ਹੋਰ ਖਬਰਾਂ

ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ’ਚ ਚੰਗੇ ਨੰਬਰ ਲੈਣ ’ਤੇ ਪ੍ਰਵਾਸੀ ਬੱਚੀ ਨੂੰ ਸਨਮਾਨ ਵਜੋਂ ਦਿੱਤੇ 10 ਹਜ਼ਾਰ ਰੁਪਏ

By Jashan A -- July 24, 2019 8:07 pm -- Updated:Feb 15, 2021

ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ’ਚ ਚੰਗੇ ਨੰਬਰ ਲੈਣ ’ਤੇ ਪ੍ਰਵਾਸੀ ਬੱਚੀ ਨੂੰ ਸਨਮਾਨ ਵਜੋਂ ਦਿੱਤੇ 10 ਹਜ਼ਾਰ ਰੁਪਏ,ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਸੀ ਪਰਿਵਾਰ ਦੀ ਲੜਕੀ ਆਰਤੀ ਨੂੰ ਸਿੱਖ ਧਰਮ ਸਬੰਧੀ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਜਾਂਦੀ ‘ਧਾਰਮਿਕ ਪ੍ਰੀਖਿਆ’ ਵਿੱਚੋਂ ਚੰਗੇ ਨੰਬਰ ਹਾਸਿਲ ਕਰਨ ’ਤੇ 10 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰਵਾਨ ਕੀਤੀ ਰਾਸ਼ੀ ਦਾ ਚੈੱਕ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਸਬੰਧਤ ਲੜਕੀ ਨੂੰ ਸੌਂਪਿਆ।

ਹੋਰ ਪੜ੍ਹੋ: ਸੁਖਦੇਵ ਸਿੰਘ ਬਾਠ ਦੇ ਚਲਾਣੇ ’ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਅਫਸੋਸ ਪ੍ਰਗਟ

ਉਨ੍ਹਾਂ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਦੀ ਸੰਧੂ ਕਲੋਨੀ ਛੇਹਰਟਾ ਵਿਖੇ ਰਹਿ ਰਹੇ ਸ੍ਰੀ ਵਿਨੋਦ ਕੁਮਾਰ ਦੀ ਲੜਕੀ ਆਰਤੀ ਨੇ ਪੰਜਾਬੀ ਸਿੱਖ ਕੇ ਧਰਮ ਪ੍ਰਚਾਰ ਕਮੇਟੀ ਦੀ ਧਾਰਮਿਕ ਪ੍ਰੀਖਿਆ ਦਿੱਤੀ ਅਤੇ ਚੰਗੇ ਨੰਬਰ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗਰੀਬ ਪਰਿਵਾਰ ਦੀ ਇਸ ਬੱਚੀ ਦੀ ਪੰਜਾਬੀ ਅਤੇ ਸਿੱਖ ਧਰਮ ਪ੍ਰਤੀ ਜਾਨਣ ਦੀ ਰੁਚੀ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਸ ਨੂੰ 10 ਹਜ਼ਾਰ ਰੁਪਏ ਹੌਸਲਾ ਅਫ਼ਜ਼ਾਈ ਵੱਜੋਂ ਪ੍ਰਵਾਨ ਕੀਤੇ ਹਨ।

ਇਸ ਮੌਕੇ ਬੱਚੀ ਦੇ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਸਕੱਤਰ ਸਕੱਤਰ ਸਿੰਘ, ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ ਵੀ ਮੌਜੂਦ ਸਨ।

-PTC News