Fri, Jun 12, 2026
Whatsapp

ਰਜਵਾਹੇ ’ਚ ਪਿਆ ਪਾੜ; 800 ਏਕੜ ਦੇ ਕਰੀਬ ਰਕਬੇ ਵਿੱਚ ਭਰਿਆ ਪਾਣੀ

ਫਰੀਦਕੋਟ ਜਿਲੇ ਦੇ ਪਿੰਡ ਰਾਮੇਆਣਾ ‘ਚ ਜੈਤੋ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੀ ਕਰੀਬ 700 ਏਕੜ ਜ਼ਮੀਨ ਰਕਬੇ ‘ਚ ਪਾਣੀ ਭਰਨ ਨਾਲ ਕਿਸਾਨਾਂ ਨੂੰ ਵੱਡੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ।

Reported by:  PTC News Desk  Edited by:  Amritpal Singh -- June 12th 2026 03:31 PM
ਰਜਵਾਹੇ ’ਚ ਪਿਆ ਪਾੜ; 800 ਏਕੜ ਦੇ ਕਰੀਬ ਰਕਬੇ ਵਿੱਚ ਭਰਿਆ ਪਾਣੀ

ਰਜਵਾਹੇ ’ਚ ਪਿਆ ਪਾੜ; 800 ਏਕੜ ਦੇ ਕਰੀਬ ਰਕਬੇ ਵਿੱਚ ਭਰਿਆ ਪਾਣੀ

ਫਰੀਦਕੋਟ ਜਿਲੇ ਦੇ ਪਿੰਡ ਰਾਮੇਆਣਾ ‘ਚ ਜੈਤੋ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੀ ਕਰੀਬ 700 ਏਕੜ ਜ਼ਮੀਨ ਰਕਬੇ ‘ਚ ਪਾਣੀ ਭਰਨ ਨਾਲ ਕਿਸਾਨਾਂ ਨੂੰ ਵੱਡੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸਾਨਾਂ ਦੀ ਕਈ ਏਕੜ ਝੋਨੇ ਦੀ ਪਨੀਰੀ, ਕਰੀਬ 100 ਏਕੜ ਲਗਾਇਆ ਹੋਇਆ ਝੋਨਾ, ਮੱਕੀ, ਹਰਾ ਚਾਰਾ, ਮੂੰਗੀ ਦੀ ਫਸਲ ਤੇ ਖੇਤਾਂ ‘ਚ ਪਈ ਸੈਂਕੜੇ ਟਨ ਤੂੜੀ ਬਰਬਾਦ ਹੋ ਗਈ।

ਗੱਲਬਾਤ ਕਰਦਿਆ ਕਿਸਾਨਾਂ ਨੇ ਦੱਸਿਆ ਕਿ ਰਜਵਾਹੇ ਦੀ ਹਾਲਤ ਬਹੁਤ ਖ਼ਰਾਬ ਸੀ। ਕੱਲ੍ਹ ਤੇਜ਼ ਹਨੇਰੀ ਕਾਰਨ ਸੂਏ ‘ਚ ਦਰੱਖ਼ਤਾਂ ਦੀਆਂ ਟਾਹਣੀਆਂ ਟੁੱਟ ਕੇ ਡਿੱਗੀਆਂ ਸਨ, ਜੋ ਇਥੇ ਬੰਦ ਪਏ ਪੁਰਾਣੇ ਪੁੱਲ ‘ਚ ਫਸਣ ਕਾਰਨ ਪਿੱਛੇ ਪਾਣੀ ਦਾ ਪੱਧਰ ਵੱਧ ਗਿਆ ਤੇ ਖਸਤਾ ਹਾਲ ਹੋਣ ਕਾਰਨ ਸੂਆ ਟੁੱਟ ਗਿਆ। ਇਸ ਨਾਲ ਉਹਨਾਂ ਦੇ ਕਰੀਬ 700 ਏਕੜ ਰਕਬੇ ‘ਚ ਪਾਣੀ ਭਰ ਗਿਆ।


ਕਿਸਾਨਾਂ ਨੇ ਦੱਸਿਆ ਕਿ ਰਜਵਾਹੇ ਨੂੰ ਟੁੱਟਿਆ ਕਰੀਬ 12 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਹਾਲੇ ਤੱਕ ਪ੍ਰਸ਼ਾਸ਼ਨ ਵੱਲੋਂ ਪਾੜ ਨੂੰ ਪੂਰਨ ਲਈ ਨਾ ਤਾਂ ਕੋਈ ਪ੍ਰਬੰਧ ਕੀਤੇ ਗਏ ਤੇ ਨਾ ਹੀ ਰਜਵਾਹੇ ‘ਚ ਪਾਣੀ ਘਟਾਇਆ ਗਿਆ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਕਈ ਏਕੜ ਝੋਨੇ ਦੀ ਪਨੀਰੀ, ਹਰਾ ਚਾਰਾ, ਮੱਕੀ ਅਤੇ ਮੂੰਗੀ ਦੀ ਫਸਲ, ਤੂੜੀ ਤੇ ਮੋਟਰਾਂ ਦਾ ਨੁਕਸਾਨ ਹੋਇਆ। ਉਨ੍ਹਾਂ ਨੇ ਸਰਕਾਰ ਤੋਂ ਮੁਆਵਜ਼ਾ ਦੀ ਮੰਗ ਕੀਤੀ ਹੈ।

ਇਸ ਪੂਰੇ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਮੌਕੇ ਤੇ ਪਹੁੰਚੇ ਨਹਿਰ ਵਿਭਾਗ ਦੇ JE ਨਵਨੀਤ ਸਿੰਘ ਨੇ ਦੱਸਿਆ ਕਿ ਝੱਖੜ ਕਾਰਨ ਦਰੱਖਤ ਡਿੱਗੇ ਸਨ। ਪੱਤੇ ਤੇ ਟਾਹਣੀਆਂ ਰਜਵਾਹੇ’ਚ ਡਿੱਗਣ ਕਾਰਨ ਰਜਵਾਹਾ ਟੁਟਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਬੰਦ ਕਰ ਦਿੱਤਾ ਗਿਆ ਹੈ ਤੇ ਪਿੰਡ ਵਾਲਿਆਂ ਨਾਲ ਮਿਲ ਕੇ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਜਵਾਹੇ ਦੀ ਹਾਲਤ ਖਸਤਾ ਹੈ ਤੇ ਇਸ ਦੀ ਰੀਲਾਈਨਿੰਗ ਦਾ ਪ੍ਰੋਜੈਕਟ ਪਾਸ ਹੋ ਚੁੱਕਿਆ। ਜਲਦੀ ਹੀ ਇਸ ਦਾ ਨਵੀਨੀਕਰਨ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਬਠਿੰਡਾ ਦੇ ਮਹਿਮਾ ਸਰਕਾਰੀ ਤੋਂ ਮਹਿਮਾ ਭਗਵਾਨਾ ਸੰਪਰਕ ਸੜਕ ਦੇ ਨਜ਼ਦੀਕ ਕੋਟਭਾਈ ਰਜਵਾਹੇ ਦੇ ਮੋਘਾ ਨੰਬਰ 71,000 ਰਾਈਟ ਨੇੜੇ ਬੀਤੀ ਰਾਤ ਕਰੀਬ 11 ਵਜੇ ਰਜਵਾਹਾ ਦੋਵਾਂ ਪਾਸਿਆਂ ਤੋਂ ਟੁੱਟ ਗਿਆ। ਇਸ ਕਾਰਨ ਕਰੀਬ 25-25 ਫੁੱਟ ਦਾ ਪਾੜ ਪੈ ਗਿਆ ਅਤੇ ਵੱਡੀ ਮਾਤਰਾ ਵਿੱਚ ਪਾਣੀ ਆਸ-ਪਾਸ ਦੇ ਖੇਤਾਂ ਵਿੱਚ ਫੈਲ ਗਿਆ। ਜਾਣਕਾਰੀ ਅਨੁਸਾਰ ਤਕਰੀਬਨ 500 ਏਕੜ ਰਕਬੇ ਵਿੱਚ ਪਾਣੀ ਭਰ ਜਾਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਅਤੇ ਝੋਨੇ ਦੀਆਂ ਪਨੀਰੀਆਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਸੂਆ ਟੁੱਟਣ ਦੀ ਸੂਚਨਾ ਮਿਲਦੇ ਹੀ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਐਲਾਨ ਕਰਕੇ ਲੋਕਾਂ ਨੂੰ ਇਕੱਠਾ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਵਾਸੀ ਅਤੇ ਕਿਸਾਨ ਸਾਰੀ ਰਾਤ ਆਪਣੇ ਪੱਧਰ ’ਤੇ ਪਾਣੀ ਰੋਕਣ ਲਈ ਜੱਦੋ-ਜਹਿਦ ਕਰਦੇ ਰਹੇ। ਉਨ੍ਹਾਂ ਦਾ ਦੋਸ਼ ਹੈ ਕਿ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਕਰਕੇ ਸੂਚਿਤ ਕੀਤਾ ਗਿਆ, ਪਰ ਮਹਿਕਮੇ ਵੱਲੋਂ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਐਕਸੀਅਨ ਜਗਮੀਤ ਸਿੰਘ ਭਾਕਰ ਨੇ ਦਾਅਵਾ ਕੀਤਾ ਕਿ ਰਜਵਾਹੇ ਦਾ ਪਾਣੀ ਘਟਾ ਦਿੱਤਾ ਹੈ, ਪਰ ਪਿੰਡ ਵਾਸੀਆਂ ਅਨੁਸਾਰ ਪਾਣੀ ਦਾ ਵਹਾਅ ਲਗਾਤਾਰ ਵਧਦਾ ਰਿਹਾ। ਐਸਡੀਓ ਵੱਲੋਂ ਵੀ ਟੀਮ ਭੇਜਣ ਦਾ ਭਰੋਸਾ ਦਿੱਤਾ ਜਾਂਦਾ ਰਿਹਾ, ਪਰ ਲੋਕਾਂ ਦਾ ਕਹਿਣਾ ਹੈ ਕਿ ਖ਼ਬਰ ਲਿਖੇ ਜਾਣ ਤੱਕ ਨਹਿਰੀ ਮਹਿਕਮੇ ਦਾ ਕੋਈ ਜ਼ਿੰਮੇਵਾਰ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ।

ਸੂਆ ਟੁੱਟਣ ਕਾਰਨ ਕਿਸਾਨ ਹਵਿੰਦਰ ਪਾਲ, ਰਾਜਾ ਸਿੰਘ, ਪਾਲਾ ਸਿੰਘ, ਸ਼ੇਰਾ ਸਿੰਘ, ਲੀਲੂ ਸਿੰਘ, ਹਰਪਾਲ ਸਿੰਘ, ਰੇਸ਼ਮ ਸਿੰਘ, ਗੁਰਜੀਤ ਸਿੰਘ ਨਿੰਦਰ ਸ਼ਰਮਾ, ਮੇਸ਼ੀ ਸ਼ਰਮਾ ਅਤੇ ਹੋਰ ਕਿਸਾਨਾਂ ਦੀ ਕਰੀਬ 500 ਏਕੜ ਜ਼ਮੀਨ ਪਾਣੀ ਹੇਠ ਆ ਗਈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਝੋਨੇ ਦੀਆਂ ਪਨੀਰੀਆਂ ਤਬਾਹ ਹੋ ਗਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਝਟਕਾ ਲੱਗਾ ਹੈ।

ਪੀੜਤ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਅੱਜ ਬਠਿੰਡਾ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣਗੇ । ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਪਾੜ ਨਾ ਪੂਰਿਆ ਗਿਆ ਅਤੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK