ਕਾਂਗਰਸ ਦੀ ਮਹਿਲਾ ਜਨਰਲ ਸਕੱਤਰ ਵੱਲੋਂ ਇੱਕ ਮਹਿਲਾ ਅਧਿਕਾਰੀ ਦੇ ਅੱਤਿਆਚਾਰੀ ਦਾ ਪੱਖ ਲੈਣਾ ਮੰਦਭਾਗਾ ਹੈ :ਬੀਬੀ ਉਪਿੰਦਰਜੀਤ ਕੌਰ

Congress Asha Kumari women officers Bibi Upinderjit Kaur

ਕਾਂਗਰਸ ਦੀ ਮਹਿਲਾ ਜਨਰਲ ਸਕੱਤਰ ਵੱਲੋਂ ਇੱਕ ਮਹਿਲਾ ਅਧਿਕਾਰੀ ਦੇ ਅੱਤਿਆਚਾਰੀ ਦਾ ਪੱਖ ਲੈਣਾ ਮੰਦਭਾਗਾ ਹੈ :ਬੀਬੀ ਉਪਿੰਦਰਜੀਤ ਕੌਰ:ਕਾਂਗਰਸ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਵੱਲੋਂ ਪੰਜਾਬ ਦੀ ਇੱਕ ਸੀਨੀਅਰ ਮਹਿਲਾ ਆਈਏਐਸ ਅਧਿਕਾਰੀ ਦੇ ਇੱਕ ਕਾਂਗਰਸੀ ਮੰਤਰੀ ਵੱਲੋਂ ਕੀਤੇ ਜਿਨਸੀ ਸ਼ੋਸ਼ਣ ਦੇ ਮੁੱਦੇ ਨੂੰ ਖਾਰਿਜ ਕਰਨ ਉੱਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਹੈ ਕਿ ਇੱਕ ਔਰਤ ਵਜੋਂ ਉਸ ਨੂੰ ਪੀੜਤ ਨਾਲ ਖੜਣਾ ਚਾਹੀਦਾ ਸੀ ਅਤੇ ਦੋਸ਼ੀ ਮੰਤਰੀ ਨੂੰ ਕਲੀਨ ਚਿੱਟ ਦੇਣ ਦੀ ਬਜਾਇ ਉਸ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਸੀ।ਇਸ ਮੁੱਦੇ ਉੱਤੇ ਆਸ਼ਾ ਕੁਮਾਰੀ ਵੱਲੋਂ ਦਿੱਤੀ ਸਫ਼ਾਈ ਉੱਤੇ ਬੇਹੱਦ ਦੁੱਖ ਅਤੇ ਅਫਸੋਸ ਜ਼ਾਹਿਰ ਕਰਦਿਆਂ ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਕਿ ਉਸ ਦਾ ਇਹ ਕਹਿਣ ਦਾ ਹੌਂਸਲਾ ਕਿਵੇਂ ਪਿਆ ਕਿ ਕੁੱਝ ਨਹੀਂ ਵਾਪਰਿਆ।ਨਾ ਹੀ ਇਸ ਸੰਬੰਧੀ ਸਾਡੇ ਕੋਲ ਕੋਈ ਸ਼ਿਕਾਇਤ ਆਈ ਹੈ ਇਹ ਬਿਆਨ ਬਹੁਤ ਹੀ ਅਜੀਬ ਅਤੇ ਗਲਤ ਹੈ।

ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਦੀ ਇੱਕ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਕਿਸ ਤਰ੍ਹਾਂ ਇੱਕ ਅਜਿਹੇ ਮਾਮਲੇ ਬਾਰੇ ਅਣਜਾਣ ਹੋਣ ਦਾ ਢਕਵੰਜ ਕਰ ਸਕਦੀ ਹੈ,ਜਿਸ ਬਾਰੇ ਸਮੁੱਚਾ ਪੰਜਾਬ ਚਰਚਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੱਲੋਂ ਇਸ ਮਾਮਲੇ ਉੱਤੇ ਸ਼ਿਕਾਇਤ ਕੀਤੇ ਜਾਣ ਦੀ ਉਡੀਕ ਕਰਨ ਦੀ ਥਾਂ ਆਸ਼ਾ ਕੁਮਾਰੀ ਨੂੰ ਖੁਦ ਪਹਿਲਕਦਮੀ ਕਰਦਿਆਂ ਇਸ ਮੁੱਦੇ ਦਾ ਨੋਟਿਸ ਲੈਣਾ, ਮੁੱਢਲੀ ਜਾਂਚ ਕਰਵਾਉਣੀ ਅਤੇ ਉਸ ਮੰਤਰੀ ਨੂੰ ਮੁਅੱਤਲ ਕੀਤੇ ਜਾਣ ਦੀ ਸਿਫਾਰਿਸ਼ ਕਰਨੀ ਚਾਹੀਦੀ ਸੀ, ਜਿਸ ਨੇ ਪਾਰਟੀ ਦੀ ਬਦਨਾਮੀ ਕਰਵਾਈ ਹੈ।

ਆਸ਼ਾ ਕੁਮਾਰੀ ਵੱਲੋਂ ਦਿੱਤੀ ਦਲੀਲ ਕਿ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕਿਆ ਹੈ ਕਿ ਮਹਿਲਾ ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਗਲਤੀ ਨਾਲ ਭੇਜੇ ਗਏ ਸਨ, ਦਾ ਮੋੜਵਾਂ ਜੁਆਬ ਦਿੰਦਿਆਂ ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਕਿ ਮੰਤਰੀ ਨੂੰ ਆਪਣੇ ਅਜਿਹੇ ਵਿਵਹਾਰ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਸੀ ਪਰੰਤੂ ਮੁੱਖ ਸੁਆਲ ਇਹ ਹੈ ਕਿ ਮੰਤਰੀ ਕਿਸ ਕਿਸਮ ਦੇ ਸੰਦੇਸ਼ ਭੇਜ ਰਿਹਾ ਸੀ ? ਯਕੀਨਨ, ਇਹ ਕਿਸੇ ਹੋਰ ਔਰਤ ਵਾਸਤੇ ਸਨ।ਮੰਤਰੀ ਸਮਾਜ ਦੇ ਲੋਕਾਂ ਲਈ ਇੱਕ ਆਦਰਸ਼ ਹੁੰਦੇ ਹਨ ਅਤੇ ਉਹਨਾਂ ਦੀਆਂ ਨਿੱਜੀ ਜ਼ਿੰਦਗੀਆਂ ਵੀ ਸਾਫ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ।

ਆਸ਼ਾ ਕੁਮਾਰੀ ਵੱਲੋਂ ਕੀਤੀ ਟਿੱਪਣੀ ਕਿ ਇਹ ਕੰਮਕਾਜੀ ਥਾਂ ਉੱਤੇ ਹੁੰਦੇ ਸ਼ੋਸ਼ਣ ਤੋਂ ਵੱਖਰਾ ਮਾਮਲਾ ਹੈ।ਇਸ ਤੋਂ ਇਲਾਵਾ ਸੰਦੇਸ਼ ਦੇ ਮਜ਼ਮੂਨ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ, ਦੀ ਸਖ਼ਤ ਨਿਖੇਧੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਅਧਿਕਾਰੀਆਂ ਲਈ ਕੰਮਕਾਜੀ ਥਾਂ ਸਿਰਫ ਸਕੱਤਰੇਤ ਦੀ ਇਮਾਰਤਾਂ ਤਕ ਸੀਮਤ ਨਹੀਂ ਹੁੰਦੀ, ਕਿਉਂਕਿ ਅਧਿਕਾਰੀ ਮੰਤਰੀਆਂ ਨਾਲ ਵੇਲੇ-ਕੁਵੇਲੇ ਵੀ ਗੱਲਬਾਤ ਕਰਦੇ ਹਨ ਅਤੇ ਸਲਾਹ ਮਸ਼ਵਰੇ ਲਈ ਸ਼ਾਮ ਨੂੰ ਦੇਰ ਰਾਤ ਤਕ ਵੀ ਮੰਤਰੀਆਂ ਦੇ ਕੈਂਪ ਦਫਤਰਾਂ ਵਿਚ ਜਾਂਦੇ ਹਨ।ਇਸ ਤੋਂ ਇਲਾਵਾ ਆਪਣੇ ਪਾਰਟੀ ਦੇ ਮੰਤਰੀ ਨੂੰ ਕਲੀਨ ਚਿਟ ਦੇਣ ਤੋਂ ਪਹਿਲਾਂ ਉਸ ਵੱਲੋ ਭੇਜੇ ਸੰਦੇਸ਼ ਦੇ ਮਜ਼ਮੂਨ ਨੂੰ ਪਰਖਣਾ ਕਾਂਗਰਸ ਦੀ ਜਨਰਲ ਸਕੱਤਰ ਦਾ ਕੰਮ ਹੈ।

ਉਪਿੰਦਰਜੀਤ ਕੌਰ ਨੇ ਕਿਹਾ ਕਿ ਕਾਂਗਰਸ ਦੀਆਂ ਮਹਿਲਾ ਆਗੂਆਂ ਨੂੰ ਮਹਿਲਾ ਅਧਿਕਾਰੀਆਂ ਦੇ ਸਮਰਥਨ ਵਿਚ ਆਉਣਾ ਚਾਹੀਦਾ ਹੈ ਕਿਉਂਕਿ ਆਮ ਕਰਕੇ ਕੰਮਕਾਜੀ ਮਹਿਲਾਵਾਂ ਦਾ ਇੱਕ ਛੋਟਾ ਜਿਹਾ ਗਰੁੱਪ ਹੀ ਆਪਣੇ ਅੱਤਿਅਚਾਰੀਆਂ ਖ਼ਿਲਾਫ ਆਵਾਜ਼ ਉਠਾਉਣ ਦੀ ਦਲੇਰੀ ਕਰਦਾ ਹੈ।ਜੇਕਰ ਆਵਾਜ਼ ਉਠਾਉਣ ਵਾਲੀਆਂ ਇਹਨਾਂ ਔਰਤਾਂ ਨੂੰ ਵੀ ਅਜਿਹੇ ਬਹਾਨਿਆਂ ਨਾਲ ਦਬਾ ਦਿੱਤਾ ਜਾਵੇ ਕਿ ਇਸ ਸੰਬੰਧੀ ਲਿਖ਼ਤੀ ਸ਼ਿਕਾਇਤ ਨਹੀਂ ਆਈ ਜਾਂ ਇਸ ਮਸਲੇ ਬਾਰੇ ਪੀੜਤ ਅਤੇ ਅੱਤਿਅਚਾਰੀ ਵਿਚਕਾਰ ਰਾਜ਼ੀਨਾਮਾ ਹੋ ਚੁੱਕਿਆ ਹੈ ਤਾਂ ਔਰਤਾਂ ਦੀ ਸੁਰੱਖਿਆ ਲਈ ਹਰ ਥਾਂ ਖਤਰਾ ਖੜ੍ਹਾ ਹੋ ਜਾਵੇਗਾ।ਅਕਾਲੀ ਆਗੂ ਨੇ ਕਿਹਾ ਕਿ ਆਓ ਸਾਰੀਆਂ ਔਰਤਾਂ ਸਿਆਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਇਹ ਯਕੀਨੀ ਬਣਾਈਏ ਕਿ ਪੀੜਤਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇ।
-PTCNews