ਰੋਲਸ-ਰਾਇਸ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਵੇਗਾ ਆਈਆਈਟੀ ਮਦਰਾਸ

By  Panesar Harinder March 11th 2020 11:37 AM -- Updated: March 11th 2020 11:39 AM

ਦੁਨੀਆ ਦੀ ਮਸ਼ਹੂਰ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਰੋਲਸ-ਰਾਇਸ (Rolls-Royce) ਨੇ ਸਾਂਝੇ ਖੋਜ ਪ੍ਰੋਗਰਾਮਾਂ ਲਈ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮਦਰਾਸ (IIT-M) ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਸਮਝੌਤੇ ਅਧੀਨ ਕੰਪਨੀ ਆਪਣੇ ਕੁਝ ਇੰਜੀਨੀਅਰਾਂ ਨੂੰ ਉੱਚ-ਸਿੱਖਿਆ ਲਈ ਆਈਆਈਟੀ-ਮਦਰਾਸ ਵੀ ਭੇਜੇਗੀ।

ਬਹੁ-ਪੱਖੀ ਵਿਸ਼ਿਆਂ 'ਤੇ ਹੋਵੇਗੀ ਸਾਂਝ, ਖੋਜ-ਕਾਰਜਾਂ ਦੇ ਨਾਲ ਨਾਲ ਉੱਚ-ਵਿੱਦਿਆ ਵੀ

ਸਮਝੌਤੇ ਤਹਿਤ, ਰੋਲਸ-ਰਾਇਸ ਅਤੇ ਆਈਆਈਟੀ-ਐੱਮ ਕੰਪਨੀ ਦੀਆਂ ਭਵਿੱਖ ਦੀਆਂ ਤਕੀਨੀਕੀ ਲੋੜਾਂ ਅਤੇ ਇਸ ਨਾਲ ਜੁੜੇ ਪ੍ਰੋਗਰਾਮਾਂ ਦੇ ਖੋਜ-ਕਾਰਜਾਂ ਨੂੰ ਅੱਗੇ ਵਧਾਉਣਗੇ। ਤਕਨੀਕੀ ਉੱਚ-ਅਧਿਐਨ ਵਜੋਂ, ਰੋਲਸ-ਰਾਇਸ ਆਪਣੇ ਚੋਣਵੇਂ ਕਰਮਚਾਰੀਆਂ ਨੂੰ ਆਈਆਈਟੀ ਮਦਰਾਸ ਵਿਖੇ ਮਾਸਟਰਜ਼ (Masters) ਅਤੇ ਪੀ.ਐਚ.ਡੀ. (P.H.D.) ਪੱਧਰ ਦੀ ਪੜ੍ਹਾਈ ਕਰਨ ਲਈ ਸਹਾਇਤਾ ਪ੍ਰਦਾਨ ਕਰੇਗਾ। ਪ੍ਰੋਗਰਾਮ ਲਈ ਸ਼ਰਤਾਂ ਪੂਰੀਆਂ ਕਰਨ ਵਜੋਂ, ਰੋਲਸ-ਰਾਇਸ ਕਰਮਚਾਰੀਆਂ ਨੂੰ ਪਹਿਲਾਂ ਬਾਕਾਇਦਾ ਆਈਆਈਟੀ ਮਦਰਾਸ ਦੀ ਚੋਣ ਪ੍ਰਕਿਰਿਆ 'ਚੋਂ ਲੰਘਣਾ ਪਵੇਗਾ, ਅਤੇ ਨਾਲ ਹੀ ਉਨ੍ਹਾਂ ਦਾ ਵਿਸ਼ਾ ਵੀ ਰੋਲਸ-ਰਾਇਸ ਦੀਆਂ ਰਣਨੀਤਿਕ ਤਰਜੀਹਾਂ ਤੇ ਯੋਗਤਾਵਾਂ ਉੱਤੇ ਖਰਾ ਉਤਰਨਾ ਚਾਹੀਦਾ ਹੈ। ਇਹ ਪ੍ਰੋਗਰਾਮ ਬੰਗਲੁਰੂ ਦੇ ਰੋਲਸ-ਰਾਇਸ (Rolls-Royce) ਇੰਜੀਨੀਅਰਿੰਗ ਸੈਂਟਰ ਦੇ ਸਾਰੇ ਸਥਾਈ ਕਰਮਚਾਰੀਆਂ ਲਈ ਖੁੱਲਾ ਹੈ, ਜਿਹੜੇ ਕਿ ਕੰਪਨੀ 'ਚ 36 ਮਹੀਨੇ ਪੂਰੇ ਕਰ ਚੁੱਕੇ ਹਨ। ਇਹ ਪਹਿਲਕਦਮੀਆਂ ਕੰਪਨੀ ਵੱਲੋਂ ਇੰਜੀਨੀਅਰਿੰਗ ਦੇ ਖੇਤਰ 'ਚ ਆਪਣੇ ਗੁਣੀ ਲੋਕਾਂ ਦੀ ਉੱਨਤੀ ਅਤੇ ਉਨ੍ਹਾਂ ਦੇ ਨਿੱਜੀ ਤੇ ਪੇਸ਼ੇਵਰ ਵਿਕਾਸ ਲਈ ਕੀਤੀਆਂ ਜਾ ਰਹੀਆਂ ਹਨ।

Related Post