ਕੋਰੋਨਾ ਵਾਇਰਸ ਦਾ ਕਹਿਰ, ਸਪੇਨ ਅਤੇ ਈਰਾਨ ‘ਚ 24 ਘੰਟੇ ‘ਚ 100 ਤੋਂ ਵੱਧ ਮੌਤਾਂ, ਪੜ੍ਹੋ ਹੋਰ ਜਾਣਕਾਰੀ

Coronavirus: Spain reports 2,000 new COVID-19 cases and 100 deaths And Iran 113 Deaths in One day
ਕੋਰੋਨਾ ਵਾਇਰਸ ਦਾ ਕਹਿਰ, ਸਪੇਨ ਅਤੇ ਈਰਾਨ 'ਚ 24 ਘੰਟੇ 'ਚ 100 ਤੋਂ ਵੱਧ ਮੌਤਾਂ, ਪੜ੍ਹੋ ਹੋਰ ਜਾਣਕਾਰੀ 

ਕੋਰੋਨਾ ਵਾਇਰਸ ਦਾ ਕਹਿਰ, ਸਪੇਨ ਅਤੇ ਈਰਾਨ ‘ਚ 24 ਘੰਟੇ ‘ਚ 100 ਤੋਂ ਵੱਧ ਮੌਤਾਂ, ਪੜ੍ਹੋ ਹੋਰ ਜਾਣਕਾਰੀ:ਪੈਰਿਸ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਦੇ ਰੋਜਾਨਾਂ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਸਪੇਨ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਲਗਭਗ 2000 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦਕਿ ਪਿਛਲੇ 24 ਘੰਟਿਆਂ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਇਟਲੀ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਯੂਰਪ ਦਾ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ। ਸਪੇਨ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਵਾਇਰਸ ਪਾਜੀਟਿਵ ਲੋਕਾਂ ਦੀ ਗਿਣਤੀ 7,753 ਤੱਕ ਪਹੁੰਚ ਗਈ ਹੈ ਅਤੇ 288 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਤੋਂ ਬਾਅਦ ਹੁਣ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਦੀ ਪਤਨੀ ਬੇਗੋਨਾ ਗੋਮੇਜ਼ ਵੀ ਕੋਵਿਡ-19 ਪਾਜੀਟਿਵ ਪਾਈ ਗਈ ਹੈ। ਸਪੇਨ ਨੇ ਇਹ ਐਲਾਨ ਬੀਤੀ ਸਨਿੱਚਰਵਾਰ ਦੇਰ ਰਾਤ ਕੀਤਾ ਹੈ,ਜਦੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਦੇਸ਼ ਨੂੰ ਲਗਭਗ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਸੀ।

ਦੂਜੇ ਪਾਸੇ ਈਰਾਨ ‘ਚ ਕੋਰੋਨਾ ਵਾਇਰਸ ਕਾਰਨ ਇੱਕ ਦਿਨ ‘ਚ 113 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ ਨੇ ਇਹ ਜਾਣਕਾਰੀ ਐਤਵਾਰ ਨੂੰ ਦਿੱਤੀ ਹੈ। ਈਰਾਨ ‘ਚ ਕੁਲ ਮੌਤਾਂ ਦੀ ਗਿਣਤੀ 724 ਹੋ ਗਈ ਹੈ, ਜਦਕਿ ਅੱਜ 1209 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੇ ਚੱਲਦਿਆਂ ਫਰਾਂਸ ‘ਚ ਇੱਕੋ ਦਿਨ 29 ਲੋਕਾਂ ਦੀ ਮੌਤ ਹੋ ਗਈ। ਇੱਕ ਦਿਨ ‘ਚ ਹੋਈਆਂ ਮੌਤਾਂ ਦਾ ਇਹ ਫਰਾਂਸ ‘ਚ ਸਭ ਤੋਂ ਵੱਡਾ ਅੰਕੜਾ ਹੈ।

ਦੱਸ ਦੇਈਏ ਕਿ ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 169,610 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 6,518 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ‘ਚ 110 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 1,809 ਹੋ ਗਈ ਹੈ।
-PTCNews