ਰਾਮ ਮੰਦਰ ਦੇ ਭੂਮੀ ਪੂਜਨ ਦਾ ਸੱਦਾ ਪੱਤਰ ਦੇਖਿਆ ? ਬਾਬਰੀ ਮਸਜਿਦ ਦੇ ਮੁਕੱਦਮੇਬਾਜ਼ ਇਕਬਾਲ ਅੰਸਾਰੀ ਨੂੰ ਵੀ ਭੇਜਿਆ

Babri Masjid litigant Iqbal Ansari

ਨਵੀਂ ਦਿੱਲੀ – ਦੇਸ਼ ਦੇ ਸਭ ਤੋਂ ਵੱਡੇ ਮਸਲਿਆਂ ਵਜੋਂ ਜਾਣਿਆ ਜਾਂਦਾ ਅਯੋਧਿਆ ਮਸਲਾ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੁਣ ਅਗਲੇ ਪੜਾਅ, ਰਾਮ ਮੰਦਰ ਦੀ ਸਥਾਪਨਾ ਵੱਲ੍ਹ ਵੱਧ ਰਿਹਾ ਹੈ। ਰਾਮ ਮੰਦਿਰ ਨਿਰਮਾਣ ਲਈ 5 ਅਗਸਤ ਨੂੰ ਭੂਮੀ ਪੂਜਨ ਹੋਣ ਜਾ ਰਿਹਾ ਹੈ ਤੇ ਇਸ ਦੀ ਸ਼ੁਰੂਆਤ ਰੱਖੜੀ ਦੇ ਤਿਉਹਾਰ ਦੇ ਦਿਨ ਤੋਂ ਹੋ ਚੁੱਕੀ ਹੈ। ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਤੇ ਖੁਦ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਮ ਮੰਦਿਰ ਦਾ ਭੂਮੀ ਪੂਜਨ ਕਰਨ ਵਾਲੇ ਹਨ। ਕੋਰੋਨਾ ਮਹਾਮਾਰੀ ਕਾਰਨ ਸੋਸ਼ਲ ਡਿਸਟੈਨਸਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ, ਇਸ ਸਮਾਗਮ ਲਈ ਕੁਝ ਵਿਸ਼ੇਸ਼ ਲੋਕਾਂ ਨੂੰ ਹੀ ਸੱਦਾ ਭੇਜਿਆ ਗਿਆ ਹੈ।

ਅਜਿਹੇ ‘ਚ ਜਿਨ੍ਹਾਂ ਲੋਕਾਂ ਨੂੰ ਸਮਾਗਮ ਦਾ ਸੱਦਾ ਪੱਤਰ ਭੇਜਿਆ ਗਿਆ ਹੈ ਹੈ, ਉਨ੍ਹਾਂ ‘ਚ ਅਯੋਧਿਆ ਜ਼ਮੀਨ ਕੇਸ ‘ਚ ਬਾਬਰੀ ਮਸਜਿਦ ਦੇ ਪੱਖਕਾਰ ਰਹੇ ਇਕਬਾਲ ਅੰਸਾਰੀ ਨੂੰ ਵੀ ਇਹ ਸੱਦਾ ਪੱਤਰ ਮਿਲਿਆ ਹੈ। ਅੰਸਾਰੀ ਨੂੰ ਮਿਲੇ ਇਸ ਸੱਦਾ ਪੱਤਰ ਦੀ ਤਸਵੀਰ ਸਾਹਮਣੇ ਆਈ ਹੈ, ਤੇ ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਚਰਚਾ ਛਿੜ ਗਈ ਹੈ। ਅੰਸਾਰੀ ਨੂੰ ਮਿਲੇ ਇਸ ਸੱਦਾ ਪੱਤਰ ਬਾਰੇ ਐਐੱਨਆਈ (ANI) ਨੇ ਟਵੀਟ ਵੀ ਕੀਤਾ ਹੈ। ਐਐੱਨਆਈ ਅਨੁਸਾਰ ਅੰਸਾਰੀ ਨੇ ਕਿਹਾ ਹੈ ਕਿ ਮੇਰਾ ਮੰਨਣਾ ਹੈ ਕਿ ਇਹ ਭਗਵਾਨ ਰਾਮ ਦੀ ਇੱਛਾ ਸੀ ਕਿ ਪਹਿਲਾ ਸੱਦਾ ਪੱਤਰ ਮੈਨੂੰ ਮਿਲੇ, ਮੈਂ ਇਸ ਨੂੰ ਸਵੀਕਾਰ ਕਰਦਾ ਹਾਂ।

ਕਿਹੋ ਜਿਹਾ ਹੈ ਸੱਦਾ ਪੱਤਰ (invitation card)

ਪੀਲੇ ਰੰਗ ਦੇ ਪੇਪਰ ਨਾਲ ਬਣੇ ਲਿਫ਼ਾਫੇ ‘ਤੇ ਹਰ ਪਾਸੇ ਸ਼੍ਰੀ ਰਾਮ ਲਿਖਿਆ ਹੋਇਆ ਹੈ। ਨਾਲ ਹੀ ਸਭ ਤੋਂ ਉਪਰ ਭਗਵਾਨ ਰਾਮ ਦੀ ਤਸਵੀਰ ਵਾਲਾ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਦਾ ਲੋਗੋ ਨਜ਼ਰ ਆਉਂਦਾ ਹੈ। ਇਸ ਦੇ ਬਾਅਦ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦਾ ਭੂਮੀ ਪੂਜਨ ਤੇ ਸਮਾਗਮ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਹੇਠਾਂ ਸਮਾਗਮ ਦੀ ਤਰੀਕ 5 ਅਗਸਤ 2020 ਲਿਖੀ ਹੈ। ਸਮਾਗਮ ਦਾ ਸਮਾਂ ਦੁਪਹਿਰ 12.30 ਵਜੇ ਰੱਖਿਆ ਗਿਆ ਹੈ, ਤੇ ਇਸ ਤੋਂ ਹੇਠ ਸਮਾਗਮ ਵਾਲੀ ਥਾਂ ਦਾ ਜ਼ਿਕਰ ਹੈ।
ਸੱਦਾ ਪੱਤਰ ਦੇ ਅੰਦਰ 5 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾਣ ਵਾਲੇ ਭੂਮੀ ਪੂਜਨ ਦਾ ਸੱਦਾ ਦਿੱਤਾ ਗਿਆ ਹੈ, ਅਤੇ ਨਾਲ ਹੀ ਰਾਸ਼ਟਰੀ ਸਵੈਂਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਯੋਗੀ ਆਦਿਤਿਆ ਨਾਥ ਯੋਗੀ ਦਾ ਨਾਂਅ ਵਰਨਣ ਕੀਤਾ ਗਿਆ ਹੈ। ਸੱਦਾ ਪੱਤਰ ‘ਤੇ ਟਰਸਟ ਦੇ ਮਹਾ ਸਕੱਤਰ ਚੰਪਤ ਰਾਏ ਦੇ ਹਸਤਾਖਰ ਹਨ।

ਭੂਮੀ ਪੂਜਨ ਦੇ ਇਸ ਸਮਾਗਮ ਨੂੰ ਲੋਕ ਘਰ ਬੈਠੇ ਦੇਖ ਸਕਣਗੇ, ਅਤੇ ਸੋਸ਼ਲ ਡਿਸਟੈਨਸਿੰਗ ਕਾਰਨ ਸਮਾਗਮ ‘ਚ 200 ਲੋਕਾਂ ਦੇ ਸ਼ਾਮਲ ਹੋਣ ਗੱਲ ਕਹੀ ਜਾ ਰਹੀ ਹੈ। ਨਾਲ ਹੀ ਅੰਦੋਲਨ ‘ਚ ਕਾਰ ਸੇਵਾ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਸਮਾਗਮ ‘ਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।