ਪੰਜਾਬ

20 ਸਾਲਾ ਨੌਜਵਾਨ ਦਾ ਭੇਦਭਰੀ ਹਾਲਤ 'ਚ ਕਤਲ

By Riya Bawa -- October 30, 2021 12:10 pm -- Updated:Feb 15, 2021

ਅਜਨਾਲਾ: ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਗੁੱਜਰਪੁਰਾ ਵਿਖੇ ਇਕ 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਕੇ ਕਤਲ ਕਰਕੇ ਉਸ ਦੀ ਲਾਸ਼ ਨੂੰ ਪਿੰਡ ਦੇ ਖੇਤਾਂ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੇ ਸਰੀਰ ਤੇ ਤੇਜ਼ਧਾਰ ਹਥਿਆਰਾਂ ਨਾਲ ਇਸ ਕਦਰ ਹਮਲਾ ਕੀਤਾ ਗਿਆ ਸੀ ਕਿ ਮ੍ਰਿਤਕ ਦੀ ਲਾਸ਼ ਨੂੰ ਦੇਖਿਆ ਵੀ ਨਹੀਂ ਜਾ ਰਿਹਾ ਸੀ। ਮ੍ਰਿਤਕ ਨੌਜਵਾਨ ਥੌਮਸ ਘਰੋਂ ਰਾਤ ਨੂੰ ਬਾਜ਼ਾਰ ਗਿਆ ਸੀ ਪਰ ਵਾਪਸ ਮੁੜ ਕੇ ਨਹੀਂ ਆਇਆ ਜਿਸ ਤੋਂ ਬਾਅਦ ਸਵੇਰੇ ਉਸਦੀ ਲਾਸ਼ ਮਿਲੀ।

ਇਸ ਮੌਕੇ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਥੌਮਸ ਰਾਤ ਨੂੰ ਘਰੋਂ ਬਾਹਰ ਗਿਆ ਸੀ ਅਤੇ ਰਾਤ ਭਰ ਘਰ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਸਵੇਰੇ ਉਸਦੀ ਲਾਸ਼ ਮਿਲੀ ਹੈ ਉਨ੍ਹਾਂ ਦੱਸਿਆ ਕਿ ਜਿਸ ਨੇ ਵੀ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਹੈ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਮ੍ਰਿਤਕ ਦੇ ਭਰਾ ਸੰਨੀ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਰਾਤ ਨੂੰ ਘਰੋਂ ਫੋਨ ਦੇਣ ਲਈ ਗਿਆ ਸੀ ਅਤੇ ਵਾਪਸ ਮੁੜ ਕੇ ਨਹੀਂ ਆਇਆ ਅਤੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਿੰਨੇ ਵੀ ਉਨ੍ਹਾਂ ਦੇ ਭਰਾ ਦਾ ਕਤਲ ਕੀਤਾ ਹੈ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਥਾਣਾ ਅਜਨਾਲਾ ਦੇ ਐਸਐਚਓ ਮੋਹਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਮ੍ਰਿਤਕ ਲਾਸ਼ ਪਿੰਡ ਗੁੱਜਰਪੁਰਾ ਵਿਚ ਪਈ ਹੈ ਜਿੱਥੇ ਪੁਲਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News