ਗੁਰਦੁਆਰਾ ਬੰਗਲਾ ਸਾਹਿਬ ਹੈ ਸਭ ਤੋਂ ਵੱਧ ਸਾਫ ਅਤੇ ਸਵੱਛ ਧਾਰਮਿਕ ਸਥਾਨ
ਗੁਰਦੁਆਰਾ ਬੰਗਲਾ ਸਾਹਿਬ ਹੈ ਸਭ ਤੋਂ ਵੱਧ ਸਾਫ ਅਤੇ ਸਵੱਛ ਧਾਰਮਿਕ ਸਥਾਨ: ਸਮੁੱਚੀ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਨੂੰ ਸਵੱਛ ਭਾਰਤ ਮੁਹਿੰਮ ਦੇ ਤਹਿਤ ਦੇਸ਼ ਦੀ ਰਾਜਧਾਨੀ ਦੇ ਸਭ ਤੋਂ ਸਾਫ਼ ਧਾਰਮਿਕ ਸਥਾਨ ਵਜੋਂ ਚੁਣਿਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਸਬੰਧੀ ਕਨਾਟ ਪਲੈਸ ਦੇ ਸੈਂਟਰਲ ਪਾਰਕ ਵਿੱਚ ਇਕ ਸਮਾਗਮ ਹੋਇਆ, ਜਿਸ ਵਿਚ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੂੰ ਇਸਦਾ ਪ੍ਰਮਾਣ-ਪੱਤਰ ਦਿੱਤਾ ਗਿਆ ਸੀ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੀ ਮੌਜੂਦ ਸਨ। ਉਹਨਾਂ ਨੇ ਇਸ ਸੰਬੰਧੀ ਖੁਸ਼ੀ ਜ਼ਾਹਰ ਕੀਤੀ।
ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਲਗਾਤਾਰ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਅਤੇ ਸਾਂਭ ਸੰਭਾਲ ਦੇ ਕਾਰਜਾਂ ਨੂੰ ਹਰ ਪੱਖੋਂ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸੰਗਤਾਂ ਦੀ ਸਹੂਲਤਾਂ ’ਚ ਵਾਧਾ ਕਰਨ ਦੀ ਕੋਸ਼ਿਸ਼ ਵੀ ਲਗਾਤਾਰ ਜਾਰੀ ਹੈ।
ਉਹਨਾਂ ਕਿਹਾ ਕਿ ਉਹ ਉਦਮ ਕਰਦੇ ਰਹਿਣਗੇ ਕਿ ਗੁਰਦੁਆਰਾ ਬੰਗਲਾ ਸਾਹਿਬ ਧਰਮ ਤੇ ਅਧਿਆਤਮ ਦਾ ਕੇਂਦਰ ਬਣਕੇ ਉਭਰੇ। ਉਨ੍ਹਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਬਹੁਤ ਜਲਦੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਧੁਨਿਕ ਮਸ਼ੀਨਾਂ ਅਤੇ ਸਿਹਤ ਉਪਕਰਣਾਂ ਨਾਲ ਲੈਸ ਹਸਪਤਾਲ ਵੀ ਸ਼ੁਰੂ ਹੋਵੇਗਾ।
-PTC News