Sun, Dec 14, 2025
Whatsapp

ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਜਿੱਤ ਤੋਂ ਡਰ ਕੇ ਆਪ ਤੇ ਕਾਂਗਰਸ ਨੇ ਅਪਵਿੱਤਰ ਗਠਜੋੜ ਕੀਤਾ: ਅਕਾਲੀ ਦਲ

ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਲਿਖ ਕੇ ਦਿੱਤਾ ਹੈ ਕਿ ਉਹ 2015 ਦੇ ਨਸ਼ਾ ਤਸਕਰੀ ਕੇਸ ਵਿਚ ਸੁਖਪਾਲ ਖਹਿਰਾ ਦੇ ਖਿਲਾਫ ਕਾਰਵਾਈ ਨਹੀਂ ਕਰੇਗੀ।

Reported by:  PTC News Desk  Edited by:  Amritpal Singh -- April 12th 2024 05:02 PM
ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਜਿੱਤ ਤੋਂ ਡਰ ਕੇ ਆਪ ਤੇ ਕਾਂਗਰਸ ਨੇ ਅਪਵਿੱਤਰ ਗਠਜੋੜ ਕੀਤਾ: ਅਕਾਲੀ ਦਲ

ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਜਿੱਤ ਤੋਂ ਡਰ ਕੇ ਆਪ ਤੇ ਕਾਂਗਰਸ ਨੇ ਅਪਵਿੱਤਰ ਗਠਜੋੜ ਕੀਤਾ: ਅਕਾਲੀ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਕਾਂਗਰਸ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਉਹਨਾਂ ਖਿਲਾਫ ਮੁਕੱਦਮਾ ਨਾ ਚਲਾਉਣ ਲਈ ਕੀਤੇ ਗੁਪਤ ਸਮਝੌਤੇ ਨੂੰ ਜਨਤਕ ਕਰਨ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ), ਕਾਂਗਰਸ ਤੇ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਖਿਲਾਫ ਸਾਂਝਾ ਗਠਜੋੜ ਬਣਾ ਰਹੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਲਿਖ ਕੇ ਦਿੱਤਾ ਹੈ ਕਿ ਉਹ 2015 ਦੇ ਨਸ਼ਾ ਤਸਕਰੀ ਕੇਸ ਵਿਚ ਸੁਖਪਾਲ ਖਹਿਰਾ ਦੇ ਖਿਲਾਫ ਕਾਰਵਾਈ ਨਹੀਂ ਕਰੇਗੀ। ਉਹਨਾਂ ਕਿਹਾ ਕਿ ਭਾਵੇਂ ਆਪ ਸਰਕਾਰ ਨੇ ਕੇਸ ਦੀ ਮੁੜ ਜਾਂਚ ਵਾਸਤੇ ਐਸ ਆਈ ਟੀ ਦਾ ਗਠਨ ਕੀਤਾ ਹੈ ਤੇ ਉਸਨੇ ਖਹਿਰਾ ਖਿਲਾਫ ਢੁਕਵੇਂ ਸਬੂਤ ਹੋਣ ਦਾ ਦਾਅਵਾ ਕੀਤਾ ਹੈ।


ਰੋਮਾਣਾ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਸੁਪਰੀਮ ਕੋਰਟ ਵਿਚ ਨਸ਼ਾ ਤਸਕਰ ਦਾ ਬਚਾਅ ਕਿਉਂ ਕਰ ਰਹੇ ਹਨ? ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਖਹਿਰਾ ਦੇ ਖਿਲਾਫ ਦਰਜ ਚਾਰਜਸ਼ੀਟ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਉਹਨਾਂ ਨੇ ਨਸ਼ਾ ਤਸਕਰ ਗੁਰਦੇਵ ਸਿੰਘ ਨੂੰ 78 ਵਾਰ ਫੋਨ ਕੀਤਾ ਤੇ ਆਪਣੀ ਆਮਦਨ ਨਾਲੋਂ ਵੱਧ ਸਰੋਤਾਂ 6.50 ਕਰੋੜ ਰੁਪਏ ਖਰਚ ਕੀਤੇ।

ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਕੁਝ ਤਾਂ ਹੀ ਸੰਭਵ ਹੈ ਜਦੋਂ ਇੰਡੀਆ ਗਠਜੋੜ ਵਿਚ ਆਪ ਭਾਈਵਾਲ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਖੁਦ ਸੋਨੀਆ ਗਾਂਧੀ ਦੇ ਸੋਹਲੇ ਗਾਏ ਹਨ ਤੇ ਉਹਨਾਂ ਕਾਂਗਰਸੀਆਂ ਦੀ ਵੀ ਤਾਰੀਫ ਕੀਤੀ ਹੈ ਜਿਹਨਾਂ ਨਾਲ ਉਹਨਾਂ ਹਾਲ ਹੀ ਵਿਚ ਦਿੱਲੀ ਵਿਚ ਸਟੇਜ ਸਾਂਝੀ ਕੀਤੀ ਸੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਚ ਆਪ ਦਾ ਕਾਂਗਰਸ ਨਾਲ ਗਠਜੋੜ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਭਾਵੇਂ ਅਧਿਕਾਰਤ ਤੌਰ ’ਤੇ ਗਠਜੋੜ ਨਹੀਂ ਹੋ ਸਕਿਆ ਪਰ ਪੰਜਾਬ ਵਿਚ ਆਪ ਸਰਕਾਰ ਨੇ ਸੁਖਪਾਲ ਖਹਿਰਾ ਦੀ ਮਦਦ ਦਾ ਫੈਸਲਾ ਕੀਤਾ ਹੈ ਜੋ ਸੰਗਰੂਰ ਤੋਂ ਚੋਣ ਲੜਨਾ ਚਾਹੁੰਦੇ ਹਨ ਤੇ ਪੰਜਾਬ ਸਰਕਾਰ ਉਹਨਾਂ ਖਿਲਾਫ ਨਸ਼ਾ ਤਸਕਰੀ ਕੇਸ ਵਿਚ ਕਾਰਵਾਈ ਕਰਨ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਬਦਲੇ ਵਿਚ ਆਪ ਨੂੰ ਕਾਂਗਰਸ ਚੋਣਵੀਂਆਂ ਸੀਟਾਂ ’ਤੇ ਮਦਦ ਕਰੇਗੀ।

ਰੋਮਾਣਾ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਇਸ ਮਾਮਲੇ ’ਤੇ ਬਣੇ ਹਾਲਾਤ ’ਤੇ ਆਪਣੀ ਟਿੱਪਣੀ ਕਰਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਆਪ ਵਿਧਾਨ ਸਭਾ ਵਿਚ ਆਖਿਆ ਸੀ ਕਿ 2015 ਦੇ ਨਸ਼ਾ ਤਸਕਰੀ ਕੇਸ ਵਿਚ ਫਸ ਜਾਣ ਦੇ ਬਾਵਜੂਦ ਖਹਿਰਾ ਦੇ ਖਿਲਾਫ ਕਾਰਵਾਈ ਇਸ ਕਰ ਕੇ ਨਹੀਂ ਹੋਈ ਕਿਉਂਕਿ ਖਹਿਰਾ ਨੇ ਪਿਛਲੀ ਕਾਂਗਰਸ ਸਰਕਾਰ ਵਿਚ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ ਤੇ ਨਿਆਂ ਤੋਂ ਬਚਦੇ ਰਹੇ ਅਤੇ ਉਹਨਾਂ ਜ਼ੋਰ ਦੇ ਕੇ ਆਖਿਆ ਕਿ ਹੁਣ ਵੀ ਉਹਨਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਰੋਮਾਣਾ ਨੇ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਖਹਿਰਾ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਸਾਰੇ ਨਸ਼ਾ ਤਸਕਰਾਂ ਨੂੰ ਜੇਲ੍ਹ ਜਾਣਾ ਪਵੇਗਾ।

ਰੋਮਾਣਾ ਨੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ’ਤੇ ਆਪਣਾ ਸਟੈਂਡ ਜਨਤਕ ਕਰਨ ਲਈ ਵੀ ਆਖਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਅਕਸਰ ਸਹੁੰ ਚੁੱਕਦੇ ਹਨ ਕਿ ਉਹ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਕਾਰਵਾਈ ਕਰਨਗੇ ਪਰ ਅਸਲਤ ਵਿਚ ਉਹ ਆਪਣੇ ਵਿਰੋਧੀਆਂ ਨਾਲ ਸਮਝੌਤੇ ਵਾਸਤੇ ਇਸਨੂੰ ਇਕ ਯੰਤਰ ਵਜੋਂ ਵਰਤਦੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀ ਆਰ ਟੀ ਸੀ ਦੀਆਂ ਬੱਸਾਂ ਨੂੰ ਰਾਜਸਥਾਨ ਤੋਂ ਬਾਡੀਆਂ ਲਗਵਾਉਣ ਦੇ ਭ੍ਰਿਸ਼ਟਾਚਾਰ ਦੀ ਫਾਈਲ ਉਹਨਾਂ ਕੋਲ ਹੈ ਪਰ ਹੁਣ ਤੱਕ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਭਗਵੰਤ ਮਾਨ ਦਾ ਰਾਜਾ ਵੜਿੰਗ ਨਾਲ ਗੁਪਤ ਸਮਝੌਤਾ ਹੋ ਗਿਆ ਹੈ।

ਰੋਮਾਣਾ ਨੇ ਪੰਜਾਬੀਆਂ ਨੂੰ ਆਖਿਆ ਕਿ ਉਹ ਦਿੱਲੀ ਆਧਾਰਿਤ ਪਾਰਟੀਆਂ ਤੋਂ ਸੁਚੇਤ ਰਹਿਣ ਜੋ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਨੂੰ ਰੋਕਣਾ ਚਾਹੁੰਦੀਆਂ ਹਨ। ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਿਧਾਂਤਾਂ ’ਤੇ ਡੱਟ ਕੇ ਸਟੈਂਡ ਲੈਣ ਅਤੇ ਭਾਜਪਾ ਨਾਲ ਗਠਜੋੜ ਨਾ ਕਰਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਜਪਾ ਨੇ ਸਿੱਖ ਕੌਮ ਤੇ ਪੰਜਾਬ ਦੇ ਮੁੱਦਿਆਂ ਦਾ ਕੋਈ ਹੱਲ ਨਹੀਂ ਕੱਢਿਆ, ਇਸੇ ਕਾਰਨ ਸਮਝੌਤਾ ਕਰਨਾ ਵਾਜਬ ਨਹੀਂ ਸੀ ਤੇ ਇਸ ਗੱਲ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। 

- PTC NEWS

Top News view more...

Latest News view more...

PTC NETWORK
PTC NETWORK