ਕਿਸਾਨਾਂ ਦੀ ਸੇਵਾ ਸੰਭਾਲ ਲਈ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵੱਲੋਂ ਭੇਜੀਆਂ ਐਂਬੂਲੈਂਸ
ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਵੱਲ ਕੂਚ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ 'ਚ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਲਈ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕ ਕਲਾਂ ਵੱਲੋਂ ਚਲਾਈ ਹੋਈ ਐਂਬੂਲੈਂਸ ਸੰਘਰਸ਼ ਦੌਰਾਨ ਜ਼ਖ਼ਮੀ ਹੋ ਰਹੇ ਕਿਸਾਨਾਂ ਦੀ ਸੇਵਾ ਸੰਭਾਲ ਵਿਸ਼ੇਸ਼ ਤੌਰ 'ਤੇ ਕਰ ਰਹੀ ਹੈ।
ਸਰਬੱਤ ਦਾ ਭਲਾ ਸੁਸਾਇਟੀ ਦੇ ਪ੍ਰਧਾਨ ਸਰਪੰਚ ਗੁਰਮਿੰਦਰ ਸਿੰਘ ਗੋਲਡੀ, ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾ, ਸੇਵਾਦਾਰ ਪਰਦੀਪ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਬੀਤੀ 26 ਨਵੰਬਰ ਤੋਂ ਜਿਉਂ ਹੀ ਕਿਸਾਨਾਂ ਦਾ ਕਾਫ਼ਿਲਾ ਦੋਆਬਾ ਕਿਸਾਨ ਕਮੇਟੀ ਦੀ ਅਗਵਾਈ 'ਚ ਹਲਕਾ ਟਾਂਡਾ ਤੋਂ ਰਵਾਨਾ ਹੋਇਆ ਤਾਂ ਸੁਸਾਇਟੀ ਦੀ ਐਂਬੂਲੈਂਸ ਦਿਨ-ਰਾਤ ਸੰਘਰਸ਼ 'ਚ ਲੱਗੇ ਹੋਏ ਜੁਝਾਰੂ ਕਿਸਾਨਾਂ, ਸੰਘਰਸ਼ ਦੌਰਾਨ ਸੱਟ ਖਾ ਕੇ ਜ਼ਖ਼ਮੀ ਹੋ ਰਹੇ ਨੌਜਵਾਨਾਂ, ਬਜ਼ੁਰਗ ਕਿਸਾਨਾਂ ਅਤੇ ਹੋਰਨਾਂ ਕਿਸਾਨਾਂ ਦੀ ਵਿਸ਼ੇਸ਼ ਤੌਰ 'ਤੇ ਸੇਵਾ ਸੰਭਾਲ ਕਰ ਰਹੀ ਹੈ

ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ 'ਚ ਸ਼ਾਮਲ ਕਿਸਾਨਾਂ ਦੇ ਹੌਂਸਲੇ ਲਗਾਤਾਰ ਬੁਲੰਦ ਹਨ ਬੇਸ਼ੱਕ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਵੱਖ-ਵੱਖ ਸਥਾਨਾਂ 'ਤੇ ਦਿੱਲੀ ਹਾਈਵੇਅ 'ਤੇ ਵੱਡੇ ਪੱਧਰ 'ਤੇ ਰੋਕਾਂ ਲਗਾਈਆਂ ਹੋਈਆਂ ਹਨ ਪਰ ਕਿਸਾਨਾਂ ਦੇ ਹੌਂਸਲੇ ਅਤੇ ਜਜ਼ਬੇ ਦੇ ਸਾਹਮਣੇ ਇਹ ਸਾਰੇ ਇੰਤਜ਼ਾਮ ਨਾ ਮਾਤਰ ਹੀ ਸਾਬਤ ਹੋ ਰਹੇ ਹਨ।
