ਇੱਕ ਕਿਲੋਵਾਟ ਲੋਡ ਵਾਲੇ ਬੀਪੀਐਲ ਪਰਿਵਾਰਾਂ ਨੂੰ ਮਿਲੇਗੀ 600 ਯੂਨਿਟ ਮੁ਼ਫ਼ਤ ਬਿਜਲੀ : ਹਰਭਜਨ ਸਿੰਘ
ਹਰਭਜਨ ਸਿੰਘ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਇੱਕ ਕਿਲੋਵਾਟ ਲੋਡ ਵਾਲੇ ਬਿਜਲੀ ਕੁਨੈਕਸ਼ਨ ਵਾਲੇ ਅਨੁਸੂਚਿਤ ਜਾਤੀ ਵਰਗ ਦੇ ਬੀਪੀਐਲ ਖਪਤਕਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦਿੱਤੀ ਜਾਂਦੀ ਸੀ, ਹੁਣ ਇਸ ਨੂੰ ਵਧਾ ਕੇ 300 ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 2 ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਜੇ ਉਨ੍ਹਾਂ ਦਾ ਬਿੱਲ 600 ਯੂਨਿਟ ਤੋਂ ਉੱਪਰ ਆਉਂਦਾ ਹੈ ਤਾਂ ਉਨ੍ਹਾਂ ਨੂੰ 600 ਯੂਨਿਟ ਮੁਆਫ਼ ਕੀਤੇ ਜਾਣਗੇ ਤੇ ਜੇ ਉਨ੍ਹਾਂ ਦਾ ਬਿੱਲ 610 ਯੂਨਿਟ ਆਉਂਦਾ ਹੈ ਤਾਂ 10 ਯੂਨਿਟ ਬਿਜਲੀ ਦਾ ਬਿੱਲ ਅਦਾ ਕਰਨਾ ਹੋਵੇਗਾ।
ਬਿਜਲੀ ਮੰਤਰੀ ਨੇ ਕਿਹਾ ਕਿ ਜੇ ਐਸਸੀ, ਬੀਸੀ ਵਰਗ ਨਾਲ ਸਬੰਧਤ ਖਪਤਕਾਰ ਕੋਲ 2 ਤੋਂ 3 ਕਿਲੋਵਾਟ ਬਿਜਲੀ ਦਾ ਲੋਡ ਹੈ, ਜੇ ਉਨ੍ਹਾਂ ਦਾ ਬਿਜਲੀ ਦਾ ਬਿੱਲ 600 ਤੋਂ ਉਪਰ ਆਉਂਦਾ ਹੈ ਤਾਂ ਉਸ ਨੂੰ ਪੂਰਾ ਬਿੱਲ ਅਦਾ ਕਰਨਾ ਪਵੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਜਨਰਲ ਵਰਗ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਨਰਲ ਵਰਗ ਨਾਲ ਧੱਕਾ ਕੀਤਾ ਸੀ ਪਰ ਸਾਡੀ ਸਰਕਾਰ ਜਨਰਲ ਵਰਗ ਨੂੰ ਵੀ ਦੋ ਮਹੀਨਿਆਂ ਲਈ 600 ਯੂਨਿਟ ਮੁਫਤ ਬਿਜਲੀ ਦੇ ਰਹੀ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਆਮਦਨ ਕਰ ਅਦਾ ਕਰਨ ਵਾਲੇ ਖਪਤਕਾਰਾਂ ਲਈ 300 ਯੂਨਿਟ ਪ੍ਰਤੀ ਮਹੀਨਾ ਵੀ ਮੁਆਫ਼ ਕੀਤਾ ਗਿਆ ਹੈ। ਜੇ ਉਨ੍ਹਾਂ ਦਾ ਦੋ ਮਹੀਨੇ ਦਾ ਬਿੱਲ 600 ਯੂਨਿਟ ਤੋਂ ਉੱਪਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਹੋਵੇਗਾ।
ਇਸ ਤੋਂ ਇਲਾਵਾ ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦਾ ਕੋਈ ਸੰਕਟ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਬਿਜਲੀ ਮੰਤਰੀ ਨੇ ਕਿਹਾ ਕਿ ਮਾਰਚ 2021 ਦੇ ਮੁਕਾਬਲੇ ਹੁਣ ਮਾਰਚ 2022 ਵਿੱਚ ਅਸੀਂ ਇੱਕ ਮਹੀਨੇ ਵਿੱਚ 1000 ਮੈਗਾਵਾਟ ਵੱਧ ਬਿਜਲੀ ਸਪਲਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਮੰਗ ਹੋਰ ਵਧੇਗੀ ਅਤੇ 15000 ਮੈਗਾਵਾਟ ਬਿਜਲੀ ਦੀ ਮੰਗ ਹੋਰ ਵਧੇਗੀ, ਇਸ ਲਈ ਅਸੀਂ ਸਾਰੇ ਪ੍ਰਬੰਧ ਕਰ ਲਏ ਹਨ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਕੋਲਾ ਮੰਤਰੀ ਨੂੰ ਵੀ ਮਿਲ ਚੁੱਕੇ ਹਨ। ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਅਸੀਂ ਬਿਜਲੀ ਦੀ ਮੰਗ ਪੂਰੀ ਕਰਾਂਗੇ।
ਬਿਜਲੀ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਵੀ ਨਿਯਮਾਂ ਤਹਿਤ ਬਿਜਲੀ ਖਰੀਦ ਰਹੇ ਹਾਂ। ਬਿਜਲੀ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਪ੍ਰਾਈਵੇਟ ਥਰਮਲ ਪਲਾਂਟਾਂ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ। ਬਿਜਲੀ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਉਤੇ ਅਗਲੀ ਕਾਰਵਾਈ ਕਰਾਂਗੇ, ਕਿਉਂਕਿ ਜੋ ਵੀ ਹੋਣਾ ਹੈ, ਉਹ ਕਾਨੂੰਨ ਅਨੁਸਾਰ ਹੀ ਹੋਣਾ ਹੈ। ਐਸਵਾਈਐਲ ਦੇ ਪਾਣੀ ਬਾਰੇ ਬਿਜਲੀ ਮੰਤਰੀ ਨੇ ਕਿਹਾ ਕਿ ਸਾਡਾ ਸਟੈਂਡ ਸਪੱਸ਼ਟ ਹੈ, ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ, ਅਸੀਂ ਕਿਸੇ ਵੀ ਹਾਲਤ ਵਿੱਚ ਹਰਿਆਣਾ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਣ ਦੇਵਾਂਗੇ।
ਇਹ ਵੀ ਪੜ੍ਹੋ : 'ਰੋਡ ਰੇਜ' ਮਾਮਲੇ 'ਚ ਕਾਰ ਸਵਾਰਾਂ ਨੇ ਕੀਤੀ ਫਾਇਰਿੰਗ, ਲੜਕੀ ਦੇ ਕਾਪਾ ਮਾਰ ਕੇ ਕੀਤਾ ਜ਼ਖ਼ਮੀ