'ਆਪ' ਨੇ ਸਰਕਾਰੀ ਹਸਪਤਾਲਾਂ ਵਿੱਚ ਟੈਸਟਾਂ ਦਾ ਕੰਮ ਪ੍ਰਾਈਵੇਟ ਕੰਪਨੀ ਦੇ ਕੀਤਾ ਹਵਾਲੇ : ਅਕਾਲੀ ਦਲ

By  Pardeep Singh January 29th 2023 06:13 PM

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਨਾ ਸਿਰਫ ਪੇਂਡੂ ਡਿਸਪੈਂਸਰੀਆਂ ਬੰਦ ਕਰਨ ਮਗਰੋਂ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਰੱਖ ਦਿੱਤਾ ਹੈ ਬਲਕਿ ਇਹਨਾਂ ਨੇ ਹਸਪਤਾਲਾਂ ਵਿਚ ਹੁੰਦੇ ਸਾਰੇ ਟੈਸਟ ਕਰਨ ਦਾ ਕੰਮ ਪ੍ਰਾਈਵੇਟ ਕੰਪਨੀ ਹਵਾਲੇ ਕਰ ਦਿੱਤਾ ਹੈ ਜੋ ਲੋਕਾਂ ਤੋਂ ਟੈਸਟਾਂ ਦੇ ਮਨਮਰਜ਼ੀ ਦੇ ਪੈਸੇ ਵਸੂਲ ਰਹੀ ਹੈ।

ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ  ਖੇੜਾ ਗੱਜੂ ਆਮ ਆਦਮੀ ਕਲੀਨਿਕ ਵਿਚ ਨੇੜਲੇ ਪਿੰਡ ਕੋਟਲਾ ਤੋਂ ਸਟਾਫ਼  ਤਬਦੀਲ ਕੀਤਾ  ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਇਸ ਪਿੰਡ ਵਿਚ 1978 ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਪ੍ਰਾਇਮਰੀ ਹੈਲਥ ਸੈਂਟਰ ਸਥਾਪਿਤ ਕੀਤਾ ਸੀ ਅਤੇ ਨਾਲ ਹੀ ਮੁਫਤ ਦਵਾਈਆਂ ਦੀ ਦੁਕਾਨ ਤੇ ਡਾਇਗਨੋਸਟਿਸ ਸੈਂਟਰ ਸਥਾਪਿਤ ਕੀਤਾ ਗਿਆ ਸੀ।। ਉਨ੍ਹਾਂ ਨੇ ਦੱਸਿਆ ਕਿ ਮਾਨ ਸਰਕਾਰ ਨੇ ਇਸ ਨੂੰ ਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।

 ਬਰਾੜ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ ਇਸ ਪ੍ਰਾਈਵੇਟ ਡਾਇਗਨੋਸਟਿਸ ਕੰਪਨੀ ਕ੍ਰਿਸ਼ਨਾ ਡਾਇਗਨੋਸਿਸ ਦੇ ਕੰਮ ਦਾ ਦਾਇਰਾ ਵਧਾ ਦਿੱਤਾ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਸਾਰੇ ਲੈਬਾਰਟਰੀ ਟੈਸਟ ਦੀ ਜ਼ਿੰਮੇਵਾਰੀ ਇਸ ਨੂੰ ਦੇ ਦਿੱਤੀ ਹੈ। 

ਬਰਾੜ ਵੱਲੋਂ ਇਸ ਨੂੰ ਘੁਟਾਲਾ ਕਰਾਰ ਦਿੰਦਿਆਂ  ਕਿਹਾ ਹੈ ਕਿ ਇਸ ਦੇ ਨਵੇਂ ਸਿਰੇ ਤੋਂ ਟੈਂਡਰ ਲਗਾਏ ਜਾਣ ਤਾਂ ਜੋ ਇਹ ਕੰਮ ਮੁਕਾਬਲੇ ਵਾਲੇ ਰੇਟਾਂ ਦੇ ਆਧਾਰ ’ਤੇ ਉਦੋਂ ਤੱਕ ਵਾਸਤੇ ਅਲਾਟ ਕੀਤਾ ਜਾ ਸਕੇ ਜਦੋਂ ਕਿ ਸਰਕਾਰੀ ਲੈਬਾਰਟਰੀ ਟੈਕਨੀਸ਼ੀਅਨ ਨਹੀਂ ਰੱਖ ਲੈਂਦੀ ਅਤੇ ਸਾਰੀਆਂ ਲੈਬਾਰਟਰੀਆਂ ਚਾਲੂ ਨਹੀਂ ਕਰ ਲੈਂਦੀ।

ਬਰਾੜ ਨੇ ਕਿਹਾ ਕਿ ਆਪ ਦੇ ਕਨਵੀਨਰ  ਅਰਵਿੰਦ ਕੇਜਰੀਵਾਲ ਨੇ ਸਾਰੇ ਅਪਰੇਸ਼ਨਾਂ ਦੀ ਲਾਗਤ ਸਮੇਤ ਪੰਜਾਬੀਆਂ ਲਈ ਸਿਹਤ ਸੰਭਾਲ ਸਹੂਲਤਾਂ ਮੁਫਤ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੀ ਤਾਂ ਗੱਲ ਹੀ ਛੱਡੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਵਿਚ ਆਪ ਦੇ ਡੁੱਬਦੇ ਬੇੜੇ ਨੂੰ ਬਚਾਉਣ ਵਾਸਤੇ ਪੀਐਚਸੀ ਦੇ ਨਾਂ ਬਦਲਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਮਾਮਲੇ ਵਿਚ ਪੰਜਾਬ ਵਿਚ ਹਾਲਾਤ ਇੰਨੇ ਮਾੜੇ ਹਨ ਕਿ ਮਰੀਜ਼ਾਂ ਨੂੰ ਆਪਣੀਆਂ ਸਰਿੰਜਾਂ ਖਰੀਦਣੀਆਂ ਪੈ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ  ਸਰਕਾਰ 16 ਮੈਡੀਕਲ ਕਾਲਜ ਤੇ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ ਸਮੇਤ ਆਪਣੇ ਸਾਰੇ ਵਾਅਦੇ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਇਹ ਨਾਂ ਬਦਲ ਕੇ ਸਿਰਫ 500 ਕਲੀਨਿਕ ਖੋਲ੍ਹੇ ਗਏ ਹਨ ਅਤੇ ਸਿਹਤ ਖੇਤਰ ਵਿਚ ਸੁਧਾਰ ਵਾਸਤੇ ਕੱਖ ਵੀ ਨਹੀਂ ਕੀਤਾ ਗਿਆ।

ਅਕਾਲੀ ਆਗੂ ਨੇ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਦਿਆਂ ਕਿਹਾ ਕਿ 540 ਪੇਂਡੂ ਡਿਸਪੈਂਸਰੀਆਂ ਬੰਦ ਕਰਨ ਨਾਲ 6 ਹਜ਼ਾਰ ਪਿੰਡਾਂ ਵਿਚ ਸਿਹਤ ਸੰਭਾਲ ਸਹੂਲਤਾਂ ਪ੍ਰਭਾਵਿਤ ਹੋਣਗੀਆਂ।ਉਨ੍ਹਾਂ ਮੰਗ ਕੀਤੀ ਕਿ ਇਹਨਾਂ ਪੇਂਡੂ ਡਿਸਪੈਂਸਰੀਆਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਅਤੇ ਲੋੜੀਂਦੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਰੱਖ ਕੇ ਪੰਜਾਬੀਆਂ ਨੂੰ ਵਧੀਆ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।

Related Post