Sun, May 19, 2024
Whatsapp

ਚੌਥੇ ਕਾਂਗਰਸੀ ਨੇਤਾ ਨੂੰ ਹੱਥ ਪਾਉਣ ਜਾ ਰਹੀ ਵਿਜੀਲੈਂਸ, ਮਾਨ ਨੇ ਦਿੱਤੀ ਹਰੀ ਝੰਡੀ

Written by  Jasmeet Singh -- November 25th 2022 08:43 AM
ਚੌਥੇ ਕਾਂਗਰਸੀ ਨੇਤਾ ਨੂੰ ਹੱਥ ਪਾਉਣ ਜਾ ਰਹੀ ਵਿਜੀਲੈਂਸ, ਮਾਨ ਨੇ ਦਿੱਤੀ ਹਰੀ ਝੰਡੀ

ਚੌਥੇ ਕਾਂਗਰਸੀ ਨੇਤਾ ਨੂੰ ਹੱਥ ਪਾਉਣ ਜਾ ਰਹੀ ਵਿਜੀਲੈਂਸ, ਮਾਨ ਨੇ ਦਿੱਤੀ ਹਰੀ ਝੰਡੀ

ਰਵਿੰਦਰਮੀਤ ਸਿੰਘ, (25 ਨਵੰਬਰ, ਮੁਹਾਲੀ): ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ 25 ਨਵੰਬਰ ਨੂੰ ਤਲਬ ਕਰ ਲਿਆ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਇਸ ਸਬੰਧੀ ਬੀਤੇ ਦਿਨ ਹੀ ਹਰੀ ਝੰਡੀ ਦੇ ਦਿੱਤੀ ਸੀ। ਸੋਨੀ ਅਜਿਹੇ ਚੌਥੇ ਕਾਂਗਰਸੀ ਨੇਤਾ ਹੋਣਗੇ ਜਿਸ ਨੂੰ ਵਿਜੀਲੈਂਸ ਹੱਥ ਪਾਉਣ ਲੱਗੀ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਨੇ ਸਰੋਤਾਂ ਤੋਂ ਵੱਧ ਆਮਦਨ ਦੇ ਮੁੱਦੇ ’ਤੇ ਓਪੀ ਸੋਨੀ ਨੂੰ ਤਲਬ ਕੀਤਾ ਹੈ। ਵਿਜੀਲੈਂਸ ਰੇਂਜ ਅੰਮ੍ਰਿਤਸਰ ਨੇ ਕੁਝ ਸਮਾਂ ਪਹਿਲਾਂ ਓਪੀ ਸੋਨੀ ਦੀ ਆਮਦਨ ਅਤੇ ਜਾਇਦਾਦ ਦੀ ਪੜਤਾਲ ਸ਼ੁਰੂ ਕੀਤੀ ਸੀ ਤੇ ਪੜਤਾਲ ਪੂਰੀ ਹੋਣ ਮਗਰੋਂ ਹੁਣ ਸੋਨੀ ਨੂੰ ਅੰਮ੍ਰਿਤਸਰ ਦੇ ਐੱਸਐੱਸਪੀ ਵਿਜੀਲੈਂਸ ਨੇ ਤਲਬ ਕੀਤਾ ਹੈ। ਵਿਜੀਲੈਂਸ ਨੇ ਕਾਂਗਰਸੀ ਆਗੂ ਸੋਨੀ ਦੀਆਂ ਨਾਮੀ ਤੇ ਬੇਨਾਮੀ ਜਾਇਦਾਦਾਂ ਦਾ ਪੁਲੰਦਾ ਤਿਆਰ ਕੀਤਾ ਹੈ। ਸੂਤਰ ਦੱਸਦੇ ਹਨ ਕਿ ਕਾਂਗਰਸੀ ਆਗੂ ਸੋਨੀ ਦੇ ਨੇੜਲਿਆਂ ਅਤੇ ਰਿਸ਼ਤੇਦਾਰਾਂ ਦੀ ਸ਼ਨਾਖਤ ਕਰਨ ਮਗਰੋਂ ਉਨ੍ਹਾਂ ਦੇ ਨਾਮ ’ਤੇ ਖਰੀਦੀਆਂ ਜਾਇਦਾਦਾਂ ਦੀ ਸੂਚੀ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ: CM ਮਾਨ ਪੰਜਾਬ 'ਚ ਕਾਨੂੰਨੀ ਵਿਵਸਥਾ ਬਣਾਏ ਰੱਖਣ 'ਚ ਹੋਏ ਨਾਕਾਮ : ਬਿਕਰਮ ਮਜੀਠੀਆ


ਜ਼ਿਆਦਾ ਜਾਇਦਾਦਾਂ ਸ਼ਹਿਰੀ ਖੇਤਰਾਂ ’ਚ ਸ਼ਨਾਖਤ ਹੋਈਆਂ ਹਨ ਤੇ ਦੂਸਰੇ ਸੂਬਿਆਂ ਵਿੱਚ ਵੀ ਜਾਇਦਾਦਾਂ ਹੋਣ ਦੀਆਂ ਕਨਸੋਆਂ ਵਿਜੀਲੈਂਸ ਨੂੰ ਮਿਲੀਆਂ ਹਨ। ਵਿਜੀਲੈਂਸ ਬਿਊਰੋ ਇਸ ਕੇਸ ਦੀ ਗੁਪਤ ਤਰੀਕੇ ਨਾਲ ਪੜਤਾਲ ਕਰਨ ਵਿਚ ਜੁਟੀ ਹੋਈ ਸੀ। ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਨੇ ਸੋਨੀ ਨੂੰ ਤਲਬ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਅੰਮ੍ਰਿਤਸਰ ਦੇ ਸਰਕਟ ਹਾਊਸ ਦੀ ਲੀਜ਼ ਵਾਲੀ ਕੰਪਨੀ ਦਾ ਨਾਂ ਸੋਨੀ ਪਰਿਵਾਰ ਨਾਲ ਜੁੜਦੇ ਹੋਣ ਦਾ ਮੁੱਦਾ ਉੱਠਿਆ ਸੀ ਜਿਸ ਦੀ ਪੜਤਾਲ ਕਰਾਏ ਜਾਣ ਦਾ ਸਰਕਾਰ ਨੇ ਭਰੋਸਾ ਦਿੱਤਾ ਸੀ। ਇਸੇ ਤਰ੍ਹਾਂ ਕੋਵਿਡ ਮਹਾਮਾਰੀ ਦੌਰਾਨ ਖਰੀਦੇ ਸੈਨੀਟਾਈਜ਼ਰਾਂ ਦਾ ਮਾਮਲਾ ਵੀ ਉੱਠਿਆ ਸੀ। ਉਸ ਵਕਤ ਓਪੀ ਸੋਨੀ ਸਿਹਤ ਮੰਤਰੀ ਸੀ ਜਿਨ੍ਹਾਂ ’ਤੇ ਇਹ ਉਂਗਲ ਉੱਠੀ ਸੀ ਕਿ ਸੈਨੀਟਾਈਜ਼ਰ ਤਿੰਨ ਗੁਣਾ ਵੱਧ ਕੀਮਤ ’ਤੇ ਖਰੀਦੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਰਿਪੋਰਟ ਵੀ ਉਸ ਵੇਲੇ ਮੰਗੀ ਸੀ। 

ਇਹ ਵੀ ਪੜ੍ਹੋ: ਸਕੂਲ ਆਫ ਐਮੀਨੈੱਸ ਸੂਬੇ ਦੀ ਸਰਕਾਰੀ ਸਕੂਲ ਸਿੱੱਖਿਆ ਨੂੰ ਨਵੀਂ ਦਿਸ਼ਾ ਦੇਣਗੇ: ਹਰਜੋਤ ਬੈਂਸ

ਸੂਤਰ ਦੱਸਦੇ ਹਨ ਕਿ ਵਿਜੀਲੈਂਸ ਵੱਲੋਂ ਨਾਲੋਂ-ਨਾਲ ਅੰਮ੍ਰਿਤਸਰ ਦੇ ਸਰਕਟ ਹਾਊਸ ਦੀ ਲੀਜ਼ ਆਦਿ ਮਾਮਲਾ ਵੀ ਪੜਤਾਲਿਆ ਜਾ ਰਿਹਾ ਹੈ। ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ ਜਿਨ੍ਹਾਂ ਅਸਾਸਿਆਂ ਦਾ ਚੋਣ ਕਮਿਸ਼ਨ ਕੋਲ ਵੱਖ ਵੱਖ ਸਮਿਆਂ ’ਤੇ ਹਲਫੀਆ ਬਿਆਨ ਜ਼ਰੀਏ ਖੁਲਾਸਾ ਕੀਤਾ ਹੈ, ਉਨ੍ਹਾਂ ਨੂੰ ਦੇਖੀਏ ਤਾਂ ਉਨ੍ਹਾਂ ਦੀ ਜਾਇਦਾਦ ਛੜੱਪੇ ਮਾਰ ਕੇ ਵਧੀ ਹੈ। 2007 ਦੀਆਂ ਵਿਧਾਨ ਸਭਾ ਚੋੋਣਾਂ ਮੌਕੇ ਸੋਨੀ ਨੇ ਆਪਣੀ ਚੱਲ-ਅਚੱਲ ਜਾਇਦਾਦ 1.94 ਕਰੋੜ ਦੀ ਦੱਸੀ ਜੋ ਕਿ ਲੰਘੀਆਂ 2022 ਦੀਆਂ ਚੋਣਾਂ ਮੌਕੇ ਵਧ ਕੇ 27.98 ਕਰੋੜ ਦੀ ਹੋ ਗਈ ਹੈ। 2009 ਦੀ ਲੋਕ ਸਭਾ ਚੋੋਣ ਮੌਕੇ ਸੋਨੀ ਦੀ ਜਾਇਦਾਦ 3.80 ਕਰੋੜ ਰੁਪਏ ਸੀ। ਲੰਘੀ ਕਾਂਗਰਸੀ ਹਕੂਮਤ ਸਮੇਂ ਸਭ ਤੋਂ ਵੱਧ ਜਾਇਦਾਦ ਵਧੀ ਹੈ ਅਤੇ ਇਸ ਵਿੱਚ ਕਰੀਬ 10 ਕਰੋੜ ਦਾ ਵਾਧਾ ਹੋਇਆ ਜਦਕਿ ਕਰਜ਼ਾ ਇਕਦਮ ਘਟਿਆ ਹੈ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਨਾ ਉਨ੍ਹਾਂ ਨੂੰ ਸਰਕਾਰੀ ਤੌਰ ’ਤੇ ਕੋਈ ਅਜਿਹੇ ਸੰਮਨ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਕੋਈ ਮਾਮਲਾ ਧਿਆਨ ਵਿਚ ਹੀ ਨਹੀਂ ਹੈ।

- PTC NEWS

Top News view more...

Latest News view more...

LIVE CHANNELS
LIVE CHANNELS