ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦੇ ਦੋ ਫਰਜ਼ੀ ਰੇਲਵੇ ਅਧਿਕਾਰੀ ਗ੍ਰਿਫ਼ਤਾਰ

By  Jasmeet Singh May 23rd 2023 09:06 PM

ਬਠਿੰਡਾ: ਭੋਲੇ ਭਾਲੇ ਲੋਕਾਂ ਨੂੰ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਸਿਵਲ ਲਾਈਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੋਕ ਰੇਲਵੇ ਵਿੱਚ ਰੇਲਵੇ ਕਲਰਕ ਅਤੇ ਰੇਲਵੇ ਟਿਕਟ ਕੁਲੈਕਟਰ ਹੋਣ ਦਾ ਬਹਾਨਾ ਬਣਾ ਕੇ ਭੋਲੇ-ਭਾਲੇ ਲੋਕਾਂ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਠੱਗਦੇ ਸਨ। 

ਫੜੇ ਗਏ ਮੁਲਜ਼ਮਾਂ ਦੀ ਪਛਾਣ ਇਕਬਾਲਦੀਪ ਸਿੰਘ ਵਾਸੀ ਮਧੀਰ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਖੜਕ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਹੋਈ ਹੈ। ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਧੋਖਾਧੜੀ ਦੇ ਹੋਰ ਵੀ ਕਈ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਸ ਗਰੋਹ ਨੇ ਬਠਿੰਡਾ ਦੇ ਦੋ ਵਿਅਕਤੀਆਂ ਨੂੰ ਰੇਲਵੇ ਪੁਲਿਸ ਵਿੱਚ ਕਾਂਸਟੇਬਲ ਅਤੇ ਗੇਟਮੈਨ ਵਜੋਂ ਤਾਇਨਾਤ ਕਰਨ ਦੇ ਬਹਾਨੇ 6.60 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਡੱਬਵਾਲੀ ਮੰਡੀ ਦੇ ਰਹਿਣ ਵਾਲੇ ਅਮਰਿੰਦਰ ਸਿੰਘ ਨੇ ਥਾਣਾ ਸਿਵਲ ਲਾਈਨ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਉਸ ਦੇ ਇਕ ਰਿਸ਼ਤੇਦਾਰ ਕਰਨ ਜਿੰਦਲ ਦਾ ਹਨੂੰਮਾਨ ਚੌਕ ਨੇੜੇ ਹੋਟਲ ਹੈ। ਜੁਲਾਈ 2022 ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਦੇ ਵਸਨੀਕ ਇਕਬਾਲਦੀਪ ਸਿੰਘ, ਰਜਨੀ ਰਾਣੀ ਵਾਸੀ ਮੰਡੀ ਰਾਮਪੁਰਾ, ਬਠਿੰਡਾ, ਖੜਕ ਸਿੰਘ ਵਾਸੀ ਤਲਵੰਡੀ ਸਾਬੋ, ਬਲਵਿੰਦਰ ਸਿੰਘ ਅਤੇ ਡੀਕੇ ਵਰਮਾ ਵਾਸੀ ਬਠਿੰਡਾ ਉਸਦੇ ਰਿਸ਼ਤੇਦਾਰ ਦੇ ਹੋਟਲ ਵਿੱਚ ਆਏ ਸਨ। 

ਉਨ੍ਹਾਂ ਦੱਸਿਆ ਕਿ ਇਕਬਾਲਦੀਪ ਸਿੰਘ ਨੇ ਆਪਣੇ ਆਪ ਨੂੰ ਰੇਲਵੇ ਵਿੱਚ ਟਿਕਟ ਕੁਲੈਕਟਰ ਅਤੇ ਖੜਕ ਸਿੰਘ ਨੇ ਰੇਲਵੇ ਕਲਰਕ ਦੱਸਦਿਆਂ ਕਿਹਾ ਕਿ ਵਿਭਾਗ ਦੇ ਦੋ ਉੱਚ ਅਧਿਕਾਰੀਆਂ ਨਾਲ ਉਨ੍ਹਾਂ ਦੀ ਚੰਗੀ ਜਾਣ-ਪਛਾਣ ਸੀ। ਰੇਲਵੇ ਵਿਭਾਗ ਨੇ ਸਰਕਾਰੀ ਨੌਕਰੀ ਲਈ ਅਸਾਮੀਆਂ ਕੱਢੀਆਂ ਹਨ, ਜੇਕਰ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਰਕਾਰੀ ਨੌਕਰੀ ਦਿਵਾਉਣਾ ਚਾਹੁੰਦੇ ਹਨ ਤਾਂ ਉਹ ਪੈਸੇ ਲੈ ਕੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਦਿਵਾ ਦੇਣਗੇ। 

ਪੀੜਤ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਵਰਗਲਾ ਕੇ ਸਰਕਾਰੀ ਨੌਕਰੀ ਦਿਵਾਉਣ ਦੇ ਲਾਲਚ ਵਿੱਚ 6.60 ਲੱਖ ਰੁਪਏ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਅਕਤੂਬਰ 2022 ਨੂੰ ਉਸ ਨੂੰ ਰੇਲਵੇ ਵਿੱਚ ਪੁਲਿਸ ਕਾਂਸਟੇਬਲ ਅਤੇ ਗੇਟਮੈਨ ਦੇ ਜਾਅਲੀ ਜੁਆਇਨਿੰਗ ਲੈਟਰ ਵਟਸਐਪ ’ਤੇ ਭੇਜੇ ਅਤੇ ਉਸ ਨੂੰ ਸਬੰਧਤ ਜੁਆਇਨਿੰਗ ਸਟੇਸ਼ਨ ’ਤੇ ਜਾ ਕੇ ਨੌਕਰੀ ਜੁਆਇਨ ਕਰਨ ਲਈ ਕਿਹਾ। 

ਜਦੋਂ ਉਹ ਰੇਲਵੇ ਵਿਭਾਗ ਵਿੱਚ ਨੌਕਰੀ ਜੁਆਇਨ ਕਰਨ ਲਈ ਗਿਆ ਤਾਂ ਪਤਾ ਲੱਗਾ ਕਿ ਉਕਤ ਪੱਤਰ ਜਾਅਲੀ ਹੈ। ਐਸ.ਐਚ.ਓ ਸਿਵਲ ਲਾਈਨ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਇਕਬਾਲਦੀਪ ਸਿੰਘ ਵਾਸੀ ਮਧੀਰ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਖੜਕ ਸਿੰਘ ਵਾਸੀ ਤਲਵੰਡੀ ਸਾਬੋ ਨੂੰ ਏ.ਐਸ.ਆਈ ਜਗਜੀਤ ਸਿੰਘ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ: 

ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈਕੇ SGPC ਨੇ ਸਾਂਝੇ ਕੀਤੇ ਵੇਰਵੇ; ਵਿਰੋਧੀਆਂ ਦੇ ਦੂਰ ਕੀਤੇ ਭੁਲੇਖੇ

ਪੰਜਾਬ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਫਾਲਤੂ ਨਹੀਂ: ਅਕਾਲੀ ਦਲ ਮੁਖੀ ਨੇ ਭਗਵੰਤ ਮਾਨ ਨੂੰ ਆਖਿਆ

Related Post