adv-img
ਪੰਜਾਬ

ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ਰੀਕੇ ਪਰਿਵਾਰ 'ਚ ਹੋਈ ਖ਼ੂਨੀ ਝੜਪ, ਦੋ ਧਿਰਾਂ ਦੇ ਤਿੰਨ ਲੋਕ ਜ਼ਖਮੀ

By Jasmeet Singh -- October 27th 2022 12:09 PM

ਗੁਰਦਾਸਪੁਰ, 27 ਅਕਤੂਬਰ: ਗੁਰਦਾਸਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ਰੀਕੇ ਪਰਿਵਾਰ ਖ਼ੂਨੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਖ਼ੂਨੀ ਝੜਪ ਦੌਰਾਨ ਦੋ ਧਿਰਾਂ ਦੇ ਤਿੰਨ ਲੋਕ ਜ਼ਖਮੀ ਹੋ ਗਏ ਹਨ। ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਚੱਗੂਵਾਲ ਦਾ ਹੈ ਜਿੱਥੇ ਦੇ ਰਹਿਣ ਵਾਲੇ ਦੋ ਪਰਿਵਾਰਾਂ ਦੇ ਤਿੰਨ ਵਿਅਕਤੀ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ 'ਚ ਜੇਰੇ ਇਲਾਜ ਹਨ।

ਉੱਥੇ ਹੀ ਇਹ ਦੋਵੇਂ ਧਿਰਾਂ ਦੇ ਲੋਕ ਸ਼ਰੀਕੇ 'ਚ ਇੱਕੋ ਪਰਿਵਾਰ ਤੋਂ ਹਨ ਅਤੇ ਇਹਨਾਂ ਪਰਿਵਾਰਾਂ ਦੀ ਮਹਿਜ਼ ਦੋ ਕਨਾਲ ਖੇਤੀਬਾੜੀ ਜ਼ਮੀਨ ਨੂੰ ਲੈ ਕੇ ਸਾਲਾਂ ਤੋਂ ਝਗੜਾ ਚੱਲ ਰਿਹਾ ਹੈ। ਇਸ ਝਗੜੇ ਦੇ ਚਲਦੇ ਹੋਈ ਖ਼ੂਨੀ ਝੜਪ 'ਚ ਇੱਕ ਧਿਰ ਦੇ ਦੋ ਲੋਕ ਜ਼ਖ਼ਮੀ ਹੋ ਗਏ ਹਨ। ਜਾਗੀਰ ਸਿੰਘ ਅਤੇ ਜੁਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਈ ਸਾਲਾਂ ਤੋਂ ਆਪਣੇ ਸ਼ਰੀਕੇ ਪਰਿਵਾਰ ਨਾਲ ਮਹਿਜ਼ ਦੋ ਕਨਾਲ ਜ਼ਮੀਨ ਦਾ ਰੌਲਾ ਹੈ ਅਤੇ ਜਦ ਕਿ ਦੂਸਰੀ ਧਿਰ ਵੱਲੋਂ ਉਨ੍ਹਾਂ ਦੀ ਜ਼ਮੀਨ 'ਚ ਝੋਨੇ ਦੀ ਬਿਜਾਈ ਕੀਤੀ ਗਈ ਸੀ। ਲੇਕਿਨ ਹੁਣ ਜਦ ਪਟਵਾਰੀ ਨੇ ਨਿਸ਼ਾਨ ਦੇਹੀ ਕੀਤੀ ਤਾਂ ਇਹ ਫ਼ੈਸਲਾ ਦਿੱਤਾ ਗਿਆ ਕਿ ਜਿਸ ਦੀ ਜ਼ਮੀਨ ਹੈ ਉਹ ਝੋਨੇ ਦੀ ਕਟਾਈ ਕਰੇਗਾ।

ਉਨ੍ਹਾਂ ਦੱਸਿਆ ਕਿ ਜਦੋਂ ਦੂਸਰੀ ਧਿਰ ਉਨ੍ਹਾਂ ਦੇ ਹਿੱਸੇ 'ਚ ਆਉਂਦੀ ਜ਼ਮੀਨ 'ਚ ਕਟਾਈ ਕਰਨ ਲੱਗੀ ਤਾਂ ਉਨ੍ਹਾਂ ਵੱਲੋਂ ਰੋਕੇ ਜਾਣ 'ਤੇ ਦੂਜੀ ਧਿਰ ਵੱਲੋਂ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਤੇਜ਼ ਧਾਰ ਹਥਿਆਰਾਂ ਨਾਲ ਉਨ੍ਹਾਂ ਨੂੰ ਜ਼ਖਮੀ ਵੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਇਸ ਲੜਾਈ ਹੋਣ ਦੇ ਖ਼ਦਸ਼ੇ ਬਾਬਤ ਪਹਿਲ ਹੀ ਪ੍ਰਸ਼ਾਸ਼ਨ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾ ਚੁੱਕੇ ਸਨ।

ਇਹ ਵੀ ਪੜ੍ਹੋ: EXCLUSIVE: ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਸਰਕਾਰ ਦੀ ਨਵੀਂ ਪਾਲਿਸੀ 'ਚ ਰਾਖਵਾਂਕਰਨ ਬਣ ਸਕਦਾ ਵੱਡਾ ਮੁੱਦਾ

knal3

ਉੱਧਰ ਇਸ ਲੜਾਈ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਦੋ ਧਿਰਾਂ ਦੇ ਲੋਕ ਆਪਸ 'ਚ ਇੱਕ ਦੂਸਰੇ 'ਤੇ ਹਮਲਾ ਕਰ ਰਹੇ ਹਨ।

ਉੱਥੇ ਹੀ ਦੂਸਰੀ ਧਿਰ ਦੇ ਜ਼ਖ਼ਮੀ ਸਤਨਾਮ ਸਿੰਘ ਨੇ ਹਮਲਾ ਕਰਨ ਦੇ ਆਰੋਪਾਂ ਨੂੰ ਨਕਾਰਦੇ ਹੋਏ ਪੁੱਠੇ ਇਹ ਆਰੋਪ ਲਗਾਏ ਕਿ ਜਦ ਉਹ ਆਪਣੇ ਝੋਨੇ ਦੀ ਕਟਾਈ ਕਰ ਰਿਹਾ ਸੀ ਤਾਂ ਪਹਿਲੀ ਧਿਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਉਸ 'ਤੇ ਕਿਰਪਾਨਾਂ ਲੈ ਕੇ ਵਾਰ ਕਰ ਦਿੱਤਾ। ਸਤਨਾਮ ਦਾ ਕਹਿਣਾ ਸੀ ਕਿ ਉਹ ਕਈ ਵਾਰ ਬੈਠ ਕੇ ਪਹਿਲੀ ਧਿਰ ਨੂੰ ਇਸ ਲੜਾਈ ਦੇ ਹੱਲ ਲਈ ਬੇਨਤੀ ਕਰ ਚੁੱਕਿਆ ਹੈ। ਲੇਕਿਨ ਇਹ ਧਿਰ ਉਸ ਨਾਲ ਕੋਈ ਸਮਝੌਤਾ ਨਹੀਂ ਕਰਦੀ।

ਉੱਧਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

-PTC News

  • Share