ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨਾ ਕਰੇ ਕੈਪਟਨ ਸਰਕਾਰ: ਭਾਈ ਲੌਂਗੋਵਾਲ

Bhai Longowal

ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨਾ ਕਰੇ ਕੈਪਟਨ ਸਰਕਾਰ: ਭਾਈ ਲੌਂਗੋਵਾਲ

ਕਿਹਾ, ਸਿੱਖ ਗੁਰਦੁਆਰਾ ਐਕਟ ਵਿਚ ਸੂਬਾ ਸਰਕਾਰ ਕੋਈ ਛੇੜ ਛਾੜ ਨਹੀਂ ਕਰ ਸਕਦੀ

ਅੰਮ੍ਰਿਤਸਰ: ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਤੋਂ ਨੰਗਾ ਹੋ ਗਿਆ ਹੈ। ਇਸ ਨਾਲ ਸਿੱਧ ਹੋ ਗਿਆ ਹੈ ਕਿ ਕੈਪਟਨ ਸਰਕਾਰ ਸਿੱਖ ਮਸਲਿਆਂ ਨੂੰ ਜਾਣਬੁਝ ਕੇ ਉਲਝਾਉਣਾ ਚਾਹੁੰਦੀ ਹੈ। ਪਰੰਤੂ ਸਿੱਖ ਪੰਥ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਸਿੱਖ ਸੰਸਥਾ ਨੂੰ ਕਮਜ਼ੋਰ ਕਰਨ ਵਾਲੀ ਸੋਚ ਦਾ ਹਰ ਪੱਧਰ ’ਤੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਇੱਕ ਅਖਬਾਰ ਵਿਚ ਪੰਜਾਬ ਸਰਕਾਰ ਦੀ ਉਸ ਮਨਸ਼ਾ ਦਾ ਸਪਸ਼ਟ ਖੁਲਾਸਾ ਕੀਤਾ ਗਿਆ ਹੈ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸ਼੍ਰੋਮਣੀ ਕਮੇਟੀ ਦਾ ਦਾਇਰਾ ਘਟਾਉਣ ਵਾਲੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਕਦਮ ਦੱਸਣ ਦੀ ਕੋਸ਼ਿਸ਼ ਵਿਚ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਉਠਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਅੱਜ ਵੀ ਇਸ ਸਬੰਧੀ ਸੁਪਰੀਮ ਕੋਰਟ ਵਿਚ ਕੇਸ ਚੱਲ ਰਿਹਾ ਹੈ, ਪਰੰਤੂ ਪੰਜਾਬ ਦੀ ਮੌਜੂਦਾ ਸਰਕਾਰ ਜਾਣ ਬੁਝ ਕੇ ਸਿੱਖ ਸੰਸਥਾ ਨੂੰ ਤੋੜਨ ਦੇ ਰਾਹ ਤੁਰ ਪਈ ਹੈ।

ਹੋਰ ਪੜ੍ਹੋ: ਸਕਾਟਲੈਂਡ ਦੇ ਸ਼ਹਿਰ ਈਡਨਬਰਗ ’ਚ ਗੁਰਦੁਆਰਾ ਸਾਹਿਬ ’ਤੇ ਹਮਲੇ ਦੀ ਭਾਈ ਲੌਂਗੋਵਾਲ ਵੱਲੋਂ ਨਿਖੇਧੀ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਿੱਧੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਆਖਿਆ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦਾ ਇਤਿਹਾਸ ਭੁੱਲ ਗਏ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਾ ਗਠਨ ਕਰਨ ਲਈ ਪੰਥ ਨੂੰ ਵੱਡੀਆਂ ਕੁਬਾਨੀਆਂ ਦੇਣੀਆਂ ਪਈਆਂ ਸਨ। ਇਸ ਸੰਸਥਾ ਕਾਰਨ ਹੀ ਗੁਰੂ ਘਰਾਂ ਦਾ ਪ੍ਰਬੰਧ ਸੰਗਤੀ ਹੱਥਾਂ ਵਿਚ ਸੁਰੱਖਿਅਤ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਕਿਸੇ ਵੀ ਸੂਬਾਈ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿਚ ਦਖਲ ਦੇਵੇ। ਇਹ ਇੱਕ ਖੁਦਮੁਖਤਾਰ ਸੰਸਥਾ ਹੈ, ਜੋ ਸਿੱਖ ਗੁਰਦੁਆਰਾ ਐਕਟ 1925 ਰਾਹੀਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਦੇਖਦੀ ਹੈ।

ਇਸ ਦੀਆਂ ਚੋਣਾ ਸਮੇਤ ਕਿਸੇ ਵੀ ਤਰ੍ਹਾਂ ਦੀਆਂ ਸੋਧਾਂ ਤੇ ਸੇਧਾਂ ਦਾ ਅਧਿਕਾਰ ਖੇਤਰ ਕੇਵਲ ਭਾਰਤ ਸਰਕਾਰ ਪਾਸ ਹੈ। ਇਸ ਲਈ ਕੈਪਟਨ ਸਰਕਾਰ ਨੂੰ ਆਪਣੇ ਦਾਇਰੇ ਵਿਚ ਰਹਿਣਾ ਚਾਹੀਦਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੱਤੀ ਕਿ ਉਹ ਕੇਵਲ ਆਪਣੀ ਸਰਕਾਰ ਦੀ ਸੀਮਾ ਵਿਚ ਰਹਿੰਦਿੰਆਂ ਪੰਜਾਬ ਦੇ ਲੋਕਾਂ ਦੀ ਭਲਾਈ ਵੱਲ ਹੀ ਧਿਆਨ ਦੇਣ, ਨਾ ਕਿ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਚਾਲਾਂ ਚੱਲਣ।

-PTC News