ਹੋਰ ਖਬਰਾਂ

ਲੰਡਨ ਦੀ ਸੜਕ 'ਤੇ ਸੁੱਟੀਆਂ ਗਈਆਂ 29 ਟਨ ਗਾਜਰਾਂ 'ਤੇ ਛਿੜੀ ਚਰਚਾ , ਲੋਕਾਂ ਨੇ ਕੀਤੀਆਂ ਕਈ ਟਿੱਪਣੀਆਂ

By Kaveri Joshi -- October 05, 2020 5:10 pm -- Updated:Feb 15, 2021

ਲੰਡਨ- ਲੰਡਨ ਦੀ ਸੜਕ 'ਤੇ ਸੁੱਟੀਆਂ ਗਈਆਂ 29 ਟਨ ਗਾਜਰਾਂ 'ਤੇ ਛਿੜੀ ਚਰਚਾ , ਲੋਕਾਂ ਨੇ ਕੀਤੀਆਂ ਕਈ ਟਿੱਪਣੀਆਂ : ਲੰਡਨ ਦੀ ਇਕ ਸਟ੍ਰੀਟ 'ਤੇ ਸੁੱਟੀਆਂ ਗਈਆਂ 29 ਟਨ ਗਾਜਰਾਂ ਕਾਫ਼ੀ ਚਰਚਾ 'ਚ ਹਨ। ਜਾਣਕਾਰੀ ਮੁਤਾਬਿਕ ਇਕ ਟਰੱਕ ਆਇਆ ਅਤੇ ਲੰਡਨ ਵਿਚ ਇਕ ਗਲੀ 'ਤੇ ਤਕਰੀਬਨ 29 ਹਜ਼ਾਰ ਕਿੱਲੋਗ੍ਰਾਮ ਗਾਜਰਾਂ ਦਾ ਢੇਰ ਲਗਾ ਗਿਆ, ਇਸ ਘਟਨਾ ਨੂੰ ਦੇਖ ਕੇ ਲੋਕ ਖ਼ੁਸ਼ ਵੀ ਹੋਏ ਅਤੇ ਹੈਰਾਨ ਵੀ ! ਕਈ ਲੋਕਾਂ ਨੇ ਦੱਖਣੀ ਲੰਡਨ ਦੇ ਗੋਲਡਸਮਿਥਜ਼ ਕਾਲਜ ਦੇ ਬਾਹਰ ਸੁੱਟੀਆਂ ਗਈਆਂ ਗਾਜਰਾਂ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ , ਜਿਸ ਉਪਰੰਤ ਲੋਕ ਇਸਦਾ ਕਾਰਨ ਜਾਨਣ ਲਈ ਉਤਾਵਲੇ ਨਜ਼ਰ ਆਏ ।

29 Tonnes Of Carrots Were Dumped On A London Street

ਇਸ ਘਟਨਾ ਉਪਰੰਤ ਹੈਰਾਨ ਹੋਏ ਇੱਕ ਟਵਿੱਟਰ ਉਪਭੋਗਤਾ ਨੇ ਪੁੱਛਿਆ. "ਕੀ ਕੋਈ ਜਾਣਦਾ ਹੈ ਕਿ ਗੋਲਡਸਮਿੱਥ ਯੂਨੀਵਰਸਿਟੀ ਦੇ ਕੈਂਪਸ ਵਿਚ ਵੱਡੀ ਗਿਣਤੀ 'ਚ ਗਾਜਰਾਂ ਨੂੰ ਕਿਉਂ ਸੁੱਟਿਆ ਗਿਆ ਹੈ?" ਇਹ ਪ੍ਰਸ਼ਨ ਕੇਵਲ ਇੱਕ ਵਿਅਕਤੀ ਦੇ ਜ਼ਿਹਨ 'ਚ ਨਹੀਂ ਉੱਠਿਆ ਬਲਕਿ ਇਸ ਬਾਰੇ ਜਾਨਣ ਲਈ ਸਥਾਨਕ ਲੋਕ ਅਤੇ ਕਈ ਵਿਦਿਆਰਥੀ ਵੀ ਉਤਸੁਕ ਸਨ ।

ਦਰਅਸਲ ਸੋਸ਼ਲ ਮੀਡੀਆ 'ਤੇ ਸਵਾਲਾਂ ਦੀ ਬੌਛਾੜ ਸਹਿਤ ਜਦੋਂ ਮਾਮਲਾ ਸਭ ਦੇ ਧਿਆਨ 'ਚ ਆਇਆ ਤਾਂ ਸਥਾਨਕ ਕਾਲਜ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ।ਇਹ ਭੇਤ ਉਦੋਂ ਜ਼ਾਹਰ ਹੋਇਆ ਜਦੋਂ ਗੋਲਡਸਮਿਥਜ਼ ਕਾਲਜ ਨੇ ਇੱਕ ਵਾਇਰਲ ਟਵੀਟ ਦਾ ਜਵਾਬ ਦਿੱਤਾ ਅਤੇ ਦੱਸਿਆ ਕਿ ਗਾਜਰਾਂ ਇੱਕ ਵਿਦਿਆਰਥੀ ਦੁਆਰਾ ਇੱਕ ਆਰਟ ਪ੍ਰੋਜੈਕਟ ਦਾ ਇੱਕ ਹਿੱਸਾ ਹੈ ।

29 Tonnes Of Carrots Were Dumped On A London Street

ਕਾਲਜ ਨੇ ਪੂਰੀ ਘਟਨਾ ਦਾ ਕੀਤਾ ਖੁਲਾਸਾ :- ਦੱਸ ਦੇਈਏ ਕਿ ਗੋਲਡਸਮਿਥਸ ਕਾਲਜ ਨੇ ਕੁਝ ਦੇਰ ਬਾਅਦ ਆਪਣੀ ਚੁੱਪੀ ਤੋੜਦੇ ਹੋਏ ਪੂਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ । ਕਾਲਜ ਅਨੁਸਾਰ ਇਹ ਗਾਜਰਾਂ ਇਕ ਵਿਦਿਆਰਥੀ ਦੇ ਆਰਟ ਇੰਸਟਾਲੇਸ਼ਨ ਦਾ ਹੀ ਹਿੱਸਾ ਸਨ । ਉਹਨਾਂ ਕਿਹਾ ਕਿ ਇਹ ਇਕ ਇੰਸਟਾਲੇਸ਼ਨ ਹੈ, ਜਿਸ ਨੂੰ ਗ੍ਰਾਊਂਡਿੰਗ ਕਿਹਾ ਜਾਂਦਾ ਹੈ। ਇਸ ਨੂੰ ਕਲਾਕਾਰ ਅਤੇ ਐੱਮ.ਐੱਫ.ਏ. ਵਿਦਿਆਰਥੀ ਰਾਫੇਲ ਪੇਰੇਜ ਇਵਾਂਸ ਦੁਆਰਾ ਬਣਾਇਆ ਹੈ ਅਤੇ ਇਹ ਇੰਸਟਾਲੇਸ਼ਨ ਗੋਲਡਸਮਿਥਸ ਦੇ ਐੱਮ.ਐੱਫ.ਏ. ਡਿਗਰੀ ਸ਼ੋਅ ਦਾ ਇੱਕ ਹਿੱਸਾ ਹੈ।

ਪ੍ਰਦਰਸ਼ਨੀ ਬਾਰੇ ਕਲਾਕਾਰ ਰਾਫੇਲ ਪੇਰੇਜ ਇਵਾਂਸ ਨੇ ਤਫ਼ਤੀਸ਼ 'ਚ ਸਮਝਾਉਂਦੇ ਹੋਏ ਨੇ ਦੱਸਿਆ ਕਿ ਇਹ ਗਾਜਰਾਂ ਅਜਿਹੀਆਂ ਨਹੀਂ ਸਨ ਕਿ ਇਹਨਾਂ ਦਾ ਸੇਵਨ ਕੀਤਾ ਜਾ ਸਕੇ । ਕੁਝ ਦੀ ਹਾਲਤ ਇਹੀ ਜਿਹੀ ਸੀ ਕਿ ਇਹਨਾਂ ਨੂੰ ਟੁੱਕੜਿਆਂ ਵਿਚ ਕੱਟਿਆ ਹੋਇਆ ਸੀ । ਉਸਨੇ ਦੱਸਿਆ ਕਿ ਜਦੋਂ ਹੀ ਪ੍ਰਦਰਸ਼ਨੀ ਖ਼ਤਮ ਹੋਵੇਗੀ ਇਹਨਾਂ ਨੂੰ ਇਥੋਂ ਚੁੱਕ ਲਿਆ ਜਾਵੇਗਾ ਅਤੇ ਪਾਲਤੂ ਪਸ਼ੂਆਂ/ ਜਾਨਵਰਾਂ ਦੇ ਚਾਰੇ ਵਾਸਤੇ ਇਸਤੇਮਾਲ ਕਰਨ ਲਈ ਭੇਜ ਦਿੱਤਾ ਜਾਵੇਗਾ।

ਕਲਾਕਾਰ ਨੇ ਚਾਨਣਾ ਪਾਇਆ ਕਿ ਉਹਨਾਂ ਦੀ ਇਸ ਤਰ੍ਹਾਂ ਦੀ ਕਲਾਕ੍ਰਿਤੀ ਪਿੰਡ ਅਤੇ ਸ਼ਹਿਰਾਂ ਦੇ ਵਿਚ ਜਾਰੀ ਤਣਾਅ ਨੂੰ ਪ੍ਰਦਰਸ਼ਿਤ ਕਰਨ 'ਚ ਸਹਾਇਕ ਹੁੰਦੀ ਹੈ ।ਜਿਵੇਂ ਕਿ ਯੂਰਪੀ ਕਿਸਾਨ ਫ਼ਸਲ ਦਾ ਉਚਿਤ ਭਾਅ ਨਾ ਮਿਲਣ ਕਾਰਨ ਸ਼ਹਿਰ ਦੇ ਮੱਧ ਵਿਚ ਆਪਣੀ ਫਸਲ ਨੂੰ ਡੰਪ ਕਰ ਕੇ ਵਿਰੋਧ ਦਾ ਪ੍ਰਗਟਾਵਾ ਕਰ ਰਹੇ ਹਨ ।

ਦੱਸਣਯੋਗ ਹੈ ਕਿ ਸਕਾਈ ਨਿਊਜ਼ ਦੀ ਰਿਪੋਰਟ ਅਨੁਸਾਰ , ਮੰਗਲਵਾਰ ਨੂੰ ਇਹ ਇੰਸਟਾਲੇਸ਼ਨ ਖਤਮ ਹੋ ਗਈ ਸੀ , ਪਰ ਉਸਦੇ ਬਾਅਦ ਵੀ ਗਾਜਰਾਂ ਨੂੰ ਪਸ਼ੂਆਂ ਦੇ ਚਾਰੇ ਲਈ ਭੇਜਿਆ ਨਹੀਂ ਗਿਆ ਹੈ। ਇਹਨਾਂ ਗਾਜਰਾਂ ਦੇ ਢੇਰ 'ਤੇ ਚੜ੍ਹ ਕੇ ਵਿਦਿਆਰਥੀ ਫੋਟੋਂਆਂ ਖਿੱਚ ਰਹੇ ਸਨ , ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਸਨ , ਇਥੋਂ ਤੱਕ ਕਿ ਕਈ ਵਿਦਿਆਰਥੀ ਤਾਂ ਉਹਨਾਂ ਵਿਚੋਂ ਗਾਜਰਾਂ ਨੂੰ ਚੁੱਕ ਕੇ ਆਪਣੇ ਲਿਜਾ ਰਹੇ ਸਨ।

29 Tonnes Of Carrots Were Dumped On A London Street

ਦੱਸ ਦੇਈਏ ਕਿ ਇਸ ਸੰਦਰਭ 'ਚ ਲੋਕਾਂ ਨੇ ਟਿੱਪਣੀਆਂ ਕੀਤੀਆਂ ਹਨ , ਇਥੋਂ ਤੱਕ ਕਿ ਕਈ ਲੋਕਾਂ ਨੇ ਇਸ ਨੂੰ ਖਾਣੇ ਦੀ ਦੁਰਵਰਤੋਂ ਤੱਕ ਆਖ ਦਿੱਤਾ। ਕਈਆਂ ਨੇ ਇਸਦੇ ਹੱਕ 'ਚ ਗੱਲ ਕੀਤੀ ਅਤੇ ਕਈਆਂ ਨੇ ਇਸਨੂੰ ਗਲਤ ਆਖਿਆ। ਇਕ ਵਿਅਕਤੀ ਨੇ ਕਿਹਾ " ਜੇਕਰ ਉਹਨਾਂ ਨੂੰ ਜ਼ਮੀਨ 'ਤੇ ਨਹੀਂ ਸੁੱਟਿਆ ਗਿਆ ਹੁੰਦਾ ਤਾਂ ਇਸ ਨੂੰ ਉਹਨਾਂ ਸੰਗਠਨਾਂ ਨੂੰ ਦਿੱਤਾ ਜਾ ਸਕਦਾ ਸੀ ਜੋ ਭੁੱਖੇ ਲੋਕਾਂ ਨੂੰ ਖਾਣਾ ਖਵਾਉਂਦੇ ਹਨ।" ਬਹੁਤੇ ਲੋਕਾਂ ਦਾ ਮੰਨਣਾ ਸੀ ਕਿ ਕਲਾਕਾਰ ਨੇ ਆਪਣੀ ਕਲਾ ਦੇ ਮਾਧਿਅਮ ਨਾਲ ਪ੍ਰਦਰਸ਼ਨੀ ਲਗਾ ਕੇ ਕਿਸਾਨਾਂ ਦੀ ਸਮੱਸਿਆ ਨੂੰ ਪ੍ਰਦਰਸ਼ਿਤ ਕੀਤਾ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸਭ ਦੇ ਸਾਹਮਣੇ ਰੱਖੀਆਂ ਹਨ।