ਮੁੱਖ ਖਬਰਾਂ

ਮੁੱਖ ਮੰਤਰੀ ਨੇ ਕੋਈ ਵੀ ਚੋਣ ਵਾਅਦਾ ਪੂਰਾ ਨਾ ਕਰਨ ਦਾ ਰਸਮੀ ਐਲਾਨ ਕੀਤਾ: ਅਕਾਲੀ ਦਲ

By Joshi -- July 05, 2017 12:41 pm
  • ਕਿਹਾ ਕਿ ਮੁੱਖ ਮੰਤਰੀ ਵੱਲੋਂ ਸਿਰਫ ਫਸਲੀ ਕਰਜ਼ਾ ਮੁਆਫ ਕਰਨ ਦੇ ਐਲਾਨ ਦਾ ਅਰਥ ਹੈ ਕਿ ਸਿਰਫ ਅਮੀਰ ਕਿਸਾਨਾਂ ਦਾ ਫਾਇਦਾ ਹੋਵੇਗਾ।
ਛੋਟੇ ਤੇ ਸੀਮਾਂਤ ਕਿਸਾਨਾਂ ਦਾ ਕੋਈ ਵੀ ਕਰਜ਼ਾ ਮੁਆਫ ਨਹੀਂ ਹੋਵੇਗਾ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ (Captain Amarinder Singh) ਸਿੰਘ ਰਸਮੀ ਤੌਰ ਤੇ ਐਲਾਨ ਕਰ ਚੁੱਕੇ ਹਨ ਕਿ ਉਹ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਿਚ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕਰਨਗੇ। ਇਹ ਚਾਹੇ ਕਿਸਾਨਾਂ ਲਈ ਮੁਕੰਮਲ ਕਰਜ਼ਾ ਮੁਆਫੀ ਹੋਵੇ, ਸਮਾਜ ਭਲਾਈ ਸਕੀਮਾਂ ਦੀ ਰਾਸ਼ੀ ਵਧਾਉਣਾ ਹੋਵੇ ਜਾਂ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ ਹੋਵੇ।ਇਹ ਗੱਲ ਕੰਧ ਉੱਤੇ ਲਿਖੀ ਦਿਸਦੀ ਹੈ।

ਸੀਮਾਂਤ ਕਿਸਾਨਾਂ ਦੀ ਕਰਜ਼ਾ ਮੁਆਫੀ ਨਹੀਂ ਹੋਵੇਗੀ

ਮੁੱਖ ਮੰਤਰੀ ਨੇ ਅੱਜ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਕਰਜ਼ਾ ਮੁਆਫੀ ਨਹੀਂ ਹੋਵੇਗੀ।ਉਸ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਦਲਿਤ ਅਤੇ ਗਰੀਬ, ਜਿਹੜੇ ਸਮਾਜ ਭਲਾਈ ਸਕੀਮਾਂ ਦੀ ਰਾਸ਼ੀ ਵਿਚ ਵਾਧੇ ਦੀ ਉਮੀਦ ਲਾਈ ਬੈਠੇ ਹਨ, ਉਹਨਾਂ ਨੂੰ 5 ਸਾਲ ਹੋਰ ਉਡੀਕ ਕਰਨੀ ਪਵੇਗੀ। ਨੌਜਵਾਨਾਂ ਨੂੰ ਵੀ ਦੱਸ ਦਿੱਤਾ ਗਿਆ ਹੈ ਕਿ ਉਹ ਵਾਅਦੇ ਮੁਤਾਬਿਕ ਬੇਰੁਜ਼ਗਾਰੀ ਭੱਤਾ ਮਿਲਣ ਬਾਰੇ ਸੁਫਨੇ ਵਿਚ ਵੀ ਨਾ ਸੋਚਣ ਅਤੇ ਟੈਕਸੀ ਡਰਾਇਵਰ ਬਣਨ ਲਈ ਤਿਆਰ ਹੋ ਜਾਣ।

ਸਰਕਾਰ ਦੀਆਂ ਪ੍ਰਾਪਤੀਆਂ

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਦੇ ਨਾਂ ਉੱਤੇ ਰਚੇ ਗਏ ਡਰਾਮੇ ਵਿਚ ਪੰਜਾਬੀਆਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਝੂਠੇ ਅੰਕੜੇ ਪੇਸ਼ ਕਰਕੇ ਮੂਰਖ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਹਮੇਸ਼ਾਂ ਤੋਂ ਇਹੀ ਰਣਨੀਤੀ ਰਹੀ ਹੈ। ਅੱਜ ਕੈਪਟਨ ਅਮਰਿੰਦਰ ਨੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਚੰਗਾ ਹੁੰਦਾ ਕਿ ਜੇਕਰ ਲੋਕ ਸੰਪਰਕ ਵਿਭਾਗ ਨੇ ਅੱਜ ਦੇ ਸਮਾਗਮ ਦਾ ਨਾਂ '100 ਦਿਨ, 100 ਅਧੂਰੇ ਵਾਅਦੇ' ਰੱਖਿਆ ਹੁੰਦਾ।
Captain Amarinder Singh

ਕਰਜ਼ਾ ਮੁਆਫੀ ਦੇ ਐਲਾਨ

ਮੁੱਖ ਮੰਤਰੀ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਦੇ ਨਾਂ ਤੇ ਕੀਤੇ ਧੋਖੇ ਬਾਰੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਮਹੀਨਿਆਂ ਬੱਧੀ ਸ਼ਬਦਾਂ ਨਾਲ ਖੇਡਣ ਮਗਰੋਂ ਅਮਰਿੰਦਰ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਸਿਰਫ ਫਸਲੀ ਕਰਜ਼ਾ ਹੀ ਮੁਆਫ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਫਸਲੀ ਕਰਜ਼ਾ ਸਿਰਫ ਅਮੀਰ ਕਿਸਾਨਾਂ ਵੱਲੋਂ ਲਿਆ ਜਾਂਦਾ ਹੈ। ਇਹ ਸਿਰਫ 6 ਮਹੀਨੇ ਲਈ ਦਿੱਤਾ ਜਾਂਦਾ ਹੈ, ਇਸ ਵਿਚ ਵਾਪਸੀ ਦੀ ਦਰ 90 ਤੋਂ 95 ਫੀਸਦੀ ਹੁੰਦੀ ਹੈ। ਉਹਨਾਂ ਕਿਹਾ ਕਿ ਇਸ ਦੇ ਬਿਲਕੁੱਲ ਉਲਟ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਵੱਲੋਂ ਲਿਆ ਕਰਜ਼ਾ ਇੱਕ ਸਾਲ ਤੋਂ ਵੱਧ ਸਮੇਂ ਵਾਲਾ ਹੈ। ਉਹਨਾਂ ਪੁੱਛਿਆ ਕਿ ਉਹ ਕਿਸਾਨ ਹੁਣ ਕਿੱਥੇ ਜਾਣਗੇ? ਸਾਰੀਆਂ ਉਮੀਦਾਂ ਢਹਿ ਢੇਰੀ ਹੋ ਗਈਆਂ ਹਨ। ਕੀ ਕਾਂਗਰਸ ਸਰਕਾਰ ਉਹਨਾਂ ਨੂੰ ਖੁਦਕੁਸ਼ੀ ਦੇ ਰਾਹ ਵੱਲ ਨਹੀਂ ਧੱਕ ਰਹੀ ਹੈ?

ਦਲਿਤਾਂ ਅਤੇ ਗਰੀਬਾਂ ਨਾਲ ਕੋਝਾ ਮਜ਼ਾਕ

ਡਾਕਟਰ ਚੀਮਾ ਨੇ ਕਿਹਾ ਕਿ ਅਮਰਿੰਦਰ ਨੇ ਦਲਿਤਾਂ ਅਤੇ ਗਰੀਬਾਂ ਨਾਲ ਵੀ ਕੋਝਾ ਮਜ਼ਾਕ ਕੀਤਾ ਹੈ। ਉਹਨਾਂ ਕਿਹਾ ਕਿ ਦਲਿਤ ਉਮੀਦ ਲਾਈ ਬੈਠੇ ਸਨ ਕਿ ਸਾਰੀਆਂ ਸਮਾਜ ਭਲਾਈ ਸਕੀਮਾਂ ਜਿਵੇਂ ਸ਼ਗਨ ਸਕੀਮ ਜਾਂ ਬੁਥਢਾਪਾ ਪੈਨਸ਼ਨ ਸਕੀਮ ਵਿਚ ਭਾਰੀ ਵਾਧਾ ਕੀਤਾ ਜਾਵੇਗਾ। ਨੌਜਵਾਨ ਆਸ ਲਾਈ ਬੈਠੇ ਸਨ ਕਿ ਉਹਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਸਾਰੀਆਂ ਗੱਲਾਂ ਹੁਣ ਹਵਾ ਵਿਚ ਹੀ ਹਨ। ਅਮਰਿੰਦਰ ਹੁਣ ਇਹ ਕਹਿ ਰਿਹਾ ਹੈ ਕਿ ਇਹ ਸਾਰੇ ਵਾਅਦੇ ਅਗਲੇ ਪੰਜ ਸਾਲਾਂ ਦੌਰਾਨ ਪੂਰੇ ਕੀਤੇ ਜਾਣਗੇ।

ਮੁੱਖ ਮੰਤਰੀ ਪ੍ਰੈਸ ਕਾਨਫਰੰਸ

ਡਾਕਟਰ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਸਫੈਦ ਝੂਠ ਬੋਲਦਾ ਕਹਿ ਰਿਹਾ ਹੈ ਕਿ ਪਿਛਲੇ 10 ਸਾਲਾਂ ਵਿਚ ਸੂਬੇ ਅੰਦਰ 29,600 ਉਦਯੋਗਿਕ ਇਕਾਈਆਂ ਬੰਦ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਮੁੱਖ ਮੰਤਰੀ ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਜ਼ਿਲ•ਾਵਾਰ ਬੰਦ ਹੋਈਆਂ ਇਕਾਈਆਂ ਦੇ ਨਾਂ ਕਿਉਂ ਨਹੀਂ ਦੱਸ ਦਿੰਦਾ? ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪਿਛਲੇ 10 ਸਾਲਾਂ ਦੌਰਾਨ ਸੂਬੇ ਅੰਦਰ 10 ਹਜ਼ਾਰ ਨਵੇਂ ਉਦਯੋਗਿਕ ਯੂਨਿਟ ਲੱਗੇ ਹਨ।

ਪਿੰਡਾਂ ਅੰਦਰ ਕੰਪਿਊਟਰ ਸਿੱਖਿਆ ਦੇਣ

ਸਰਕਾਰ ਦੁਆਰਾ ਐਲਾਨੇ ਗਏ ਅਖੌਤੀ ਉਪਰਾਲਿਆਂ ਉੱਤੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਵਿੱਚੋਂ ਬਹੁਤੇ ਪ੍ਰਾਜੈਕਟ ਸਿਰਫ ਕਾਗਜ਼ਾਂ ਤਕ ਹੀ ਰਹਿ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਦੀ ਕੁੜੀਆਂ ਨੂੰ ਪੀਐਚਡੀ ਤਕ ਮੁਫਤ ਸਿੱਖਿਆ ਦੇਣ ਅਤੇ ਪ੍ਰਾਇਮਰੀ ਪੱਧਰ 'ਤੇ ਕੰਪਿਊਟਰ ਸਿੱਖਿਆਂ ਸ਼ੁਰੂ ਕਰਨ ਦੀ ਯੋਜਨਾ ਸੀ। ਪਰ 12 ਹਜ਼ਾਰ ਪਿੰਡਾਂ ਅੰਦਰ ਕੰਪਿਊਟਰ ਸਿੱਖਿਆ ਦੇਣ ਖਾਤਿਰ ਅਤੇ ਕੁੜੀਆਂ ਦੀ ਟਿਊਸ਼ਨ ਫੀਸ ਵਾਸਤੇ ਬਜਟ ਵਿਚ ਮਸੀਂ ਕੁੱਝ ਇੱਕ ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ•ਾਂ ਵਾਅਦੇ ਮੁਤਾਬਿਕ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਲਈ ਕੋਈ ਪ੍ਰਬੰਧ ਨਹੀਂ ਰੱਖਿਆ ਗਿਆ ਹੈ।

ਸੂਬੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ

ਡਾਕਟਰ ਚੀਮਾ ਨੇ ਕਿਹਾ ਕਿ ਸੂਬੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਨਾ ਹੀ ਕੁੱਝ ਕਹੀਏ ਤਾਂ ਹੀ ਠੀਕ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਕਈ ਗਿਰੋਹਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਪਰ ਉਹਨਾਂ ਦਾ ਸੂਬੇ ਅੰਦਰ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ, ਡਕੈਤੀਆਂ ਅਤ ਕਤਲਾਂ ਬਾਰੇ ਕੀ ਕਹਿਣਾ ਹੈ? ਸਰਕਾਰ ਅਮਨ ਤੇ ਕਾਨੂੰਨ ਕਾਇਮ ਰੱਖਣ ਵਿਚ ਕਿਉਂ ਨਾਕਾਮ ਹੋ ਰਹੀ ਹੈ? ਕਿਉਂ ਦਲਿਤਾਂ ਉੱਤੇ ਹਮਲੇ ਹੋ ਰਹੇ ਹਨ ਅਤੇ ਉਹ ਖੁਦ ਨੂੰ ਸੂਬੇ ਅੰਦਰ ਅਸਰੁੱਖਿਅਤ ਮਹਿਸੂਸ ਕਰਨ ਲੱਗੇ ਹਨ? ਡਰਾਮੇਬਾਜ਼ੀ

ਕਾਂਗਰਸ ਸਰਕਾਰ ਨੂੰ ਝੂਠੀ ਇਸ਼ਤਿਹਾਰਬਾਜ਼ੀ ਕਰਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਥਾਂ ਵਾਅਦੇ ਪੂਰੇ ਕਰਨ ਅਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਦੀ ਨਸੀਹਤ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬੀ ਇਸ ਡਰਾਮੇਬਾਜ਼ੀ ਤੋਂ ਅੱਕ ਚੁੱਕੇ ਹਨ। ਲੋਕ ਅਜਿਹੀ ਸਰਕਾਰ ਚਾਹੁੰਦੇ ਹਨ, ਜਿਹੜੀ ਵਾਅਦੇ ਪੂਰੇ ਕਰੇ। ਨਾ ਕਿ ਅਜਿਹੀ ਜਿਹੜੀ ਵਾਰ ਵਾਰ ਆਪਣੇ ਟੀਚੇ ਬਦਲਦੀ ਰਹੇ, ਜਿਵੇਂ ਅੱਜ ਮੁੱਖ ਮੰਤਰੀ ਨੇ ਕੀਤਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਵੇਗਾ ਅਤੇ ਇਸ ਨੂੰ ਲੋਕਾਂ ਅੱਗੇ ਜੁਆਬਦੇਹ ਬਣਾਏਗਾ।

—PTC News

  • Share