ਪੰਜਾਬ

ਸ਼੍ਰੋਮਣੀ ਕਮੇਟੀ ਦੇ ਕਥਾਵਾਚਕ ਤੇ ਭਾਈ ਮੰਗਲ ਸਿੰਘ ਦੇ ਸਪੁੱਤਰ ਭਾਈ ਸੁਖਰਾਜ ਸਿੰਘ ਦਾ ਰੇਲ ਹਾਦਸੇ 'ਚ ਦਿਹਾਂਤ

By Jasmeet Singh -- August 20, 2022 12:57 pm -- Updated:August 20, 2022 2:08 pm

ਸ੍ਰੀ ਅੰਮ੍ਰਿਤਸਰ ਸਾਹਿਬ, 20 ਅਗਸਤ: ਸ੍ਰੀ ਅਕਾਲ ਤਖ਼ਤ ਸਾਹਿਬ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਭਾਈ ਮੰਗਲ ਸਿੰਘ ਦੇ ਨੌਜਵਾਨ ਸਪੁੱਤਰ ਭਾਈ ਸੁਖਰਾਜ ਸਿੰਘ ਰੇਲ ਸਫ਼ਰ ਦੌਰਾਨ ਰੇਲ ਟਰੈਕ 'ਤੇ ਡਿਗ ਜਾਣ ਕਾਰਨ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ ਹਨ।

ਭਾਈ ਸੁਖਰਾਜ ਸਿੰਘ ਪਿੰਡ ਖ਼ਿਆਲੀ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਸਨ ਤੇ ਕਥਾ ਵਾਚਕ ਵੀ ਸਨ, ਉਨ੍ਹਾਂ ਦੀ ਉਮਰ ਮਹਿਜ਼ 24 ਸਾਲ ਸੀ। ਬੀਤੀ ਰਾਤ ਸਾਹਨੇਵਾਲ ਕੋਲ ਇਹ ਹਾਦਸਾ ਵਾਪਰਿਆ ਜਿਸ ਵਿਚ ਭਾਈ ਸੁਖਰਾਜ ਸਿੰਘ ਦੀ ਮੌਤ ਹੋ ਗਈ। ਭਾਈ ਸੁਖਰਾਜ ਸਿੰਘ ਦਾ ਅੰਮ੍ਰਿਤਸਰ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਸਿੱਖ ਰਹੁਰੀਤਾਂ ਅਨੁਸਾਰ ਸਸਕਾਰ ਕੀਤਾ ਗਿਆ।

ਭਾਈ ਮੰਗਲ ਸਿੰਘ ਨੇ ਮ੍ਰਿਤਕ ਦੇਹ ਨੂੰ ਅਗਨ ਭੇਂਟ ਕੀਤਾ। ਇਸ ਮੌਕੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸਾਬਕਾ ਗ੍ਰੰਥੀ ਗਿਆਨੀ ਰਵੇਲ ਸਿੰਘ, ਗਿਆਨੀ ਮਾਨ ਸਿੰਘ, ਪੰਜ ਪਿਆਰੇ ਸਿੰਘਾਂ ਵਿਚੋਂ ਭਾਈ ਸਤਨਾਮ ਸਿੰਘ ਖੰਡੇ ਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਤਰਲੋਕ ਸਿੰਘ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸਕੱਤਰ ਬਲਵਿੰਦਰ ਸਿੰਘ ਜੌੜਾ, ਹਵਾਰਾ ਕਮੇਟੀ ਵੱਲੋਂ ਪ੍ਰੋਫੈਸਰ ਬਲਜਿੰਦਰ ਸਿੰਘ, ਇੰਚਾਰਜ ਗੱਡੀਆਂ ਨਿਰਮਲ ਸਿੰਘ ਨਿੰਮਾਂ, ਭਾਈ ਕਲਵਿੰਦਰ ਸਿੰਘ ਸਾਬਕਾ ਅਰਦਾਸੀਆ ਸ੍ਰੀ ਦਰਬਾਰ ਸਾਹਿਬ, ਭਾਈ ਬਿਕਰਮ ਸਿੰਘ ਆਦਿ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਪਿਆਰੇ ਸਿੰਘਾਂ ਦੀ ਸੇਵਾ ਨਿਭਾਉਣ ਵਾਲੇ ਸਾਰੇ ਸਿੰਘਾਂ ਦੇ ਨਾਲ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਤੇ ਅਹੁਦੇਦਾਰ ਮੌਜੂਦ ਸਨ।

ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਓਐਸਡੀ ਸਤਬੀਰ ਸਿੰਘ ਧਾਮੀ, ਸਾਬਕਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ, ਵਧੀਕ ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਸੁਖਮਿੰਦਰ ਸਿੰਘ, ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ, ਮੀਡੀਆ ਇੰਚਾਰਜ ਹਰਭਜਨ ਸਿੰਘ ਵਕਤਾ, ਧਰਮ ਪ੍ਰਚਾਰ ਦੇ ਸਕੱਤਰ ਮਨਜੀਤ ਸਿੰਘ ਬਾਠ, ਮੀਤ ਸਕੱਤਰ ਬਲਵਿੰਦਰ ਸਿੰਘ ਕਹਾਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲਖੱਣ ਸਿੰਘ ਭੰਗਾਲੀ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਮੀਰ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਸਤਵੰਤ ਸਿੰਘ, ਮਸਤਾਨ ਸਿੰਘ, ਐਮਪੀਏ ਰਾਮੇ਼ਸ ਸਿੰਘ ਅਰੋੜਾ, ਮੁਹਿੰਦਰਪਾਲ ਸਿੰਘ ਆਦਿ ਨੇ ਹਾਰਦਿਕ ਅਫ਼ਸੋਸ ਦਾ ਇਜ਼ਹਾਰ ਕੀਤਾ।

-PTC News

  • Share