ਆਮ ਆਦਮੀ ਪਾਰਟੀ ਨੇ ਝੂਠਾ ਪ੍ਰਚਾਰ ਕਰ ਬਣਾਈ ਸਰਕਾਰ-ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

By  Aarti February 6th 2023 11:38 AM

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਚ ਬਦਲਾਅ ਦੇ ਨਾਂ ’ਤੇ ਜਨਤਾ ਨੇ ਉਨ੍ਹਾਂ ਨੂੰ 92 ਸੀਟਾਂ ਦਿੱਤੀਆਂ। ਉਨ੍ਹਾਂ ਦੇ ਝੂਠੇ ਪ੍ਰਚਾਰ ਨੂੰ ਵੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦਿੱਤਾ। ਪਰ 10 ਮਹੀਨਿਆਂ ਦੇ ਬਾਅਦ ਹੀ ਪੰਜਾਬ ’ਚ ਮਾੜੇ ਹਾਲਾਤ ਬਣ ਗਏ ਹਨ। 

ਉਨ੍ਹਾਂ ਅੱਗੇ ਕਿਹਾ ਕਿ ਇੰਡਸਟਰੀ ਉਸ ਸੂਬੇ ’ਚ ਆਉਂਦੀ ਹੈ ਜਿੱਥੇ ਸ਼ਾਂਤੀ ਹੋਵੇ ਕਾਨੂੰਨ ਵਿਵਸਥਾ ਹੋਵੇ। ਪਰ ਪੰਜਾਬ ’ਚ ਹਾਲਾਤ ਬਹੁਤ ਮਾੜੇ ਹੋਏ ਪਏ ਹਨ। ਪੰਜਾਬ ’ਚ ਬਿਜਲੀ ਦੇ ਹਾਲਾਤ ਮੰਦੇ ਹੋਏ ਪਏ ਹਨ ਕੱਟ ਵੀ ਲੱਗਣੇ ਸ਼ੁਰੂ ਹੋ ਗਏ ਹਨ। ਇੰਡਸਟਰੀ ਪਾਲਿਸੀ ’ਚ ਕੋਈ ਇਨਸੈਂਟਿਵ ਨਹੀਂ ਤਾਂ ਨਿਵੇਸ਼ ਕਿਸ ਤਰ੍ਹਾਂ ਹੋਵੇਗਾ। 

ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਨੂੰ ਕਿਹਾ ਕਿ ਆਮ ਆਦਮੀ ਕਲੀਨਿਕ ਵੱਡੀ ਠੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣੇ ਸੇਵਾ ਕੇਂਦਰ ਬੰਦ ਕਰਕੇ ਆਮ ਆਦਮੀ ਕਲੀਨਿਕ ਬਣਾਉਣ ਦਾ ਸ਼ੋਸ਼ਾ ਛੱਡਿਆ ਹੈ। ਇੱਕ ਕਲੀਨਿਕ ’ਤੇ 20 ਲੱਖ ਰੁਪਏ ਖਰਚ ਕੀਤੇ। ਪੰਜ ਪਿਆਰਿਆਂ ਦੇ ਨਾਂ ’ਤੇ ਬਣੇ ਕਲੀਨਿਕ ’ਤੇ ਸੀਐਮ ਭਗਵੰਤ ਮਾਨ ਦੀ ਫੋਟੋ ਲੱਗੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਫੋਰਲੇਨ ਸੜਕ ਹਰ ਓਵਰ ਬ੍ਰਿਜ ਅਕਾਲੀ ਸਰਕਾਰ ਸਮੇਂ ਬਣੀ ਹੈ।

ਸਿਕਮ ਤੋਂ ਆਈ ਲੜਕੀ ਦੀ ਲੁੱਟਖੋਹ ਦੌਰਾਨ ਹੋਈ ਮੌਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਟੂਰਿਸਟ ਕਿਵੇਂ ਆਉਣਗੇ। ਪੰਜਾਬ ਦੇ ਹਾਲਾਤ ਠੀਕ ਨਹੀਂ ਹਨ। 

ਡੇਰਾ ਮੁਖੀ ਦੀ ਪੈਰੋਲ ’ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡੇਰਾ ਮੁਖੀ ਨੂੰ ਲਗਾਤਾਰ ਪੈਰੋਲ ਦਿੱਤੀ ਜਾ ਰਹੀ ਹੈ। ਰਾਜਨੀਤਿਕ ਏਜੰਡਾ ਪੂਰਾ ਕਰਨ ਲਈ ਪੈਰੋਲ ਦਿੱਤੀ ਜਾ ਰਹੀ ਹੈ। ਕਿਸੇ ਵੀ ਪਾਰਟੀ ਨੂੰ ਪੰਜਾਬ ਦੀ ਚਿੰਤਾ ਨਹੀਂ ਹੈ। ਨੈਸ਼ਨਲ ਪਾਰਟੀਆਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ। 

-ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਸ਼ਰਾਬ ਪੀ ਕੇ ਡਿਊਟੀ ਕਰਨ ਵਾਲਾ ਪੁਲਿਸ ਮੁਲਾਜ਼ਮ ਮੁਅੱਤਲ, ਨਸ਼ੇ ’ਚ ਕੀਤੀ ਸੀ ਸ਼ਰਮਨਾਕ ਹਰਕਤ

Related Post