵੇਸ਼ ਕਰਨ ਲਈ ਦਿਲਚਸਪੀ ਜ਼ਾਹਰ ਕੀਤੀ

ਚੰਡੀਗੜ: ਬਰਤਾਨੀਆ ਦੇ ਭਾਰਤੀ ਮੂਲ ਦੇ ਕਾਰੋਬਾਰੀ ਲਾਰਡ ਦਲਜੀਤ ਰਾਣਾ ਨੇ ਪੰਜਾਬ ਵਿਚ ਵੱਖ-ਵੱਖ ਖੇਤਰਾਂ ਖਾਸ ਤੌਰ ’ਤੇ ਸਿੱਖਿਆ ਤੇ ਖੇਡਾਂ ਵਿਚ ਨਿਵੇਸ਼ ਕਰਨ ’ਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ। ਉਨਾਂ ਵੱਲੋਂ ਫਤਿਹਗੜ ਜ਼ਿਲੇ ਵਿਚ ਆਪਣੇ ਜੱਦੀ ਪਿੰਡ ਸੰਘੋਲ ਵਿਚ ਸਿੱਖਿਆ ਤੇ ਖੇਡਾਂ ਲਈ ਉੱਚ ਦਰਜੇ ਦਾ ਕੇਂਦਰ ਸਥਾਪਤ ਕਰਨ ਦੀ ਵੀ ਇੱਛਾ ਪ੍ਰਗਟਾਈ ਗਈ ਤਾਂ ਕਿ ਪੇਂਡੂ ਵਿਦਿਆਰਥੀਆਂ ਨੂੰ ਇਸ ਦਾ ਲਾਭ ਹੋ ਸਕੇ।

ਉੱਤਰੀ ਆਇਰਲੈਂਡ ਵਿਚ ਭਾਰਤ ਦੇ ਆਨਰੇਰੀ ਕੌਂਸਲ ਲਾਰਡ ਦਲਜੀਤ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਸੂਬੇ ਵਿਚ ਸਿੱਖਿਆ ਤੇ ਖੇਡਾਂ ਨੂੰ ਹੁਲਾਰਾ ਦੇਣ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ।

ਉੱਘੇ ਪ੍ਰਾਪਰਟੀ ਤੇ ਹੋਟਲ ਕਾਰੋਬਾਰੀ ਲਾਰਡ ਦਲਜੀਤ ਨੇ ਖੇਡਾਂ ਤੇ ਸਿੱਖਿਆ ਵਿਚ ਉੱਚ ਦਰਜੇ ਦਾ ਕੇਂਦਰ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ ਤਾਂ ਕਿ ਸੂਬੇ ਵਿਚ ਨੌਜਵਾਨਾਂ ਦੀ ਸ਼ਖਸੀਅਤ ਵਿਕਾਸ ਕੀਤਾ ਜਾ ਸਕੇ।

ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਾਇਆ ਕਿ ਪਿੰਡ ਸੰਘੋਲ ਵਿਖੇ ਸਾਊਥਹਾਲ ਫੁਟਬਾਲ ਕਲੱਬ ਦੇ ਸਹਿਯੋਗ ਨਾਲ ਕੌਮਾਂਤਰੀ ਪੱਧਰ ਦੀ ਫੁਟਬਾਲ ਅਕੈਡਮੀ ਪਹਿਲਾਂ ਹੀ ਸਥਾਪਤ ਕੀਤੀ ਜਾ ਚੁੱਕੀ ਹੈ ਤਾਂ ਕਿ ਉੱਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਫੁਟਬਾਲ ਮੁਕਾਬਲੇਬਾਜ਼ੀ ਲਈ ਤਿਆਰ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਸਥਾਨਕ ਕੋਚਾਂ ਨੂੰ ਸਿਖਲਾਈ ਦੇਣ ਲਈ ਦੂਜੇ ਮੁਲਕਾਂ ਤੋਂ ਅੰਤਰ-ਰਾਸ਼ਟਰੀ ਪੱਧਰ ਦੇ ਕੋਚ ਬੁਲਾਏ ਜਾਣਗੇ ਅਤੇ ਨੌਜਵਾਨਾਂ ਨੂੰ ਵੀ ਵਿਦੇਸ਼ੀ ਟੀਮਾਂ ਨਾਲ ਮੈਚ ਕਰਵਾ ਕੇ ਬਿਹਤਰੀਨ ਮੌਕੇ ਪ੍ਰਦਾਨ ਕੀਤੇ ਜਾਣਗੇ।

ਲਾਰਡ ਦਲਜੀਤ ਨੇ ਸੂਬਾ ਭਰ ਵਿਚ ਵਿਰਾਸਤੀ ਥਾਵਾਂ ਦੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੱਤਾ ਜਿਸ ’ਤੇ ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਨੇ ਅਜਿਹੀਆਂ ਥਾਵਾਂ ਦੀ ਸੰਭਾਲ ਲਈ ਵਿਆਪਕ ਪੱਧਰ ’ਤੇ ਯੋਜਨਾ ਨੂੰ ਪਹਿਲਾਂ ਹੀ ਅਮਲ ਵਿਚ ਲਿਆਂਦਾ ਹੋਇਆ ਹੈ ਜਿਸ ਤਹਿਤ ਪਟਿਆਲਾ ਵਿਚ ਕਿਲਾ ਮੁਬਾਰਕ ਅਤੇ ਅੰਮਿ੍ਰਤਸਰ ਵਿਖੇ ਕਿਲਾ ਗੋਬਿੰਦਗੜ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪਵਿੱਤਰ ਨਗਰੀ ਅੰਮਿ੍ਰਤਸਰ ਵਿਖੇ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਨੂੰ ਪਹਿਲਾਂ ਹੀ ਸਮਰਪਤ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਨੇ ਵਫਦ ਨੂੰ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ਸੂਬੇ ਦੇ ਹਰੇਕ ਕਿਲੇ ਦੀ  ਵਿਰਾਸਤੀ ਦਿੱਖ ਬਹਾਲ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਪ੍ਰਾਇਵੇਟ ਸੈਕਟਰ ਦੀ ਭਾਈਵਾਲੀ ਨਾਲ ਇਨਾਂ ਥਾਵਾਂ ਨੂੰ ਵਿਰਾਸਤੀ ਹੋਟਲਾਂ ਤੇ ਸਬੰਧਤ ਸਥਾਨਾਂ ਵਿਚ ਤਬਦੀਲ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਵਿਰਾਸਤੀ ਸੈਰ-ਸਪਾਟੇ ਨੂੰ ਵੱਡੇ ਪੱਧਰ ’ਤੇ ਉਤਸ਼ਾਹਤ ਕਰੇਗੀ।

ਲਾਰਡ ਦਲਜੀਤ ਨੇ ਸੂਬੇ ਵਿਚ ਇਕ ਯੂਨੀਵਰਸਿਟੀ ਸਥਾਪਤ ਕਰਨ ਦਾ ਪ੍ਰਸਤਾਵ ਵੀ ਰੱਖਿਆ। ਉਨਾਂ ਨੇ ਪਿਛਲੀ ਸਰਕਾਰ ਦੌਰਾਨ ਬੀਤੇ ਦੋ ਸਾਲਾਂ ਤੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਬਕਾਏ ਵਜ਼ੀਫੇ ਦਾ ਮਸਲਾ ਵੀ ਉਠਾਇਆ ਜਿਸ ਸਬੰਧੀ ਮੁੱਖ ਮੰਤਰੀ ਨੇ ਉਨਾਂ ਦੀ ਸਰਕਾਰ ਵੱਲੋਂ ਛੇਤੀ ਜਾਰੀ ਕਰਨ ਦਾ ਭਰੋਸਾ ਦਿਵਾਇਆ।

ਮੁੱਖ ਮੰਤਰੀ ਜਿਨਾਂ ਨਾਲ ਉਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਹਾਜ਼ਰ ਸਨ, ਨੇ ਸਕੂਲ ਪੱਧਰ ’ਤੇ ਹੀ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਇਸ ਦੌਰਾਨ ਕੋਰਡੀਆ ਐਜੂਕੇਸ਼ਨਲ ਇੰਸਟੀਚਿਊਟ ਦੇ ਕਾਰਜਕਾਰੀ ਟਰਸਟੀ ਉਰਮਿਲ ਵਰਮਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨਾਂ ਦੀ ਸੰਸਥਾ ਵੱਲੋਂ 22 ਖੇਤਰਾਂ ਵਿਚ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਕਿ ਸਾਡੇ ਨੌਜਵਾਨ ਕੌਮਾਂਤਰੀ ਪੱਧਰ ਦੇ ਆਪਣੇ ਹਾਣੀਆਂ ਦਾ ਮੁਕਾਬਲਾ ਕਰਨ ਯੋਗ ਹੋ ਸਕਣ।

—PTC News