Sat, Apr 27, 2024
Whatsapp

ਕੋਰੋਨਾ ਨਾਲ ਮੁਕਾਬਲੇ ਲਈ ਭਾਰਤ ਨੂੰ 100 ਕਰੋੜ ਡਾਲਰ ਦੇਵੇਗਾ ਵਿਸ਼ਵ ਬੈਂਕ

Written by  Panesar Harinder -- April 03rd 2020 12:41 PM
ਕੋਰੋਨਾ ਨਾਲ ਮੁਕਾਬਲੇ ਲਈ ਭਾਰਤ ਨੂੰ 100 ਕਰੋੜ ਡਾਲਰ ਦੇਵੇਗਾ ਵਿਸ਼ਵ ਬੈਂਕ

ਕੋਰੋਨਾ ਨਾਲ ਮੁਕਾਬਲੇ ਲਈ ਭਾਰਤ ਨੂੰ 100 ਕਰੋੜ ਡਾਲਰ ਦੇਵੇਗਾ ਵਿਸ਼ਵ ਬੈਂਕ

(ਵਾਸ਼ਿੰਗਟਨ ਡੀ.ਸੀ.) ਵੀਰਵਾਰ 2 ਅਪ੍ਰੈਲ ਦੇ ਦਿਨ ਵਿਸ਼ਵ ਬੈਂਕ ਨੇ ਭਾਰਤ ਨੂੰ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਬਿਹਤਰ ਜਾਂਚ ਅਤੇ ਨਿਦਾਨ ਸੰਬੰਧੀ ਸਹਾਇਤਾ ਲਈ 100 ਕਰੋੜ ਡਾਲਰ ਦੀ ਅਪਾਤਕਾਲ ਵਿੱਤੀ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਫ਼ੰਡ ਦੀ ਵਰਤੋਂ ਨਿੱਜੀ ਸੁਰੱਖਿਆ ਉਪਕਰਣਾਂ ਦੀ ਖਰੀਦ ਅਤੇ ਨਵੇਂ ਆਈਸੋਲੇਸ਼ਨ ਵਾਰਡਾਂ ਦੀ ਸਥਾਪਨਾ ਲਈ ਵੀ ਕੀਤੀ ਜਾਵੇਗੀ। ਇਹ ਹੰਗਾਮੀ ਵਿੱਤੀ ਸਹਾਇਤਾ ਵਿਸ਼ਵ ਬੈਂਕ ਦੁਆਰਾ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਦੁਨੀਆ ਭਰ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੇ ਜਾ ਰਹੇ ਸਹਾਇਕ ਕਾਰਜਾਂ ਦਾ ਹਿੱਸਾ ਹੈ। ਫੰਡਿੰਗ ਦੇ ਪਹਿਲੇ ਚਰਨ 'ਚ ਇਹ ਸਹਾਇਤਾ 25 ਦੇਸ਼ਾਂ ਨੂੰ ਮਿਲੇਗੀ, ਅਤੇ ਫਾਸਟ ਟਰੈਕ ਕਾਰਜ ਪ੍ਰਣਾਲੀ ਨਾਲ ਜਲਦ ਹੀ 40 ਤੋਂ ਵੱਧ ਦੇਸ਼ਾਂ ਨੂੰ ਹੋਰ ਦਿੱਤੀ ਜਾਵੇਗੀ। ਅਗਲੇ 15 ਮਹੀਨਿਆਂ ਦੌਰਾਨ ਵਿਸ਼ਵ ਬੈਂਕ 160 ਬਿਲੀਅਨ ਡਾਲਰ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਖ਼ਰਚ ਕਰੇਗਾ ਜਿਸ ਦੇ ਨਤੀਜੇ ਵਜੋਂ ਸੰਸਾਰ ਭਰ ਦੇ ਦੇਸ਼ਾਂ ਨੂੰ ਸਿਹਤ ਸੰਭਾਲ਼ ਮੁਹਿੰਮ ਵਿੱਚ ਮਦਦ ਮਿਲੇਗੀ ਅਤੇ ਨਾਲ ਹੀ ਇਹ ਇਨ੍ਹਾਂ ਦੇਸ਼ਾਂ ਲਈ ਆਰਥਿਕ ਅਤੇ ਸਮਾਜਿਕ ਸੁਧਾਰਾਂ ਲਈ ਵੀ ਸਹਾਈ ਹੋਵੇਗਾ। ਆਰਥਿਕ ਪ੍ਰੋਗਰਾਮ ਦਾ ਉਦੇਸ਼ ਰਹੇਗਾ ਕਿ ਮਰੀਜ਼ਾਂ ਦੇ ਨਿਰੋਗ ਹੋਣ ਦਾ ਸਮਾਂ ਘਟੇ, ਵਿਕਾਸ ਲਈ ਮਦਦਗਾਰ ਹਾਲਾਤ ਪੈਦਾ ਕੀਤੇ ਜਾਣ, ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਸਮਰਥਨ ਕੀਤਾ ਜਾਵੇ ਅਤੇ ਗਰੀਬਾਂ ਤੇ ਕਮਜ਼ੋਰ ਲੋਕਾਂ ਦੀ ਸਹਾਇਤਾ ਹੋ ਸਕੇ। ਆਰਥਿਕ ਯੋਜਨਾ ਦਾ ਜ਼ੋਰ ਨੀਤੀ ਅਧਾਰਿਤ ਵਿੱਤੀ ਮਦਦ ਦੇਣਾ, ਲੋੜਵੰਦਾਂ ਤੇ ਗ਼ਰੀਬਾਂ ਦੇ ਨਾਲ ਨਾਲ ਵਾਤਾਵਰਣ ਦੀ ਰੱਖਿਆ ਉੱਤੇ ਕੇਂਦਰਿਤ ਹੋਵੇਗਾ। ਵਿਸ਼ਵ ਬੈਂਕ ਦੇ ਸੰਚਾਲਨ ਨਿਰਦੇਸ਼ਕ ਐਕਸਲ ਵੈਨ ਟ੍ਰੋਟਸਨਬਰਗ ਦਾ ਕਹਿਣਾ ਹੈ ਕਿ ਇਹ ਤੇਜ਼ ਪ੍ਰਤੀਕਿਰਿਆਵਾਂ ਵਾਲਿਆਂ ਕਾਰਵਾਈਆਂ, ਸਾਡੇ ਨਾਲ ਜੁੜੇ ਮੁਲਕਾਂ ਨੂੰ COVID-19 ਦਾ ਛੇਤੀ ਪਤਾ ਲਗਾਉਣ ਅਤੇ ਰੋਕਥਾਮ ਵਿੱਚ ਸਹਾਇਤਾ ਕਰੇਗਾ ਅਤੇ ਜਾਨਾਂ ਬਚਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੁਲਕਾਂ ਨਾਲ ਜੁੜੇ ਸਾਡੇ ਕਾਰਜ ਵਿਸ਼ਵ-ਪੱਧਰ 'ਤੇ ਤਾਲਮੇਲ ਬਣਾ ਕੇ ਕੀਤੇ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਕਿਸਮ ਦੀ ਨਵੀਂ ਜਾਣਕਾਰੀ ਆਪਸ 'ਚ ਜਲਦ ਤੋਂ ਜਲਦ ਸਾਂਝੀ ਹੁੰਦੀ ਰਹੇ, ਅਤੇ ਇਸ ਤਾਲਮੇਲ ਵਿੱਚ ਰਾਸ਼ਟਰੀ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਅਤੇ ਵਿਨਾਸ਼ਕਾਰੀ ਕੋਰੋਨਾਵਾਇਰਸ ਤੋਂ ਆਉਂਦੇ ਸਮੇਂ ਲਈ ਬਚਾਅ ਦੀਆਂ ਤਿਆਰੀਆਂ ਵਜੋਂ ਅਪਣਾਏ ਜਾਣ ਵਾਲੇ ਤੌਰ ਤਰੀਕੇ ਵੀ ਸ਼ਾਮਲ ਹਨ। ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ, ਡੇਵਿਡ ਮਾਲਪਾਸ ਨੇ ਕਿਹਾ ਕਿ ਵਿਸ਼ਵ ਬੈਂਕ ਸਮੂਹ COVID -19 ਦੇ ਫੈਲਾਅ ਨੂੰ ਘਟਾਉਣ ਵਾਸਤੇ ਵਿਆਪਕ ਅਤੇ ਤੇਜ਼ ਕਾਰਵਾਈ ਕਰ ਰਿਹਾ ਹੈ ਅਤੇ 65 ਤੋਂ ਵੱਧ ਦੇਸ਼ਾਂ ਵਿੱਚ ਪਹਿਲਾਂ ਹੀ ਸਾਡੇ ਸਿਹਤ ਸੰਬੰਧੀ ਸਾਂਝੇ ਕਾਰਜ ਅੱਗੇ ਵਧ ਰਹੇ ਹਨ। ਅਸੀਂ ਇਸ ਤਰੀਕੇ ਨਾਲ ਕੰਮ ਕਰ ਰਹੇ ਹਾਂ ਕਿ ਵਿਕਾਸਸ਼ੀਲ ਦੇਸ਼ਾਂ ਦੀ COVID -19 ਮਹਾਂਮਾਰੀ ਲਈ ਵਿਰੋਧੀ ਪ੍ਰਤਿਕ੍ਰਿਆ ਦੀ ਯੋਗਤਾ ਮਜ਼ਬੂਤ ਹੋਵੇ ਅਤੇ ਆਰਥਿਕ ਤੇ ਸਮਾਜਿਕ ਤੰਤਰ ਦੇ ਮੁੜ ਲੀਹ 'ਤੇ ਆਉਣ ਦਾ ਸਮਾਂ ਘੱਟ ਤੋਂ ਘੱਟ ਲੱਗੇ। ਦੱਖਣੀ ਏਸ਼ੀਆ ਵਿੱਚ, COVID -19 ਵਿਰੋਧੀ ਮੁਹਿੰਮ ਵਾਸਤੇ ਅਫ਼ਗਾਨਿਸਤਾਨ ਦੀ ਸਹਾਇਤਾ ਲਈ ਵੀ ਵਿਸ਼ਵ ਬੈਂਕ ਨੇ 10 ਕਰੋੜ ਡਾਲਰ, ਅਤੇ ਪਾਕਿਸਤਾਨ ਲਈ 20 ਕਰੋੜ ਡਾਲਰ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਅਨੁਸਾਰ ਦੁਨੀਆ ਭਰ ਵਿੱਚ COVID-19 ਦੇ 1,000,000 ਮਾਮਲਿਆਂ ਦੀ ਪੁਸ਼ਟੀ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚ 51,000 ਤੋਂ ਵੱਧ ਮੌਤਾਂ ਅਤੇ 208,600 ਲੋਕਾਂ ਦੇ ਠੀਕ ਹੋਣ ਬਾਰੇ ਜਾਣਕਾਰੀ ਸ਼ਾਮਲ ਹੈ।


Top News view more...

Latest News view more...