ਖਾਲੀ ਖਜ਼ਾਨੇ ਦੀ ਦੁਹਾਈ ਪਾਉਂਦੇ ਕੈਪਟਨ ਦੀ ਨਵੀਂ ਤਿਆਰੀ

captain government new cars buying planning

ਖਾਲੀ ਖਜ਼ਾਨੇ ਦੀ ਦੁਹਾਈ ਪਾਉਂਦੇ ਕੈਪਟਨ ਆਪਣੇ ਮੰਤਰੀਆਂ ਲਈ ਖਰੀਦਣਗੇ ਲਗਜਰੀ ਗੱਡੀਆਂ??

ਕਿਸਾਨੀ ਕਰਜ਼ੇ ਦੀ ਗੱਲ ਹੋਵੇ ਜਾਂ ਨੌਜਵਾਨਾਂ ਨੂੰ ਮੋਬਾਈਲ ਫੋਨ ਦੇਣ ਦੀ, ਕੈਪਟਨ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਖਾਲੀ ਖਜ਼ਾਨੇ ਦਾ ਹਵਾਲਾ ਦੇ ਕੇ ਇਹਨਾਂ ਮੰਗਾਂ ਨੂੰ ਪੂਰਾ ਕਰ ਸਕਣ ‘ਚ ਅਸਮਰੱਥਤਾ ਜਤਾਈ ਜਾਂਦੀ ਰਹੀ ਹੈ।

ਪਰ ਹੁਣ ਸੂਤਰਾਂ ਤੋਂ ਮਿਲੀ ਖਬਰ ਮੁਤਾਬਕ, ਮੁੱਖ ਮੰਤਰੀ ਅਤੇ ਬਾਕੀ ਵਿਧਾਇਕਾਂ ਲਈ ਪੰਜਾਬ ਸਰਕਾਰ ਦੇ ਖਜ਼ਾਨੇ ਦੇ ‘ਖਾਲੀਪਨ’ ਨੂੰ ਛਿੱਕੇ ਟੰਗ ਕੇ ਨਵੀਆਂ ਲਗਜ਼ਰੀ ਗੱਡੀਆਂ ਖ਼ਰੀਦੀਆਂ ਜਾ ਰਹੀਆਂ ਹਨ।

ਇਹ ਗੱਡੀਆਂ ਮੁੱਖ ਮੰਤਰੀ ਸਮੇਤ ਵਿਧਾਇਕਾਂ, ਸਲਾਹਕਾਰਾਂ, ਅਤੇ ਹੋਰ ਅਫ਼ਸਰਾਂ ਲਈ ਖਰੀਦੀਆਂ ਜਾ ਰਹੀਆਂ ਹਨ। ਖਬਰਾਂ ਦੀ ਮੰਨੀਏ ਤਾਂ ਇਹਨਾਂ ਦੀ ਖਰੀਦ ਲਈ ਹੁਣ ਉਪਰਾਲੇ ਵੀ ਸ਼ੁਰੂ ਹੋ ਗਏ ਹਨ।

ਇੱਕ ਨਿੱਜੀ ਅਖਬਾਰ ਵੱਲੋਂ ਛਾਪੇ ਗਏ ਵਾਹਨ ਖਰੀਦਣ ਦੇ ਏਜੰਡੇ ਨੇ ਕੈਪਟਨ ਸਰਕਾਰ ਦੀ ਖਾਲੀ ਖਜ਼ਾਨੇ ਵਾਲੀ ਦੁਹਾਈ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਖੜਾ ਕੀਤਾ ਹੈ।

ਇੱਕ ਪਾਸੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਨਾ ਹੀ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਹੋਈ ਹੈ, ਅਤੇ ਪੰਜਾਬ ਦੀ ਮਾਲੀ ਹਾਲਤ ਨੂੰ ਹੋਰ ਪਤਲਾ ਕਰਨ ਲਈ ਕੈਪਟਨ ਸਰਕਾਰ ਵੱਲੋਂ ਵਿੱਢੀ ਇਹ ਲਗਜ਼ਰੀ ਤਿਆਰੀ ਦਾ ਅਸਰ ਸੂਬੇ ‘ਤੇ ਕੀ ਪੈਣਾ ਹੈ, ਉਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ।

—PTC News