Fri, Apr 26, 2024
Whatsapp

ਟੈਲੀਕਾਮ ਵਿਭਾਗ ਵੱਲੋਂ ਮੁਫ਼ਤ ਇੰਟਰਨੈੱਟ ਦੇਣ ਦੇ ਮੈਸੇਜ ਦੀ ਜਾਣੋ ਸੱਚਾਈ

Written by  Panesar Harinder -- April 23rd 2020 04:55 PM
ਟੈਲੀਕਾਮ ਵਿਭਾਗ ਵੱਲੋਂ ਮੁਫ਼ਤ ਇੰਟਰਨੈੱਟ ਦੇਣ ਦੇ ਮੈਸੇਜ ਦੀ ਜਾਣੋ ਸੱਚਾਈ

ਟੈਲੀਕਾਮ ਵਿਭਾਗ ਵੱਲੋਂ ਮੁਫ਼ਤ ਇੰਟਰਨੈੱਟ ਦੇਣ ਦੇ ਮੈਸੇਜ ਦੀ ਜਾਣੋ ਸੱਚਾਈ

ਨਵੀਂ ਦਿੱਲੀ : ਦੇਸ਼ ਵਿਆਪੀ ਲੌਕਡਾਊਨ ਦੀ ਵਜ੍ਹਾ ਨਾਲ ਲੋਕ ਆਪਣੇ ਘਰਾਂ ਤੋਂ ਕੰਮ ਕਰ ਰਹੇ ਹਨ ਅਤੇ ਇਸ ਕਾਰਨ ਇੰਟਰਨੈੱਟ ਡੇਟਾ ਦੀ ਮੰਗ ਖ਼ੂਬ ਵਧੀ ਹੈ। ਅਜਿਹੇ ਵਿਚ ਜੀਓ (Jio) ਏਅਰਟੈੱਲ (Airtel) ਬੀ.ਐੱਸ.ਐੱਨ.ਐੱਲ. (BSNL) ਤੇ ਵੋਡਾਫ਼ੋਨ (Vodafone) ਤੇ ਆਈਡੀਆ (Idea) ਵਰਗੀਆਂ ਟੈਲੀਕਾਮ ਕੰਪਨੀਆਂ ਇੱਕ ਤੋਂ ਬਾਅਦ ਇੱਕ ਅਜਿਹੇ ਪਲਾਨ ਗ੍ਰਾਹਕਾਂ ਸਾਹਮਣੇ ਪੇਸ਼ ਕਰ ਰਹੀਆਂ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਡਬਲ ਡੇਟਾ ਸਮੇਤ ਹੋਰ ਬਹੁਤ ਸਾਰੇ ਫ਼ਾਇਦਿਆਂ ਦੀ ਆਫ਼ਰ ਦਿੱਤੀ ਜਾ ਰਹੀ ਹੈ। ਇਨ੍ਹਾਂ ਆਫ਼ਰਾਂ ਦੇ ਨਾਲ ਹੀ ਅੱਜਕਲ੍ਹ ਇੱਕ ਮੈਸੇਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਮੈਸੇਜ 'ਚ 3 ਮਈ ਤੱਕ ਲੋਕਾਂ ਨੂੰ ਮੁਫ਼ਤ ਅਨਲਿਮਟਿਡ ਇੰਟਰਨੈੱਟ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਮੈਸੇਜ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਮੁਫ਼ਤ ਇੰਟਰਨੈੱਟ ਟੈਲੀਕਾਮ ਵਿਭਾਗ ਵੱਲੋਂ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਨਾਲ ਹੀ ਇਸ ਨੂੰ ਹਾਸਲ ਕਰਨ ਲਈ ਇਕ ਲਿੰਕ 'ਤੇ ਕਲਿੱਕ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਮੈਸੇਜ 'ਚ ਲਿਖਿਆ ਹੈ ਕਿ ਭਾਰਤੀ ਟੈਲੀਕਾਮ ਵਿਭਾਗ ਮੁਫ਼ਤ ਇੰਟਰਨੈੱਟ ਦੇ ਰਿਹਾ ਹੈ ਜਿਸ ਦੀ ਆਖ਼ਰੀ ਤਾਰੀਕ 3 ਮਈ ਹੈ।

ਇਸ ਮੈਸੇਜ ਨੂੰ ਪੜ੍ਹਨ ਉਪਰੰਤ ਇਸ ਦਾ ਉਲੱਥਾ ਕੁਝ ਇਸ ਤਰ੍ਹਾਂ ਦਾ ਹੈ -

COVID-19 ਤਹਿਤ ਭਾਰਤੀ ਦੂਰਸੰਚਾਰ ਵਿਭਾਗ ਦਾ ਐਲਾਨ ਕੋਰੋਨਾ ਮਹਾਮਾਰੀ ਕਾਰਨ 3 ਮਈ 2020 ਤੱਕ ਲਾਕਡਾਊਨ ਕਾਰਨ ਭਾਰਤੀ ਟੈਲੀਕਾਮ ਵਿਭਾਗ ਨੇ ਆਪਣੇ ਸਾਰੇ ਮੋਬਾਈਲ ਯੂਜ਼ਰਜ਼ ਨੂੰ ਮੁਫ਼ਤ ਇੰਟਰਨੈੱਟ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਤੁਸੀਂ ਘੜ ਬੈਠੇ ਆਪਣੇ ਕੰਮ ਕਰ ਸਕੋ। ਕਿਰਪਾ ਘਰ 'ਚ ਹੀ ਰਹੋ ਤੇ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕੋ। ਇਸ ਤੋਂ ਬਾਅਦ ਦਿੱਤੇ ਨੋਟ ਵਿੱਚ ਕਿਹਾ ਗਿਆ ਹੈ ਕਿ ਹੇਠਾਂ ਦਿੱਤੇ ਗਏ ਲਿੰਕ 'ਤੇ ਕਲਿੱਕ ਕਰ ਕੇ ਮੁਫ਼ਤ ਰਿਚਾਰਜ ਪਾ ਸਕਦੇ ਹੋ।

ਇਹ ਹੈ ਇਸ ਮੈਸੇਜ ਦੀ ਸੱਚਾਈ -

ਇਸ ਵਾਇਰਲ ਹੋ ਰਹੇ ਮੈਸੇਜ ਨੂੰ ਲੈ ਕੇ ਪ੍ਰੈੱਸ ਇਨਫਾਰਮੇਸ਼ਨ ਬਿਊਰੋ ਨੇ ਬਿਆਨ ਜਾਰੀ ਕਰ ਕੇ ਇਸ ਨੂੰ ਫਰਜ਼ੀ ਕਰਾਰ ਦਿੱਤਾ ਹੈ। ਪੀਆਈਬੀ ਨੇ ਕਿਹਾ ਹੈ ਕਿ ਟੈਲੀਕਾਮ ਡਿਪਾਰਟਮੈਂਟ 3 ਮਈ ਤੱਕ ਉਪਭੋਗਤਾਵਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੁਫ਼ਤ ਡੇਟਾ ਨਹੀਂ ਦੇ ਰਿਹਾ। ਇਹ ਦਾਅਵਾ ਪੂਰੀ ਤਰ੍ਹਾਂ ਨਾਲ ਫ਼ਰਜ਼ੀ ਤੇ ਭਰਮਾਊ ਹੈ। ਹੋ ਸਕਦਾ ਹੈ ਕਿ ਇਹ ਮੈਸੇਜ ਸਾਈਬਰ ਠੱਗਾਂ ਦੇ ਕਿਸੇ ਗਿਰੋਹ ਨੇ ਵਾਇਰਲ ਕੀਤਾ ਹੋਵੇ। ਇਸ ਵਿੱਚ ਦਿੱਤੇ ਲਿੰਕ ਉੱਤੇ ਕਲਿੱਕ ਕਰਨਾ ਬਹੁਤ ਮਹਿੰਗਾ ਪੈ ਸਕਦਾ ਹੈ ਕਿਉਂ ਕਿ ਇਸ ਰਾਹੀਂ ਫ਼ੋਨ ਵਿੱਚ ਰੱਖਿਆ ਨਿੱਜੀ ਡਾਟਾ, ਬੈਂਕ ਅਕਾਊਂਟ ਸੰਬੰਧੀ ਜਾਣਕਾਰੀ ਆਦਿ ਤੱਕ ਪਹੁੰਚ ਕਰ ਲਏ ਜਾਣ ਦੀ ਵੀ ਗੁੰਜਾਇਸ਼ ਹੋ ਸਕਦੀ ਹੈ। ਇਸ ਕਰਕੇ ਇਹ ਮੈਸੇਜ ਜਿਨ੍ਹਾਂ ਨੂੰ ਵੀ ਮਿਲਿਆ ਹੈ ਉਹ ਇਸ 'ਤੇ ਬਿਲਕੁਲ ਵੀ ਯਕੀਨ ਨਾ ਕਰਨ ਕਿਉਂਕਿ ਇਸ ਫਰਜ਼ੀ ਹੈ ਤੇ ਉਸ 'ਤੇ ਯਕੀਨ ਕਰਕੇ ਕੀਤਾ ਇੱਕ ਕਲਿੱਕ ਕਿਸੇ ਨੂੰ ਬਹੁਤ ਭਾਰੀ ਪੈ ਸਕਦਾ ਹੈ।

  • Tags

Top News view more...

Latest News view more...