ਦੁਕਾਨਾਂ ਦਾ 8 ਲੱਖ ਰੁਪਏ ਦਾ ਕਿਰਾਇਆ ਜਾਅਲੀ ਰਸੀਦਾਂ ਰਾਹੀਂ ਵਸੂਲ ਕਰਨ ਦੇ ਦੋਸ਼ 'ਚ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਸਰਪੰਚ ਗ੍ਰਿਫ਼ਤਾਰ

ਪੰਜਾਬ ਸਰਕਾਰ ਵਲੋਂ ਰਿਸ਼ਵਤਖੋਰੀ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਚੱਬੇਵਾਲ ਜਿਲ੍ਹਾ ਹੁਸਿ਼ਆਰਪੁਰ ਦੀਆਂ ਦੁਕਾਨਾਂ ਅਤੇ ਖੋਖਿਆਂ ਦੇ 8,04,000 ਰੁਪਏ ਦੇ ਕਿਰਾਏ ਦੀ ਵਸੂਲੀ ਜਾਅਲੀ ਰਸੀਦਾਂ ਰਾਹੀਂ ਕਰਕੇ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਸਾਬਤ ਹੋਣ ਤੇ ਪਿੰਡ ਦੇ ਸਾਬਕਾ ਸਰਪੰਚ ਦੋਸ਼ੀ ਸ਼ਿਵਰੰਜਨ ਸਿੰਘ ਨੂੰ ਵਿਜੀਲੈਂਸ ਬਿਓਰੋ ਨੇ ਅੱਜ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਕਿ ਜਿਲ੍ਹਾ ਪੁਲਿਸ ਵੱਲੋਂ ਦਰਜ ਮੁਕੱਦਮੇ ਵਿੱਚ ਕਰੀਬ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਫਰਾਰ ਚਲਿਆ ਆ ਰਹੇ ਸੀ।

By  Ramandeep Kaur March 21st 2023 10:06 AM

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਰਿਸ਼ਵਤਖੋਰੀ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਚੱਬੇਵਾਲ ਜਿਲ੍ਹਾ ਹੁਸਿ਼ਆਰਪੁਰ ਦੀਆਂ ਦੁਕਾਨਾਂ ਅਤੇ ਖੋਖਿਆਂ ਦੇ 8,04,000 ਰੁਪਏ ਦੇ ਕਿਰਾਏ ਦੀ ਵਸੂਲੀ ਜਾਅਲੀ ਰਸੀਦਾਂ ਰਾਹੀਂ ਕਰਕੇ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਸਾਬਤ ਹੋਣ ਤੇ ਪਿੰਡ ਦੇ ਸਾਬਕਾ ਸਰਪੰਚ ਦੋਸ਼ੀ ਸ਼ਿਵਰੰਜਨ ਸਿੰਘ ਨੂੰ ਵਿਜੀਲੈਂਸ ਬਿਓਰੋ ਨੇ ਅੱਜ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਕਿ ਜਿਲ੍ਹਾ ਪੁਲਿਸ ਵੱਲੋਂ ਦਰਜ ਮੁਕੱਦਮੇ ਵਿੱਚ ਕਰੀਬ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਫਰਾਰ ਚਲਿਆ ਆ ਰਹੇ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਹਰਮਿੰਦਰ ਸਿੰਘ ਵਾਸੀ ਪਿੰਡ ਚੱਬੇਵਾਲ ਜਿਲ੍ਹਾ ਹੁਸਿ਼ਆਰਪੁਰ ਵੱਲੋਂ ਮਿਤੀ 31.12.2018 ਨੂੰ ਸਰਪੰਚ ਦਾ ਅਹੁਦਾ ਸੰਭਾਲਣ ਤੇ ਪਾਇਆ ਗਿਆ ਕਿ ਗ੍ਰਾਮ ਪੰਚਾਇਤ ਚੱਬੇਵਾਲ ਦੀਆਂ ਦੁਕਾਨਾਂ ਅਤੇ ਖੋਖੇ ਆਦਿ ਦੇ ਬਹੁਤ ਸਾਰੇ ਕਿਰਾਏ ਦੁਕਾਨਦਾਰਾਂ ਵੱਲ ਬਕਾਇਆ ਸਨ। ਸਾਬਕਾ ਸਰਪੰਚ ਸ਼ਿਵਰੰਜਨ ਸਿੰਘ ਵੱਲੋਂ ਇਨ੍ਹਾਂ ਦੁਕਾਨਾਂ/ਖੋਖਿਆਂ ਦੇ ਕਿਰਾਏ ਦੀ ਵਸੂਲੀ ਸਮੇਂ ਪੰਚਾਇਤ ਦੇ ਰਿਕਾਰਡ ਦੀ ਅਸਲੀ ਰਸੀਦ ਨਹੀਂ ਦਿੱਤੀ ਗਈ ਸਗੋਂ ਜਾਅਲੀ ਰਸੀਦਾਂ ਦੇ ਦਿੱਤੀਆਂ ਅਤੇ ਪੰਚਾਇਤ ਦੇ ਰਿਕਾਰਡ ਵਿੱਚ ਵਸੂਲ ਕੀਤੇ ਕਿਰਾਏ ਦਾ ਕੋਈ ਅੰਦਰਾਜ ਨਹੀਂ ਕੀਤਾ ਗਿਆ। ਉਪਰੰਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਹੁਸਿ਼ਆਰਪੁਰ-2 ਵੱਲੋਂ ਇਸ ਘਪਲੇ ਦੀ ਪੜਤਾਲ ਕਰਨ ਮੌਕੇ ਪਾਇਆ ਗਿਆ ਕਿ ਉਕਤ ਦੋਸ਼ੀ ਸ਼ਿਵਰੰਜਨ ਸਿੰਘ ਸਾਬਕਾ ਸਰਪੰਚ ਵੱਲੋਂ ਦੁਕਾਨਦਾਰਾਂ ਅਤੇ ਖੋਖੇ ਵਾਲਿਆਂ ਤੋਂ ਕਿਰਾਏ ਦੇ 8,04,000 ਰੁਪਏ ਦੀ ਵਸੂਲੀ ਕਰਕੇ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਏ ਗਏ ਅਤੇ ਕਿਰਾਏ ਦੀਆਂ ਜਾਅਲੀ ਰਸੀਦਾਂ ਤਿਆਰ ਕਰਕੇ ਦੁਕਾਨਾਂਦਾਰਾਂ ਨੂੰ ਦਿੱਤੀਆਂ। 

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਕਤ ਦੋਸ਼ੀ ਸ਼ਿਵਰੰਜਨ ਸਿੰਘ ਸਾਬਕਾ ਸਰਪੰਚ ਵਿਰੁੱਧ ਮੁਕੱਦਮਾ ਨੰਬਰ 125 ਮਿਤੀ 13.10.2022 ਨੂੰ ਆਈ.ਪੀ.ਸੀ. ਦੀ ਧਾਰਾ 409, 420, 465, 466, 467, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1), 13(2) ਅਧੀਨ ਥਾਣਾ ਚੱਬੇਵਾਲ ਵਿਖੇ ਦਰਜ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਇਸ ਉਪਰੰਤ ਇੱਕ ਹੁਕਮ ਰਾਂਹੀ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਵਿਜੀਲੈਂਸ ਬਿਉਰੋ, ਰੇਂਜ ਜਲੰਧਰ ਨੂੰ ਸੌਂਪੀ ਗਈ ਸੀ। ਵਿਜੀਲੈਂਸ ਬਿਉਰੋ ਵੱਲੋਂ ਉਪਰੋਕਤ ਮੁਕੱਦਮੇ ਦੇ ਫਰਾਰ ਦੋਸ਼ੀ ਸ਼ਿਵਰੰਜਨ ਸਿੰਘ ਸਾਬਕਾ ਸਰਪੰਚ ਨੂੰ ਅੱਜ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਕੱਲ ਮਿਤੀ 21.03.2023 ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਂਸਲ ਕੀਤਾ ਜਾਵੇਗਾ। ਇਸ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ।

ਇਹ ਵੀ ਪੜ੍ਹੋ: CM Mann ਅਤੇ Arvind Kejriwal 25 ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਹੋਣਗੇ ਨਤਮਸਤਕ

Related Post