ਚੰਡੀਗੜ ਪੁਲੀਸ ਨੂੰ ਜਾਂਚ ਲਈ ਖੁੱਲਾ ਹੱਥ ਦਿੱਤਾ ਜਾਵੇ-ਮੁੱਖ ਮੰਤਰੀ

Chandigarh girl stalking case by Haryana BJP President son
Chandigarh girl stalking case by Haryana BJP President son

Chandigarh girl stalking case by Haryana BJP President son

ਮਾਮਲੇ ਵਿੱਚ ਰਾਜਨਾਥ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਬੇਤੁੱਕੀ ਦੱਸਦਿਆਂ ਰੱਦ ਕੀਤਾ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਣਿਕਾ ਕੁੰਡੂ ਦਾ ਪਿੱਛਾ ਕਰਕੇ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਚੰਡੀਗੜ ਪੁਲੀਸ ਨੂੰ ਜਾਂਚ ਕਰਨ ਵਿੱਚ ਖੁੱਲਾ ਹੱਥ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪੁਲੀਸ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਸੰਸਦ ਭਵਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਲਈ ਪੁਲੀਸ ਨੂੰ ਆਜ਼ਾਦਾਨਾ ਢੰਗ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਦੇ ਕਸੂਰਵਾਰਾਂ ਜਿਨਾਂ ਵਿੱਚ ਹਰਿਆਣਾ ਦੇ ਭਾਜਪਾ ਮੁਖੀ ਦਾ ਪੁੱਤਰ ਵੀ ਸ਼ਾਮਲ ਹੈ, ਖਿਲਾਫ਼ ਦੋਸ਼ ਘਟਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਤਰਾਂ ਦੀ ਸਿਆਸੀ ਦਖ਼ਲਅੰਦਾਜ਼ੀ ਸਹਿਣ ਨਾ ਕੀਤੀ ਜਾਵੇ ਅਤੇ ਕਾਨੂੰਨ ਮੁਤਾਬਕ ਇਸ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਕਰਨ ਲਈ ਪੁਲੀਸ ਸਮਰੱਥ ਅਥਾਰਟੀ ਹੋਣੀ ਚਾਹੀਦੀ ਹੈ।

ਇਕ ਸਵਾਲ ਦੇ ਜੁਆਬ ਵਿੱਚ ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਨੈਤਿਕ ਆਧਾਰ ’ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਰੱਦ ਕਰਦਿਆਂ ਬੇਤੁੱਕਾ ਦੱਸਿਆ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂ ਪੰਜਾਬ ਸਮੇਤ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਅਜਿਹੇ ਗੈਰ-ਜ਼ਿੰਮੇਵਾਰਾਨਾ ਰਵੱਈਏ ਵਾਲੇ ਮਾਮਲੇ ’ਚ ਵਿਅਕਤੀਗਤ ਜਾਂ ਪਾਰਟੀ ਲੀਡਰ ਜਾਂ ਉਨਾਂ ਦੇ ਬੱਚੇ ਦੀ ਸ਼ਮੂਲੀਅਤ ਹੋਵੇ, ਤਾਂ ਇਸ ਲਈ ਰਾਜਨਾਥ ਸਿੰਘ ਨੂੰ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ

ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਲੜਕੀ ਲਈ ਨਿਆਂ ਯਕੀਨੀ ਬਣਾਉਣ ਲਈ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਕਦਮ ਚੁੱਕਣ ਦੀ ਲੋੜ ਹੈ ਪਰ ਨਾਲ ਹੀ ਇਸ ਗੱਲ ਦਾ ਸਖ਼ਤ ਸੁਨੇਹਾ ਦਿੱਤਾ ਜਾਵੇ ਕਿ ਸਿਆਸੀ ਚੌਧਰ ਦੀ ਦੁਰਵਰਤੋਂ ਰਾਹੀਂ ਪੁਲੀਸ ਸਮੇਤ ਕਿਸੇ ਸੰਸਥਾ ਦੇ ਵੱਕਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਚੰਡੀਗੜ ਦੀ ਸੰਸਦ ਮੈਂਬਰ ਕਿਰਨ ਖੇਰ ਜਿਨਾਂ ਨਾਲ ਸੰਸਦ ਦੇ ਬਾਹਰ ਉਨਾਂ ਨੇ ਸੰਖੇਪ ਮਿਲਣੀ ਕੀਤੀ, ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੇ ਦੋਸ਼ੀਆਂ ਨਾਲ ਕਾਨੂੰਨ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।

—PTC News