ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ 84 ਦੇਸ਼ਾਂ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

By Jashan A - October 22, 2019 6:10 pm

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ 84 ਦੇਸ਼ਾਂ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਦੁਨੀਆਂ ਭਰ ਤੋਂ ਆਏ ਦੂਤ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਅਥਾਹ ਖੁਸ਼ ਹੋਏ

ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ, ਜੋ ਕਿ ਦੁਨੀਆਂ ਭਰ ਵਿਚ ਅਥਾਹ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਦਾ ਹਿੱਸਾ ਬਣਦੇ ਅੱਜ 84 ਦੇਸ਼ਾਂ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖ ਨਤਮਸਤਕ ਹੋਏ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ ਹੇਠ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਉਪਰ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪੰਜਾਬ ਸਰਕਾਰ ਦੀ ਤਰਫੋਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ,

ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਅਤੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ। ਵਫਦ ਨਾਲ ਇੰਡੀਅਨ ਕਾਉਂਸਿਲ ਆਫ਼ ਕਲਚਰ ਐਂਡ ਰਿਲੀਜੀਅਸ ਦੇ ਪ੍ਰਧਾਨ ਡਾ. ਵਿਨੈ ਸਹਾਸਲ ਬੁਧੈ ਅਤੇ ਡਾਇਰੈਕਟਰ ਜਨਰਲ ਸ੍ਰੀ ਅਖਿਲੇਸ਼ ਮਿਸ਼ਰਾ ਵੀ ਨਾਲ ਪਹੁੰਚੇ।

ਇਸ ਮੌਕੇ ਪੰਜਾਬ ਸਰਕਾਰ ਦੇ ਪ੍ਰੋਟੋਕਾਲ ਵਿਭਾਗ ਦੇ ਸੈਕਟਰੀ ਆਲੋਕ ਸ਼ੇਖਰ ਅਤੇਮੁਨੀਸ਼ ਕੁਮਾਰ ਵੀ ਵਫਦ ਦਾ ਸਵਾਗਤ ਕਰਨ ਲਈ ਹਾਜ਼ਰ ਸਨ।ਅੱਜ ਦੇ ਇਸ ਵਫਦ ਵਿਚ ਅਮਰੀਕਾ, ਅਫ਼ਗਾਨਿਸਤਾਨ ,ਅਰਜਨਟੀਨਾ, ਅਰਮੀਨੀਆ, ਆਸਟ੍ਰੇਲੀਆ, ਅਜ਼ਰਬੇਜ਼ਾਨ, ਬੇਲਾ ਰੂਸ, ਭੂਟਾਨ, ਬੁਲਾਵਿਆ, ਬੋਸਨੀਆ, ਬੁਲਗਾਰੀਆ, ਬੁਰਕੀਨਾ ਫਾਸੋ, ਬਰੂੰਡੀ, ਕੰਬੋਡੀਆ, ਚਿੱਲੀ, ਕੋਸਟਾਰੀਕਾ, ਕੋਟਇਵੋਰੀ, ਕਰੋਸ਼ੀਆ, ਕਿਊਬਾ, ਸਾਈਪਰਸ, ਚੈਕ ਰਿਪਬਲਿਕ, ਡੈਨਮਾਰਕ, ਐਕਵਾਡੋਰ, ਮਿਸਰ, ਐਲਸਿਲਵਾਡੋਰ, ਰਿਟਰੀਆ, ਇਥੋਪੀਆ, ਫਿਜੀ, ਜਾਂਬੀਆ, ਜੋਰਜੀਆ, ਗਰੀਸ, ਗੋਆਨਾ, ਆਈਸਲੈਂਡ, ਇੰਡੋਨੇਸ਼ੀਆ, ਇਰਾਨ, ਇਰਾਕ, ਇਸ਼ਰਾਇਲ, ਕਜਾਕਿਸਤਾਨ, ਕੋਰੀਆ, ਕੁਵੈਤ, ਕਰਗਿਸਤਾਨ, ਲਿਬਨਾਨ, ਲਿਵਿਆ, ਲਿਥੋਨੀਆ, ਮਲੇਸ਼ੀਆ, ਮਾਲਦੀਵ, ਮਾਲੀ, ਮਾਲਟਾ, ਮਾਰਸ਼ੀਸ਼, ਮੈਕਸੀਕੋ, ਮੰਗੋਲੀਆ, ਮੋਰਾਕੋ, ਮੋਂਜ਼ਮਬੀਕ, ਮੀਆਂਮਾਰ, ਨੇਪਾਲ, ਨਿਊਜ਼ੀਲੈਂਡ, ਨਾਈਜੀਰੀਆ, ਨਾਰਥ ਮੈਕਡੋਨੀਆ, ਨੋਰਵੇ, ਫਲਿਸਤੀਨ, ਪੈਨਾਮਾ, ਪੈਪੂਆ ਨਿਊ ਗੋਆਨਾ, ਪੈਰਾਗੁਆ, ਪੀਰੂ, ਪੁਰਤਗਾਲ, ਰੋਮਾਨੀਆ, ਰਸ਼ੀਅਨ ਫੈਡਰੇਸ਼ਨ, ਰਮਾਂਡਾ, ਸੁਲਾਵਾਕ ਰਿਪਬਲਿਕ, ਸੋਮਾਲੀਆ, ਸਾਊਥ ਅਫਰੀਕਾ, ਸਪੇਨ, ਸ੍ਰੀਲੰਕਾ, ਸੁਰੀਨੇਮ, ਤਜਾਕੀਸਤਾਨ, ਟਾਗੋ, ਟਿਰੀਂਦਾਦ ਟੋਬੈਗੋ, ਟੋਨੇਸ਼ੀਆ, ਤੁਰਕਮੀਨੀਸਤਾਨ, ਵੀਅਤਨਾਮ, ਯਮਨ, ਜਿੰਬਾਵੇ ਦੇਸ਼ਾਂ ਦੇ ਰਾਜਦੂਦ ਸ਼ਾਮਲ ਸਨ।

ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੋਮਣੀ ਕਮੇਟੀ, ਇੰਡੀਅਨ ਕਾਉਂਸਿਲ ਆਫ਼ ਕਲਚਰ ਐਂਡ ਰਿਲੀਜੀਅਸ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਅਥਾਹ ਖੁਸ਼ੀ ਮਿਲੀ ਹੈ ਅਤੇ ਸਾਰੇ ਦੇਸ਼ਾਂ ਦੇ ਰਾਜਦੂਤਾਂ ਨੂੰ ਸਿੱਖ ਧਰਮ ਬਾਰੇ ਜਾਨਣ ਦਾ ਮੌਕਾ ਮਿਲਿਆ ਹੈ ਜੋ ਕਿ ਬਹੁਤ ਵੱਡੀ ਖੁਸ਼ੀ ਅਤੇ ਪ੍ਰਾਪਤੀ ਦਾ ਸੋਮਾ ਹੈ।

ਹਵਾਈ ਅੱਡੇ ਉਪਰ ਗਿੱਧੇ ਅਤੇ ਭੰਗੜੇ ਨਾਲ ਇਸ ਵਫ਼ਦ ਦਾ ਸਵਾਗਤ ਰਵਾਇਤੀ ਪੰਜਾਬੀ ਅੰਦਾਜ਼ ਵਿਚ ਕੀਤਾ ਗਿਆ। ਇਥੋਂ ਇਹ ਵਫ਼ਦ ਸ੍ਰੀ ਦਰਬਾਰ ਸਾਹਿਬ ਦੇ ਕੋਲ ਧਰਮ ਸਿੰਘ ਮਾਰਕੀਟ ਪੁੱਜਾ, ਜਿੱਥੇ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਲੜਕੀਆਂ ਨੇ ਫੁੱਲ ਪੁੱਤੀਆਂ ਦੀ ਵਰਖਾ ਕਰਕੇ ਵਫ਼ਦ ਨੂੰ ਜੀ ਆਇਆਂ ਕਿਹਾ। ਇਸ ਮੌਕੇ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਬੱਚਿਆਂ ਵੱਲੋਂ ਮਾਰਸ਼ਲ ਆਰਟ ਗਤਕੇ ਦੀ ਪੇਸ਼ਕਾਰੀ ਕੀਤੀ ਗਈ।

ਵਫਦ ਇਥੋਂ ਗੋਲਡਨ ਟੈਂਪਲ ਪਲਾਜ਼ੇ ਵਿਚ ਪੁੱਜਾ, ਜਿੱਥੇ ਸਵੇਰ ਦੇ ਖਾਣੇ ਤੋਂ ਬਾਅਦ ਚਾਰ ਗੈਲਰੀਆਂ ਵਿਚ ਚੱਲਦੀਆਂ ਫ਼ਿਲਮਾਂ ਉਤੇ ਸਿੱਖ ਇਤਹਾਸ, ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ, ਸਿੱਖ ਗੁਰੂ ਸਾਹਿਬਾਨ ਬਾਰੇ ਸੰਖੇਪ ਜਾਣਕਾਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵਿਸਥਾਰਤ ਜਾਣਕਾਰੀ ਪ੍ਰਾਪਤ ਕੀਤੀ।

ਇਥੋਂ ਵਫ਼ਦ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੁੱਜਾ, ਜਿੱਥੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ ਦੀ ਅਗਵਾਈ ਵਿਚ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਭਾਈ ਮਨਜੀਤ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸ. ਭਗਵੰਤ ਸਿੰਘ ਸਿਆਲਕਾ, ਡਾ. ਰੂਪ ਸਿੰਘ ਸਕੱਤਰ, ਮਹਿੰਦਰ ਸਿੰਘ ਆਹਲੀ ਸਕੱਤਰ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਉਨਾਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ।

ਸਮੁੱਚੇ ਵਫਦ ਨੇ ਲੰਗਰ ਹਾਲ ਵਿਚ ਬੈਠ ਕੇ ਪਰਸ਼ਾਦਾ ਛਕਿਆ ਅਤੇ ਲੰਗਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਥੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਇਆ। ਸਮੁੱਚੇ ਰਸਤੇ ਵਿਚ ਸ੍ਰੋਮਣੀ ਕਮੇਟੀ ਦੇ ਸੂਚਨਾ ਅਧਿਕਾਰੀ ਵਫ਼ਦ ਨੂੰ ਸਿੱਖ ਧਰਮ, ਸਿੱਖ ਇਤਹਾਸ ਅਤੇ ਸ੍ਰੀ ਦਰਬਾਰ ਸਾਹਿਬ ਬਾਰੇ ਜਾਣਕਾਰੀ ਦਿੰਦੇ ਗਏ।

ਇਸ ਮਗਰੋਂ ਸੂਚਨਾ ਕੇਂਦਰ ਦੇ ਬਾਹਰ ਲਗਾਏ ਗਏ ਵਿਸ਼ੇਸ਼ ਪੰਡਾਲ ਵਿਚ ਗੋਬਿੰਦ ਸਿੰਘ ਲੋਗੋਂਵਾਲ ਅਤੇ ਸ੍ਰੋਮਣੀ ਕਮੇਟੀ ਦੇ ਹੋਰ ਅਧਿਕਾਰੀਆਂ ਨੇ ਵਫਦ ਵਿਚ ਆਏ ਸਾਰੇ ਰਾਜਦੂਤਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਕਿਤਾਬ ਅਤੇ ਸਿਰੋਪੇ ਨਾਲ ਸਨਮਾਨਿਤ ਕੀਤਾ।

ਇਸ ਮਗਰੋਂ ਸਥਾਨਕ ਹੋਟਲ ਵਿਚ ਰੱਖੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਵਫਦ ਨੂੰ ਅੰਮ੍ਰਿਤਸਰ, ਪੰਜਾਬ ਅਤੇ ਇਨਵੈਸਟ ਪੰਜਾਬ ਬਾਰੇ ਜਾਣਕਾਰੀ ਦਿੱਤੀ। ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਸਾਰੇ ਮੈਂਬਰਾਂ ਨੂੰ ਯਾਦਗਾਰੀ ਨਿਸ਼ਾਨੀ ਦਿੱਤੀਆਂ ਗਈਆਂ। ਇਥੋਂ ਚਾਹ ਪਾਰਟੀ ਮਗਰੋਂ ਇਹ ਵਫ਼ਦ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਇਆ।

-PTC News

adv-img
adv-img