Sultanpur Lodhi : ਬਿਆਸ ਦਰਿਆ ਦਾ ਪਾਣੀ ਪੱਧਰ ਵਧਣ ਨਾਲ ਮੰਡ ਖੇਤਰ ਦੇ ਲੋਕਾਂ ਚ ਮੁੜ ਹੜ੍ਹ ਦਾ ਖੌਫ, ਪੜ੍ਹੋ ਗਰਾਊਂਡ ਜ਼ੀਰੋ ਤੋਂ ਰਿਪੋਰਟ
Sultanpur Lodhi : ਫਿਲਹਾਲ, ਬਿਆਸ ਦਰਿਆ ਵਿੱਚ ਪਾਣੀ ਭਾਵੇਂ ਘੱਟ ਨਜ਼ਰ ਆ ਰਿਹਾ ਹੈ, ਪਰ ਬੀਐਮਐਮਬੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਭਾਖੜਾ ਡੈਮ ਦਾ ਪਾਣੀ ਪੱਧਰ 1578 ਫੁੱਟ ਤੱਕ ਪਹੁੰਚ ਚੁੱਕਾ ਹੈ ਅਤੇ ਹਰਿਆਣਾ ਤੇ ਰਾਜਸਥਾਨ ਨੂੰ ਵੀ ਵੱਧ ਪਾਣੀ ਲੈਣ ਲਈ ਕਿਹਾ ਗਿਆ ਹੈ।
Sultanpur Lodhi : ਬਿਆਸ ਦਰਿਆ (Beas River) 'ਚ ਵੱਧ ਰਿਹਾ ਪਾਣੀ ਦਾ ਪੱਧਰ ਇਸ ਸਾਲ ਮੁੜ ਤਬਾਹੀ ਮਚਾਉਣ ਵੱਲ ਰਿਹਾ ਹੈ, ਜਿਸ ਨੂੰ ਲੈ ਕੇ ਮੰਡ ਖੇਤਰ ਦੇ ਲੋਕਾਂ 'ਚ ਮੁੜ ਖੌਫ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਇਲਾਕਾ 2019, 2023 ਅਤੇ 2025 ਵਿੱਚ ਵੀ ਹੜ੍ਹਾਂ ਦੀ ਮਾਰ ਝੱਲ ਚੁੱਕਾ ਹੈ। ਇਥੇ ਬਣਿਆ ਆਰਜ਼ੀ ਪੁਲ ਵੀ ਪਾਣੀ ਦੇ ਵੱਧਣ ਕਾਰਨ ਟੁੱਟਣ ਦਾ ਖਦਸ਼ਾ ਹੈ, ਕਿਉਂਕਿ 20-25 ਪਿੰਡਾਂ ਅਤੇ 40000 ਦੇ ਆਸ-ਪਾਸ ਫਸਲ ਤਬਾਹ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ, ਕਈ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ 2025 'ਚ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਹੈ, ਜਿਸ ਕਾਰਨ ਜੇਕਰ ਇਸ ਵਾਰ ਮੁੜ ਉਹ ਰੂਪ ਕਰੋਪੀ ਆਈ ਤਾਂ ਉਹ ਕਿਸੇ ਜੋਗੇ ਨਹੀਂ ਰਹਿਣਗੇ।
ਬੀਬੀਐਮਬੀ ਦਾ ਕੀ ਹੈ ਕਹਿਣਾ ?
ਫਿਲਹਾਲ, ਬਿਆਸ ਦਰਿਆ ਵਿੱਚ ਪਾਣੀ ਭਾਵੇਂ ਘੱਟ ਨਜ਼ਰ ਆ ਰਿਹਾ ਹੈ, ਪਰ ਬੀਐਮਐਮਬੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਭਾਖੜਾ ਡੈਮ ਦਾ ਪਾਣੀ ਪੱਧਰ 1578 ਫੁੱਟ ਤੱਕ ਪਹੁੰਚ ਚੁੱਕਾ ਹੈ ਅਤੇ ਹਰਿਆਣਾ ਤੇ ਰਾਜਸਥਾਨ ਨੂੰ ਵੀ ਵੱਧ ਪਾਣੀ ਲੈਣ ਲਈ ਕਿਹਾ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਅਜੇ ਮਾਨਸੂਨ ਦੀਆਂ ਬਾਰਿਸ਼ਾਂ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਈਆਂ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮਾਨਸੂਨ ਦੀਆਂ ਭਾਰੀ ਬਾਰਿਸ਼ਾਂ ਹੁੰਦੀਆਂ ਹਨ ਅਤੇ ਡੈਮਾਂ ਤੋਂ ਪਾਣੀ ਛੱਡਣਾ ਪਿਆ ਤਾਂ ਬਿਆਸ ਦਰਿਆ ਨੱਕੋ-ਨੱਕ ਭਰ ਸਕਦਾ ਹੈ। ਅਜਿਹੇ ਹਾਲਾਤਾਂ ਵਿੱਚ ਇਹ ਆਰਜੀ ਬੰਨ, ਜੋ ਅੱਜ ਵੀ ਕਈ ਥਾਵਾਂ 'ਤੇ ਕਮਜ਼ੋਰ ਨਜ਼ਰ ਆ ਰਹੇ ਹਨ, ਵੱਡੇ ਦਬਾਅ ਹੇਠ ਆ ਸਕਦੇ ਹਨ।
ਪਿਛਲੇ ਸਾਲ ਦੇ ਮੁਆਵਜ਼ੇ ਨੂੰ ਤਰਸੇ ਕਿਸਾਨ
ਇਹ ਬੰਨ ਕਰੀਬ 25 ਪਿੰਡਾਂ ਅਤੇ 25 ਤੋਂ 40 ਹਜ਼ਾਰ ਏਕੜ ਫਸਲ ਨੂੰ ਹੜਾਂ ਤੋਂ ਬਚਾਉਣ ਦੀ ਢਾਲ ਹਨ। ਪਿਛਲੀ ਵਾਰ 11 ਘਰ ਰੁੜ ਗਏ ਸਨ, ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਸੀ ਅਤੇ ਖੇਤਾਂ ਵਿੱਚ ਭਰੀ ਰੇਤ ਅੱਜ ਵੀ ਕਈ ਕਿਸਾਨਾਂ ਦੀ ਮੁਸੀਬਤ ਬਣੀ ਹੋਈ ਹੈ। ਵਾਰ-ਵਾਰ ਹੜਾਂ ਦੀ ਮਾਰ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ, ਜਦਕਿ ਕਈ ਪਰਿਵਾਰਾਂ ਨੂੰ ਅਜੇ ਤੱਕ ਮੁਆਵਜ਼ਾ ਵੀ ਨਹੀਂ ਮਿਲਿਆ।
ਇਲਾਕਾ ਵਾਸੀਆਂ ਨੇ ਸਰਕਾਰ, ਮੁੱਖ ਮੰਤਰੀ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਹੜ ਆਉਣ ਦੀ ਉਡੀਕ ਕਰਨ ਦੀ ਬਜਾਏ ਹੁਣੇ ਤੋਂ ਹੀ ਬਿਆਸ ਦਰਿਆ ਦੀ ਸਫਾਈ ਅਤੇ ਡੂੰਘਾਈ ਵਧਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਪਾਣੀ ਹੇਠਲੇ ਪਾਸੇ ਨਿਕਲ ਸਕੇ। ਨਾਲ ਹੀ 2019, 2023 ਅਤੇ 2025 ਵਿੱਚ ਪ੍ਰਭਾਵਿਤ ਹੋਏ ਬੰਨਾਂ ਨੂੰ ਤੁਰੰਤ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੱਡੀ ਤਬਾਹੀ ਤੋਂ ਬਚਿਆ ਜਾ ਸਕੇ।
ਪੀਟੀਸੀ ਨਿਊਜ਼ ਪੱਤਰਕਾਰ ਚਰਨਜੀਤ ਸਿੰਘ ਦੀ ਗਰਾਊਂਡ ਜ਼ੀਰੋ ਤੋਂ ਇਹ ਰਿਪੋਰਟ ਚੇਤਾਵਨੀ ਦੇ ਰਹੀ ਹੈ ਕਿ ਜੇਕਰ ਸਮੇਂ ਸਿਰ ਰੋਕਥਾਮ ਦੇ ਕਦਮ ਨਾ ਚੁੱਕੇ ਗਏ ਤਾਂ ਮਾਨਸੂਨ ਦੌਰਾਨ ਇਥੇ ਬਣਿਆ ਇਹ ਕਮਜ਼ੋਰ ਬੰਨ ਹਜ਼ਾਰਾਂ ਏਕੜ ਫਸਲ ਅਤੇ ਦਰਜਨਾਂ ਪਿੰਡਾਂ ਲਈ ਖਤਰਾ ਬਣ ਸਕਦੇ ਹਨ।