Sat, Apr 27, 2024
Whatsapp

ਕੈਪਟਨ ਨੇ ਦਿੱਲੀ ’ਚ ਪ੍ਰਦੂਸ਼ਣ ਦਾ ਕਾਰਨ ਪੰਜਾਬ ’ਚ ਪਰਾਲੀ ਸਾੜਣ ਨੂੰ ਦੱਸਣ ਬਾਰੇ ਕੇਜਰੀਵਾਲ ਨੂੰ ਕਿਹਾ ਇਹ 

Written by  Joshi -- November 04th 2018 05:19 PM -- Updated: November 04th 2018 05:34 PM
ਕੈਪਟਨ ਨੇ ਦਿੱਲੀ ’ਚ ਪ੍ਰਦੂਸ਼ਣ ਦਾ ਕਾਰਨ ਪੰਜਾਬ ’ਚ ਪਰਾਲੀ ਸਾੜਣ ਨੂੰ ਦੱਸਣ ਬਾਰੇ ਕੇਜਰੀਵਾਲ ਨੂੰ ਕਿਹਾ ਇਹ 

ਕੈਪਟਨ ਨੇ ਦਿੱਲੀ ’ਚ ਪ੍ਰਦੂਸ਼ਣ ਦਾ ਕਾਰਨ ਪੰਜਾਬ ’ਚ ਪਰਾਲੀ ਸਾੜਣ ਨੂੰ ਦੱਸਣ ਬਾਰੇ ਕੇਜਰੀਵਾਲ ਨੂੰ ਕਿਹਾ ਇਹ 

ਅੱਜ ਇੱਥੋਂ ਜਾਰੀ ਇਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਦੇ ਬੇਤੁੱਕੇ ਬਿਆਨ ਨੂੰ ਰੱਦ ਕਰਦਿਆਂ ਅੰਕੜਿਆਂ ਦਾ ਹਵਾਲਾ ਦਿੱਤਾ ਕਿਉਂ ਜੋ ਦਿੱਲੀ ਦੇ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਹਰ ਮੁਹਾਜ਼ ’ਤੇ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਕ ਹੋਰ ਚਾਲ ਚੱਲੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਚੰਗਾ ਸ਼ਾਸਨ ਮੁਹੱਈਆ ਕਰਵਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਕੇਜਰੀਵਾਲ ਨੇ ਆਪਣੀ ਪੁਰਾਣੀ ਆਦਤ ਅਨੁਸਾਰ ਝੂਠ ਤੇ ਧੋਖੇ ਦੀ ਸ਼ਰਨ ਲੈਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਵਿੱਚ ਪਰਾਲੀ ਸਾੜਣ ਦੀਆਂ ਸੈਟੇਲਾਈਟ ਤਸਵੀਰਾਂ ਰਾਹੀਂ ਦਿੱਲੀ ਵਿੱਚ ਗੰਭੀਰ ਪ੍ਰਦੂਸ਼ਣ ਦਾ ਮੁੱਖ ਕਾਰਨ ਬਣਨ ਬਾਰੇ ਹਾਸੋਹੀਣਾ ਤਰਕ ਦੇਣ ਲਈ ਕੇਜਰੀਵਾਲ ’ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਨਾਲੋਂ ਤਾਂ ਸਕੂਲ ਪੜਦੇ ਬੱਚੇ ਨੂੰ ਵੱਧ ਪਤਾ ਹੋਵੇਗਾ। ਦਿੱਲੀ ਵਿੱਚ ਆਪਣੇ ਹਮਰੁਤਬਾ ਦੇ ਕਾਰਨਾਂ ਨੂੰ ਪੂਰੀ ਤਰਾਂ ਅਣਉਚਿਤ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਪੱਛਿਆ,‘‘ਕੀ ਉਹ (ਕੇਜਰੀਵਾਲ) ਸੱਚਮੁੱਚ ਆਈ.ਆਈ.ਟੀ. ਗ੍ਰੇਜੂਏਟ ਹੈ?’ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਨੇ ਆਪਣੇ ਦਾਅਵੇ ਵਿੱਚ ਤਸਵੀਰ ਨੂੰ ਵਿਗਿਆਨਕ ਸਬੂਤ ਦੇਣ ਦੀ ਗੁਸਤਾਖੀ ਕੀਤੀ ਹੈ। ਉਨਾਂ ਕਿਹਾ ਕਿ ਜੇਕਰ ਦਿੱਲੀ ਦੇ ਮੁੱਖ ਮੰਤਰੀ ਨੇ ਤੱਥਾਂ ਦੀ ਜਾਂਚ ਕੀਤੀ ਹੁੰਦੀ ਤਾਂ ਉਹ ਅਜਿਹੀ ਬਿਆਨਬਾਜ਼ੀ ਦੇਣ ਤੋਂ ਪਹਿਲਾਂ ਸੈਂਕੜੇ ਵਾਰ ਸੋਚਦਾ।ਕੈਪਟਨ ਅਮਰਿੰਦਰ ਸਿੰਘ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਦੇ ਤਰਕਹੀਣ ਅਤੇ ਹਾਸੋਹੀਣੇ ਦਾਅਵੇ ਨੂੰ ਰੱਦ ਕਰ ਦਿੱਤਾ। ਉਨਾਂ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਲੋਕ ਆਪ ਲੀਡਰ ਵੱਲੋਂ ਆਪਣੇ ਸੂਬੇ ਦੀਆਂ ਨਾਕਾਮੀਆਂ ਉਨਾਂ ਸਿਰ ਮੜਨ ਦੀਆਂ ਕੋਸ਼ਿਸ਼ਾਂ ਨੂੰ ਸਹਿਜੇ ਨਹੀਂ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਦੇਖਣਗੇ ਕਿ ਪੰਜਾਬ ਕੇਜਰੀਵਾਲ ਤੇ ਆਪ ਬਾਰੇ ਕੀ ਸੋਚਦਾ ਹੈ। ਉਨਾਂ ਕਿਹਾ ਕਿ ਕੇਜਰੀਵਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਭੈੜਾ ਹਸ਼ਰ ਵੇਖਣ ਲਈ ਤਿਆਰ ਰਹੇ। ਅੰਕੜਿਆਂ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦਾ ਮਾਪਦੰਡ (ਏ.ਕਿੳੂ.ਆਈ.) ਹਰੇਕ ਸਾਲ ਦਸੰਬਰ ਤੇ ਜਨਵਰੀ ਦੌਰਾਨ 300 ਤੋਂ ਜ਼ਿਆਦਾ ਰਹਿੰਦਾ ਹੈ ਜਦੋਂਕਿ ਗੁਆਂਢੀ ਸੂਬਿਆਂ ਵਿੱਚ ਪਰਾਲੀ ਵੀ ਨਹੀਂ ਸਾੜੀ ਜਾਂਦੀ। ਉਨਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਿੱਲੀ ਵਿੱਚ ਆਪਣੇ ਸਾਧਨਾਂ ਕਰਕੇ ਕੌਮੀ ਰਾਜਧਾਨੀ ’ਤੇ ਇਸ ਦਾ ਪ੍ਰਭਾਵ ਹੁੰਦਾ ਹੈ ਜਿਸ ਲਈ ਵਾਹਨਾਂ, ਨਿਰਮਾਣ ਗਤੀਵਿਧੀਆਂ, ਸਨਅਤੀ ਗਤੀਵਿਧੀਆਂ, ਬਿਜਲੀ ਪਲਾਂਟਾਂ, ਮਿੳੂਂਸਪਲ ਦਾ ਰਹਿੰਦ-ਖੂੰਹਦ ਸਾੜਣ ਅਤੇ ਸਫਾਈ ਦੇ ਕੰਮ ਕਾਰਨ ਬਣਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਮੌਸਮ ਵਿਭਾਗ ਦੇ ਵੈਦਰ ਰਿਸਚਰਚ ਐਂਡ ਫੌਰਕਾਸਟਿੰਗ ਮਾਡਲ ਦੀ ਹਵਾ ਪ੍ਰਦੂਸ਼ਣ ਬਾਰੇ ਤਾਜ਼ਾ ਰਿਪੋਰਟ ਅਨੁਸਾਰ ਦਿੱਲੀ-ਐਨ.ਸੀ.ਆਰ. ਦੀਆਂ ਹਵਾਵਾਂ ਉੱਤਰ-ਦੱਖਣੀ ਤੋਂ ਪੂਰਬ ਵੱਲ ਬਦਲ ਚੁੱਕੀਆਂ ਹਨ ਜਿਸ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਣ ਦੀਆਂ ਘਟਨਾਵਾਂ ਦਾ ਸ਼ਾਇਦ ਹੀ ਕੋਈ ਪ੍ਰਭਾਵ ਪੈਂਦਾ ਹੋਵੇ। ਇਸੇ ਤਰਾਂ ਦਿੱਲੀ ਦੀ ਹਵਾ ਗੁਣਵੱਤਾ ਅਜੇ ‘ਬਹੁਤ ਖਰਾਬ’ ਹੈ ਜੋ 2 ਨਵੰਬਰ ਨੂੰ 208 ਮਾਈਕ੍ਰੋਗ੍ਰਾਮ ਪ੍ਰਤੀ ਕਿੳੂਬਿਕ ਮੀਟਰ ਦੇ ਪੀ.ਐਮ. 2.5 ਘਣਤਾ ਹੈ ਜਿਸ ਦਾ ਮੁੱਖ ਕਾਰਨ ਸਥਾਨਕ ਵਾਹਨਾਂ ਦੀ ਆਵਾਜਾਈ ਅਤੇ ਸਨਅਤੀ ਗਤੀਵਧੀਆਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਸਾੜਣ ਕਰਕੇ ਪੀ.ਐਮ.2.5 ਦੀ ਘਣਤਾ ਵਿੱਚ ਵਾਧਾ ਪੀ.ਐਮ.10 ਦੇ ਨਿਸਬਤ ਘੱਟ ਹੈ।ਇਸ ਕਰਕੇ ਪੀ.ਐਮ.2.5 ਦੇ ਵਾਧੇ ਵਿੱਚ ਪਰਾਲੀ ਸਾੜਣ ਦੀ ਦੇਣ ਘੱਟ ਹੈ ਜਦਕਿ ਦਿੱਲੀ ਵਿੱਚ ਹਵਾ ਗੁਣਵੱਤਾ ਵਿੱਚ ਸਰਦੀਆਂ ਦੇ ਮਹੀਨਿਆਂ ਦੌਰਾਨ ਪੀ.ਐਮ.2.5 ਵਿੱਚ ਵਾਧਾ ਹੁੰਦਾ ਹੈ।ਤਾਪਮਾਨ ਘਟਣ ਅਤੇ ਹਵਾ ਦੇ ਵੇਗ ਕਾਰਨ ਵਾਤਾਵਰਣ ਵਿੱਚ ਪ੍ਰਦੂਸ਼ਿਤ ਕਣ ਖਿੰਡ ਨਹੀਂ ਪਾਉਂਦੇ ਜੋ ਉੱਤਰੀ ਭਾਰਤ ਵਿੱਚ ਬਹੁਤੀਆਂ ਥਾਵਾਂ ’ਤੇ ਏ.ਕਿੳੂ.ਆਈ. ਵਿੱਚ ਵਾਧੇ ਦਾ ਮੁੱਖ ਕਾਰਨ ਬਣਦਾ ਹੈ। ਨਵੀਂ ਦਿੱਲੀ ਵਿੱਚ ਐਨ.ਸੀ.ਆਰ. ਦੇ ਇਲਾਕੇ ਵਿੱਚ ਵੱਡੀ ਆਬਾਦੀ ਦੀਆਂ ਗਤੀਵਿਧੀਆਂ ਅਤੇ ਮੌਸਮ ਦੇ ਦੌਰ ਕਰਕੇ ਏ.ਕਿੳੂ.ਆਈ. 400 ਤੱਕ ਪਹੁੰਚ ਜਾਂਦਾ ਹੈ। ਅਕਤੂਬਰ, 2018 ਦੌਰਾਨ ਹਵਾ ਦਾ ਵੇਗ ਸਥਿਰ ਹੋ ਗਿਆ ਜੋ ਘਟ ਕੇ ਦੋ ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਘੱਟ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਜੇਕਰ ਦਿੱਲੀ ਦੀ ਆਬੋ-ਹਵਾ ਦੇ ਪ੍ਰਦੂਸ਼ਣ ਦਾ ਕਾਰਨ ਪਰਾਲੀ ਸਾੜਣਾ ਹੀ ਹੈ ਤਾਂ ਇਸ ਨਾਲ ਸਭ ਤੋਂ ਪਹਿਲਾਂ ਪੰਜਾਬ ਦੇ ਸ਼ਹਿਰਾਂ ਦੇ ਏ.ਕਿਊ.ਆਈ. ’ਤੇ ਇਸ ਦਾ ਪ੍ਰਭਾਵ ਪੈਂਦਾ। ਹਾਲਾਂਕਿ ਅਕਤੂਬਰ, 2108 ਦੌਰਾਨ ਪੰਜਾਬ ਦਾ ਔਸਤਨ ਏ.ਕਿਊ.ਆਈ. 117 ਸੀ ਜਦਕਿ ਦਿੱਲੀ ਦਾ ਔਸਤਨ 270 ਦੁਆਲੇ ਮਿਡਲਾਉਂਦਾ ਸੀ। ਉਨਾਂ ਕਿਹਾ ਕਿ ਦਿੱਲੀ ਦੇ ਬਿਲਕੁਲ ਉਲਟ ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਲੰਮੀ ਦੂਰੀ ਤੋਂ ਦੇਖਣ ਲਈ ਮੌਸਮ ਬਿਲਕੁਲ ਸਾਫ਼ ਹੈ। ਜਿੱਥੋਂ ਤੱਕ ਪਰਾਲੀ ਸਾੜਣ ਦੀਆਂ ਘਟਨਾਵਾਂ ਦੀ ਗੱਲ ਹੈ ਤਾਂ ਮੁੱਖ ਮੰਤਰੀ ਨੇ ਆਖਿਆ ਕਿ 3 ਨਵੰਬਰ ਤੱਕ ਅਜਿਹੇ 25394 ਮਾਮਲੇ ਸਾਹਮਣੇ ਆਏ ਹਨ ਜਦਕਿ ਪਿਛਲੇ ਸਾਲ ਇਸ ਤਰੀਕ ਤੱਕ 30832 ਘਟਨਾਵਾਂ ਵਾਪਰੀਆਂ ਸਨ ਜਿਸ ਤੋਂ ਇਹ ਰੁਝਾਣ ਘਟਣ ਬਾਰੇ ਸਪੱਸ਼ਟ ਪ੍ਰਗਟਾਵਾ ਹੁੰਦਾ ਹੈ। ਝੋਨੇ ਹੇਠਲੇ ਰਕਬੇ ਵਿੱਚ ਪ੍ਰਤੀ ਲੱਖ ਏਕੜ 390 ਘਟਨਾਵਾਂ ਪਰਾਲੀ ਸਾੜਣ ਦੀਆਂ ਵਾਪਰੀਆਂ ਹਨ ਜੋ ਕਿ ਬਹੁਤ ਮਾਮੂਲੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 12700 ਪਿੰਡ ਹਨ ਅਤੇ ਪ੍ਰਤੀ ਪਿੰਡ ਦੋ ਤੋਂ ਵੀ ਘੱਟ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਸ ਨਾਲ ਪੰਜਾਬ ਪਰਾਲੀ ਨਾ ਸਾੜਣ ਦੇ ਅਮਲ ਵਿੱਚ 98 ਫੀਸਦੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਿੱਚ ਸਫ਼ਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਅੰਕੜੇ ਸਪੱਸ਼ਟ ਸੰਕੇਤ ਦਿੰਦੇ ਹਨ ਕਿ ਕੇਜਰੀਵਾਲ ਦੀ ਸਰਕਾਰ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ’ਚ ਬੁਰੀ ਤਰਾਂ ਨਾਕਾਮ ਰਹੀ ਹੈ। ਉਨਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਆਪਣੀ ਇਸ ਨਾਕਾਮੀ ’ਤੇ ਪਰਦਾ ਪਾਉਣ ਲਈ ਕਿਸੇ ਨਾ ਕਿਸੇ ਦੇ ਗਲ਼ ਦੋਸ਼ ਮੜਣ ਦੀ ਭਾਲ ਵਿੱਚ ਹੈ।
—PTC News

Top News view more...

Latest News view more...