ਗਰਭਵਤੀ ਪਤਨੀ ਸਣੇ ਯੂਕਰੇਨ 'ਚੋਂ ਕੱਢਿਆ ਗਿਆ ਵਿਅਕਤੀ ਆਪਣੇ ਬੱਚੇ ਦਾ ਨਾਂ ਗੰਗਾ ਰੱਖੇਗਾ
ਪੋਲੈਂਡ : ਕੇਰਲ ਦਾ ਇੱਕ ਵਿਅਕਤੀ ਆਪਣੀ ਗਰਭਵਤੀ ਪਤਨੀ ਸਣੇ ਰੂਸ-ਯੂਕਰੇਨ ਦੇ ਵਿਚਕਾਰ ਚੱਲ ਰਹੇ ਯੁੱਧ ਵਿੱਚ ਕੀਵ ਵਿੱਚ ਫਸ ਗਿਆ ਸੀ ਤੇ ਆਪ੍ਰੇਸ਼ਨ ਗੰਗਾ ਤਹਿਤ ਭਾਰਤੀ ਸਫੀਰ ਤੇ ਮੁਲਾਜ਼ਮ ਉਸ ਨੂੰ ਸੁਰੱਖਿਅਤ ਥਾਂ ਉਤੇ ਲਿਜਾਣ 'ਚ ਕਾਮਯਾਬ ਹੋ ਗਏ ਸਨ।
ਕੇਰਲਾ ਦਾ ਰਹਿਣ ਵਾਲਾ ਅਭਿਜੀਤ ਪੋਲੈਂਡ ਵਿੱਚ ਭਾਰਤੀ ਸਫਾਰਤਖਾਨਾ ਵੱਲੋਂ ਬਣਾਏ ਗਏ ਇੱਕ ਸ਼ੈਲਟਰ ਰੂਮ ਵਿੱਚ ਪੁੱਜ ਗਿਆ ਸੀ। ਪੋਲੈਂਡ-ਯੂਕਰੇਨ ਸਰਹੱਦ ਤੋਂ ਅਭਿਜੀਤ ਨੇ ਹਮਲਿਆਂ ਤੋਂ ਆਪਣੇ ਬਚਣ ਉਤੇ ਖ਼ੁਸ਼ੀ ਜ਼ਾਹਿਰ ਕੀਤੀ।
ਉਸ ਨੇ ਦੱਸਿਆ ਕਿ ਉਸ ਦੀ ਪਤਨੀ ਪੋਲੈਂਡ ਸਥਿਤ ਹਸਪਤਾਲ ਵਿੱਚ ਦਾਖ਼ਲ ਹੈ। ਉਹ 9 ਮਹੀਨਿਆਂ ਦੀ ਗਰਭਵਤੀ ਹੈ। ਹਸਪਤਾਲ ਦੀ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਪਤਨੀ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਉਸ ਨੇ ਆਪਣੇ ਬੱਚੇ ਦਾ ਨਾਂ ਗੰਗਾ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਨਾਂ ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਨਾਂ ਹੈ। ਉਸ ਨੇ ਦੱਸਿਆ ਕਿ ਉਹ ਭਾਰਤ ਆ ਰਿਹਾ ਹੈ ਜਦੋਂ ਕਿ ਉਸ ਦੀ ਪਤਨੀ ਨੂੰ ਮੈਡੀਕਲ ਕਾਰਨਾਂ ਕਰ ਕੇ ਪੋਲੈਂਡ ਦੇ ਹਸਪਤਾਲ ਵਿੱਚ ਰਹਿਣਾ ਪਵੇਗਾ।
ਜ਼ਿਕਰਯੋਗ ਹੈ ਕਿ ਅਭਿਜੀਤ ਕੀਵ ਵਿੱਚ ਇੱਕ ਰੈਸਟੋਰੈਂਟ ਚਲਾਉਂਦਾ ਸੀ ਤੇ ਯੁੱਧ ਵਿੱਚ ਫਸ ਗਿਆ ਸੀ। ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਆਪ੍ਰੇਸ਼ਨ ਗੰਗਾ ਤਹਿਤ ਅਧਿਕਾਰੀ ਤੇ ਮੁਲਾਜ਼ਮ ਉਸ ਨੂੰ ਸੁਰੱਖਿਅਤ ਪੋਲੈਂਡ ਲੈ ਗਏ। ਉਸ ਨੇ ਸਰਕਾਰ ਦਾ ਧੰਨਵਾਦ ਕੀਤਾ।
ਭਾਰਤ ਸਰਕਾਰ ਵੱਲੋਂ ਕੀਤੀ ਗਈ ਚਾਰਾਜ਼ੋਈ ਉਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਯੂਕਰੇਨ ਤੋਂ ਪੋਲੈਂਡ ਤੱਕ ਉਸ ਨੇ ਇਕ ਵੀ ਪੈਸਾ ਖ਼ਰਚ ਨਹੀਂ ਕੀਤਾ। ਭਾਰਤੀ ਹਵਾਈ ਫ਼ੌਜ ਨੇ ਬਚਾਅ ਕਾਰਜਾਂ ਵਿੱਚ ਵੀ ਹਿੱਸਾ ਪਾਇਆ ਹੈ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਉਥੇ ਗਏ ਭਾਰਤੀ ਬੁਰੀ ਤਰ੍ਹਾਂ ਫਸ ਚੁੱਕੇ ਹਨ। ਇਨ੍ਹਾਂ ਲੋਕਾਂ ਨੂੰ ਉਥੇ ਕੱਢਣ ਲਈ ਭਾਰਤ ਸਰਕਾਰ ਨੇ ਆਪ੍ਰੇਸ਼ਨ ਗੰਗਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖ਼ਿਲਾਫ਼ ਸੁਣਵਾਈ 11 ਨੂੰ